ਪੰਜਾਬ ਵਿਧਾਨ ਸਭਾ ਚੋਣਾਂ: ਐਗਜ਼ਿਟ ਪੋਲ ਅਨੁਸਾਰ ਆਏ ਨਤੀਜੇ ਤਾਂ ਪੰਜਾਬ ’ਚ ਫੇਲ ਸਾਬਿਤ ਹੋਵੇਗਾ ਡੇਰਾ ਫੈਕਟਰ

Wednesday, Mar 09, 2022 - 12:41 PM (IST)

ਪੰਜਾਬ ਵਿਧਾਨ ਸਭਾ ਚੋਣਾਂ: ਐਗਜ਼ਿਟ ਪੋਲ ਅਨੁਸਾਰ ਆਏ ਨਤੀਜੇ ਤਾਂ ਪੰਜਾਬ ’ਚ ਫੇਲ ਸਾਬਿਤ ਹੋਵੇਗਾ ਡੇਰਾ ਫੈਕਟਰ

ਜਲੰਧਰ (ਅਨਿਲ ਪਾਹਵਾ)- ਪੰਜਾਬ ’ਚ ਵਿਧਾਨ ਸਭਾ ਚੋਣਾਂ ਦੇ ਨਤੀਜੇ 10 ਮਾਰਚ ਨੂੰ ਆਉਣਗੇ। ਉਸ ਤੋਂ ਪਹਿਲਾਂ ਵੱਖ-ਵੱਖ ਚੈਨਲਾਂ ਨੇ ਸਰਵੇ ਕੰਪਨੀਆਂ ਨਾਲ ਮਿਲ ਕੇ ਐਗਜ਼ਿਟ ਪੋਲ ’ਚ ਸੰਭਾਵਨਾਵਾਂ ਨੂੰ ਸਾਫ਼ ਕੀਤਾ ਹੈ। ਲੋਕਾਂ ਨਾਲ ਗੱਲਬਾਤ ਦੇ ਆਧਾਰ ’ਤੇ ਇਹ ਸਰਵੇ ਕੀਤੇ ਗਏ ਹਨ, ਜਿਸ ’ਚ ਸਾਰੀਆਂ ਪਾਰਟੀਆਂ ਨੂੰ ਮਿਲਣ ਵਾਲੀਆਂ ਸੰਭਾਵਿਕ ਸੀਟਾਂ ਦਾ ਬਿਓਰਾ ਜਾਰੀ ਕੀਤਾ ਗਿਆ ਹੈ। ਇਸ ਬਿਓਰੇ ਅਨੁਸਾਰ ਪੰਜਾਬ ’ਚ ਆਮ ਆਦਮੀ ਪਾਰਟੀ ਸਭ ਤੋਂ ਅੱਗੇ ਹੈ, ਜਦਕਿ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਇਸ ਦੌੜ ’ਚ ਕਾਫ਼ੀ ਪਿੱਛੇ ਹਨ, ਜੇਕਰ ਆਮ ਆਦਮੀ ਪਾਰਟੀ ਇਨ੍ਹਾਂ ਸੰਭਾਵਨਾਵਾਂ ਅਨੁਸਾਰ ਹੀ ਆਖ਼ਰੀ ਨਤੀਜੇ ’ਚ ਸੀਟਾਂ ਹਾਸਲ ਕਰਨ ’ਚ ਸਫ਼ਲ ਰਹਿੰਦੀ ਹੈ ਤਾਂ ਪੰਜਾਬ ’ਚ ਹੁਣ ਤੱਕ ਚੋਣਾਂ ’ਤੇ ਹਾਵੀ ਰਹਿਣ ਵਾਲਾ ਡੇਰਾ ਫੈਕਟਰ ਫੇਲ ਸਾਬਿਤ ਹੋਵੇਗਾ। ਪੰਜਾਬ ਦੀ ਰਾਜਨੀਤੀ ’ਚ ਇਨ੍ਹਾਂ ਡੇਰਿਆਂ ਨੇ ਸਮੇਂ-ਸਮੇਂ ’ਤੇ ਅਹਿਮ ਭੂਮਿਕਾ ਨਿਭਾਈ ਹੈ। ਇਸ ਵਾਰ ਦੀਆਂ ਚੋਣਾਂ ’ਚ ਵੀ ਰਾਜਨੀਤਕ ਦਲਾਂ ਨੇ ਡੇਰਿਆਂ ਦੀਆਂ ਵੋਟਾਂ ਲਈ ਖ਼ੂਬ ਕੋਸ਼ਿਸ਼ਾਂ ਕੀਤੀਆਂ ਪਰ ਜੇਕਰ ਆਮ ਆਦਮੀ ਪਾਰਟੀ ਸਫ਼ਲਤਾ ਹਾਸਲ ਕਰਦੀ ਹੈ ਤਾਂ ਇਹ ਗੱਲ ਸਾਫ਼ ਹੋ ਜਾਵੇਗੀ ਦੀ ਪੰਜਾਬ ਦੇ ਲੋਕਾਂ ਨੇ ਇਸ ਵਾਰ ਡੇਰਾ ਫੈਕਟਰ ਨਾ ਮੰਨਦੇ ਹੋਏ ਆਪਣੀ ਮਰਜ਼ੀ ਅਨੁਸਾਰ ਵੋਟਾਂ ਪਾਈਆਂ ਹਨ।

‘ਆਪ’ ਨੇ ਬਣਾਈ ਰੱਖੀ ਦੂਰੀ
ਪੰਜਾਬ ’ਚ ਸਾਰੇ ਰਾਜਨੀਤਕ ਦਲਾਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਡੇਰਾ ਵੋਟਾਂ ’ਤੇ ਡੋਰੇ ਪਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ। ਕੁਝ ਨੇਤਾ ਡੇਰਿਆਂ ’ਚ ਜਾ ਕੇ ਨਤਮਸਤਕ ਹੋਏ ਤਾਂ ਉੱਥੇ ਹੀ ਕੁਝ ਨੇਤਾਵਾਂ ਨੇ ਡੇਰਾ ਮੁਖੀਆਂ ਨਾਲ ਬੈਠਕਾਂ ਕਰਕੇ ਡੇਰਾ ਵੋਟ ’ਚ ਸੰਨ੍ਹ ਲਾਉਣ ਦੀ ਕੋਸ਼ਿਸ਼ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਤੋਂ ਲੈ ਕੇ ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ, ਸੁਖਬੀਰ ਬਾਦਲ, ਕੈਪਟਨ ਅਮਰਿੰਦਰ ਸਿੰਘ ਤੱਕ ਸਾਰਿਆਂ ਨੇ ਡੇਰਾ ਵੋਟ ਲਈ ਆਪਣੀ-ਆਪਣੀ ਰਣਨੀਤੀ ਅਨੁਸਾਰ ਯੋਜਨਾ ਨੂੰ ਨੇਪਰੇ ਚਾੜ੍ਹਿਆ ਪਰ ਆਮ ਆਦਮੀ ਪਾਰਟੀ ਇਸ ਡੇਰਾ ਫੈਕਟਰ ਤੋਂ ਕੁਝ ਹੱਦ ਤੱਕ ਦੂਰ ਰਹੀ। ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਡੇਰਿਆਂ ਨਾਲ ਜੇਕਰ ਮੁਲਾਕਾਤ ਵੀ ਕੀਤੀ ਤਾਂ ਉਸ ਨੂੰ ਗੁਪਤ ਰੱਖਿਆ ਗਿਆ। ਖੁੱਲ੍ਹੇ ਤੌਰ ’ਤੇ ‘ਆਪ’ ਦੇ ਨੇਤਾ ਡੇਰਿਆਂ ’ਚ ਨਹੀਂ ਦਿਸੇ।

ਇਹ ਵੀ ਪੜ੍ਹੋ: ਯੂਕ੍ਰੇਨ 'ਚ ਪਾਣੀ ਖ਼ਰੀਦਣ ਲਈ ਨਕਦੀ ਨਹੀਂ, ATM ਕਾਰਡ ਬੰਦ, ਜਾਣੋ ਕਿਹੜੇ ਹਾਲਾਤ 'ਚੋਂ ਲੰਘ ਰਹੇ ਨੇ ਵਿਦਿਆਰਥੀ

ਪੰਜਾਬ ’ਚ ਡੇਰਾ ਫੈਕਟਰ
ਪੰਜਾਬ ਭਰ ’ਚ ਕਰੀਬ 10,000 ਡੇਰੇ ਹਨ, ਜੋ ਸਮਾਜਿਕ ਤੌਰ ’ਤੇ ਕਾਫ਼ੀ ਮਹੱਤਵਪੂਰਨ ਹਨ। ਇਨ੍ਹਾਂ ਡੇਰਿਆਂ ਨਾਲ ਲੱਖਾਂ ਲੋਕ ਜੁੜੇ ਹੋਏ ਹਨ। ਇਨ੍ਹਾਂ ਡੇਰਿਆਂ ਨੇ ਹਮੇਸ਼ਾ ਹੀ ਚੋਣਾਂ ’ਚ ਅਹਿਮ ਭੂਮਿਕਾ ਨਿਭਾਈ ਹੈ। ਇਨ੍ਹਾਂ ’ਚੋਂ ਕਰੀਬ 300 ਡੇਰੇ ਅਜਿਹੇ ਹਨ, ਜੋ ਹਰ ਵਾਰ ਚੋਣਾਂ ’ਚ ਐਕਟਿਵ ਹੁੰਦੇ ਹਨ ਅਤੇ ਪਾਰਟੀਆਂ ਦੇ ਨੇਤਾ ਵੀ ਇਨ੍ਹਾਂ ਡੇਰਿਆਂ ਨੂੰ ਸਮੇਂ-ਸਮੇਂ ’ਤੇ ਆਪਣੇ ਵੱਲੋਂ ਆਕਰਸ਼ਿਤ ਕਰਨ ਲਈ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ। ਉਂਝ ਦੱਸਿਆ ਜਾਂਦਾ ਹੈ ਕਿ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ’ਚੋਂ ਕਰੀਬ 93 ਸੀਟਾਂ ’ਤੇ ਡੇਰਿਆਂ ਦਾ ਫੈਕਟਰ ਚੱਲਦਾ ਹੈ ਪਰ ਜੇਕਰ ਇਸ ਵਾਰ ਆਮ ਆਦਮੀ ਪਾਰਟੀ ਸੱਤਾ ’ਚ ਆਉਣ ’ਚ ਸਫ਼ਲ ਰਹਿੰਦੀ ਹੈ ਤਾਂ ਡੇਰਾ ਫੈਕਟਰ ਸਬੰਧੀ ਬਣਨ ਵਾਲੀ ਰਣਨੀਤੀ ਫਲਾਪ ਸਾਬਿਤ ਹੋਵੇਗੀ। ਪੰਜਾਬ ’ਚ ਵੋਟਰਾਂ ਦੀ ਗਿਣਤੀ 2.12 ਕਰੋੜ ਹੈ। ਇਕ ਅੰਦਾਜ਼ੇ ਅਨੁਸਾਰ 53 ਲੱਖ ਲੋਕ ਇਨ੍ਹਾਂ ਡੇਰਿਆਂ ਨਾਲ ਜੁੜੇ ਹੋਏ ਹਨ। ਕੁੱਲ ਵੋਟ ਦਾ ਇਹ ਕਰੀਬ 25 ਫ਼ੀਸਦੀ ਬਣਦਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ’ਚ ਵੱਖ-ਵੱਖ ਡੇਰਿਆਂ ਦੀਆਂ ਤਕਰੀਬਨ 1.13 ਲੱਖ ਬ੍ਰਾਂਚਾਂ ਹਨ।

ਮਾਲਵਾ ’ਚ ਡੇਰੇ ਦਾ ਫੈਕਟਰ
ਪੰਜਾਬ ’ਚ ਡੇਰਾ ਸੱਚਾ ਸੌਦਾ, ਡੇਰਾ ਬੱਲਾਂ, ਡੇਰਾ ਬਿਆਸ, ਸੰਤ ਨਿਰੰਕਾਰੀ ਮਿਸ਼ਨ, ਨਾਮਧਾਰੀ ਡੇਰਾ ਅਤੇ ਦਿਵਯ ਜੋਤੀ ਜਾਗ੍ਰਿਤੀ ਸੰਸਥਾਨ 6 ਮੁੱਖ ਡੇਰੇ ਸਭ ਤੋਂ ਵੱਧ ਮਹੱਤਵਪੂਰਨ ਹਨ। ਡੇਰਾ ਸੱਚਾ ਸੌਦਾ ਦੀਆਂ ਪੰਜਾਬ ’ਚ ਕਰੀਬ 10,000 ਬ੍ਰਾਂਚਾਂ ਹਨ। ਭਾਰਤ ਭਰ ’ਚ ਇਸ ਡੇਰੇ ਦੇ 6 ਕਰੋੜ ਸ਼ਰਧਾਲੂ ਦੱਸੇ ਜਾਂਦੇ ਹਨ। ਮਾਲਵੇ ਦੀਆਂ 35 ਤੋਂ 40 ਸੀਟਾਂ ’ਤੇ ਇਸ ਡੇਰੇ ਦਾ ਬੇਹੱਦ ਜ਼ਿਆਦਾ ਪ੍ਰਭਾਵ ਹੈ। ਕਿਹਾ ਜਾਂਦਾ ਹੈ ਕਿ ਜਿੰਨ੍ਹੇ ਇਸ ਡੇਰੇ ਨੂੰ ਸੰਨ੍ਹ ਲਾ ਲਈ, ਉਹ ਸੱਤਾ ’ਚ ਆਵੇਗਾ ਹੀ। ਮਾਲਵਾ ’ਚ ਕੁੱਲ 69 ਸੀਟਾਂ ਹਨ ਪਰ ਜੋ ਐਗਜ਼ਿਟ ਪੋਲ ਆਏ ਹਨ, ਉਨ੍ਹਾਂ ’ਚ ਤਕਰੀਬਨ 40 ਫ਼ੀਸਦੀ ਸੀਟਾਂ ‘ਆਪ’ ਦੇ ਖ਼ਾਤੇ ’ਚ ਦੱਸੀਆਂ ਜਾ ਰਹੀਆਂ ਹਨ । ਇਸ ਦਾ ਸਿੱਧਾ ਮਤਲਬ ਹੈ ਕਿ ਮਾਲਵਾ ’ਚ ਵੀ ਡੇਰਾ ਫੈਕਟਰ ਸਫ਼ਲ ਹੁੰਦਾ ਨਹੀਂ ਦਿਸ ਰਿਹਾ।

ਮਾਝੇ ’ਚ ਕਿੰਨਾ ਅਸਰ
ਪੰਜਾਬ ਦੇ ਮਾਝਾ ਰਿਜਨ ’ਚ 25 ਵਿਧਾਨ ਸਭਾ ਸੀਟਾਂ ਹਨ। ਇਸ ਰਿਜਨ ’ਚ ਕਈ ਡੇਰਿਆਂ ਦਾ ਥੋੜ੍ਹਾ-ਥੋੜ੍ਹਾ ਪ੍ਰਭਾਵ ਹੈ। ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਮਾਝੇ ਦੀਆਂ 5 ਤੋਂ 6 ਸੀਟਾਂ ’ਤੇ ਪਰਭਾਵ ਪਾਉਂਦਾ ਹੈ ਜਦਕਿ ਨਾਮਧਾਰੀ ਡੇਰੇ ਦਾ ਰਿਜਨ ਦੀ 4 ਤੋਂ 5 ਸੀਟਾਂ ’ਤੇ ਸਿੱਧਾ ਪ੍ਰਭਾਵ ਹੈ। ਪਿਛਲੀਆਂ ਚੋਣਾਂ ’ਚ ਉਮੀਦਵਾਰਾਂ ਦੀ ਖੇਡ ਬਣਾਉਣ ਅਤੇ ਵਿਗਾੜਨ ’ਚ ਇਨ੍ਹਾਂ ਡੇਰਿਆਂ ਨੇ ਅਹਿਮ ਭੂਮਿਕਾ ਨਿਭਾਈ ਪਰ ਇਸ ਵਾਰ ਹਾਲਾਤ ਕੁਝ ਵੱਖ-ਵੱਖ ਹੀ ਰਹੇ ਹਨ। ਇਸ ਤੋਂ ਇਲਾਵਾ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਵਾਲੀ ਇਸ ਬੈਲਟ ’ਚ ਰਾਧਾ ਸੁਆਮੀ ਡੇਰੇ ਦਾ ਖ਼ਾਸਾ ਪ੍ਰਭਾਵ ਹੈ। ਇਹ 15 ਤੋਂ 20 ਸੀਟਾਂ ’ਤੇ ਆਪਣਾ ਪ੍ਰਭਾਵ ਰੱਖਦੇ ਹਨ।

ਦੋਆਬਾ ’ਚ ਡੇਰਿਆਂ ਦਾ ਪ੍ਰਭਾਵ
ਪੰਜਾਬ ਦੇ ਦੋਆਬਾ ਰਿਜਨ ’ਚ ਜਲੰਧਰ, ਕਪੂਰਥਲਾ, ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ਇਲਾਕੇ ਆਉਂਦੇ ਹਨ। ਇਨ੍ਹਾਂ ਖੇਤਰਾਂ ’ਚ ਰਾਧਾ ਸੁਆਮੀ ਬਿਆਸ, ਸੱਚਖੰਡ ਬੱਲਾਂ, ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਆਦਿ ਦਾ ਮੁੱਖ ਪ੍ਰਭਾਵ ਹੈ। ਸੱਚਖੰਡ ਬੱਲਾਂ ਦੋਆਬਾ ਖੇਤਰ ਦੀ 10 ਤੋਂ 12 ਸੀਟਾਂ ’ਤੇ ਮੁੱਖ ਪ੍ਰਭਾਵ ਰੱਖਦਾ ਹੈ, ਜਦਕਿ ਦਿਵਯ ਜੋਤੀ ਜਾਗ੍ਰਿਤੀ ਸੰਸਥਾਨ 2 ਤੋਂ 3 ਸੀਟਾਂ ’ਤੇ ਆਪਣਾ ਅਹਿਮ ਪ੍ਰਭਾਵ ਰੱਖਦੇ ਹੈ। ਪਿਛਲੀਆਂ ਚੋਣਾਂ ’ਚ ਇਨ੍ਹਾਂ ਡੇਰੋਂ ਨੇ ਆਪਣੀ ਅਹਿਮ ਭੂਮਿਕਾ ਨਿਭਾਈ ਤੇ ਨੇਤਾਵਾਂ ਦੀ ਖੇਡ ਬਣਾਉਣ ਤੇ ਵਿਗਾੜਨ ਦਾ ਪੂਰਾ ਪ੍ਰਬੰਧ ਕੀਤਾ ਪਰ ਇਸ ਵਾਰ ਤਸਵੀਰ ਕੁਝ ਵੱਖ ਬਣਦੀ ਵਿਖਾਈ ਦੇ ਰਹੀ ਹੈ।

ਡੇਰਿਆਂ ਦੇ ਐਲਾਨ
ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਰੇ ਡੇਰਿਆਂ ਨੇ ਖੁੱਲ੍ਹ ਕੇ ਕਿਸੇ ਪਾਰਟੀ ਨੂੰ ਸਮਰਥਨ ਦੇਣ ਤੋਂ ਖ਼ੁਦ ਨੂੰ ਦੂਰ ਰੱਖਿਆ ਪਰ ਅੰਦਰਖ਼ਾਤੇ ਸ਼ਰਧਾਲੂਆਂ ਨੂੰ ਸੁਨੇਹੇ ਜਾਰੀ ਹੁੰਦੇ ਰਹੇ। ਕਿਸੇ ਡੇਰੇ ਨੇ ਕਾਂਗਰਸ ਨੂੰ ਤਾਂ ਕਿਸੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਜਿੱਤ ਦਿਵਾਉਣ ਲਈ ਵੋਟਾਂ ਪਾਉਣ ਲਈ ਕਿਹਾ। ਸਾਲ 2007 ਦੀਆਂ ਚੋਣਾਂ ਵਿਚ ਡੇਰਾ ਸੱਚਾ ਸੌਦਾ ਸੁਰਖੀਆਂ ’ਚ ਆਇਆ ਸੀ, ਉਦੋਂ ਇਸ ਡੇਰੇ ਨੇ ਖੁੱਲ੍ਹ ਕੇ ਕਾਂਗਰਸ ਦਾ ਸਮਰਥਨ ਕੀਤਾ ਸੀ, ਜਿਸ ਕਾਰਨ ਅਕਾਲੀ ਦਲ ਦੀ ਸਰਕਾਰ ਨੂੰ 21 ਸੀਟਾਂ ’ਤੇ ਹਾਰ ਮਿਲੀ ਸੀ।

ਇਹ ਵੀ ਪੜ੍ਹੋ: ਜਲੰਧਰ ਵਿਖੇ ਨਿੱਜੀ ਹਸਪਤਾਲ ਦੀ ਨਰਸ ਨੇ ਕੀਤੀ ਖ਼ੁਦਕੁਸ਼ੀ, ਹੋਸਟਲ ਦੇ ਕਮਰੇ ’ਚ ਲਟਕਦੀ ਮਿਲੀ ਲਾਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News