ਜ਼ਿਲ੍ਹਾ ਕਪੂਰਥਲਾ ’ਚ ਕੁੱਲ 65.7 ਫ਼ੀਸਦੀ ਵੋਟਿੰਗ, ਪਹਿਲੀ ਵਾਰ ਵੋਟ ਪਾਉਣ ਵਾਲਿਆਂ ''ਚ ਦਿਸਿਆ ਉਤਸ਼ਾਹ

Monday, Feb 21, 2022 - 01:44 PM (IST)

ਕਪੂਰਥਲਾ (ਮਹਾਜਨ)- ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਖੇਤਰਾਂ ’ਚ ਸਵੇਰੇ ਪੋਲਿੰਗ ਬਹੁਤ ਘੱਟ ਰਫ਼ਤਾਰ ਨਾਲ ਹੁੰਦੀ ਵੇਖੀ ਗਈ। ਬੇਸ਼ੱਕ ਚੋਣ ਕਮਿਸ਼ਨ ਨੇ ਪੋਲਿਮਗ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਦਾ ਰੱਖਿਆ ਹੋਇਆ ਸੀ ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਉਸੇ ਤਰ੍ਹਾਂ ਪੋਲਿੰਗ ਪ੍ਰਕਿਰਿਆ ’ਚ ਤੇਜ਼ੀ ਆਉਂਦੀ ਗਈ। ਦੁਪਹਿਰ 3 ਵਜੇ ਤੱਕ ਕਪੂਰਥਲਾ ਵਿਧਾਨ ਸਭਾ ਖੇਤਰ ’ਚ 46.3 ਫ਼ੀਸਦੀ ਤੋਂ ਜ਼ਿਆਦਾ ਪੋਲਿੰਗ ਹੋਈ, ਜਦਕਿ ਸਭ ਤੋਂ ਜ਼ਿਆਦਾ ਪੋਲਿੰਗ ਸੁਲਤਾਨਪੁਰ ਲੋਧੀ ’ਚ 55.09 ਫ਼ੀਸਦੀ ਪੋਲਿੰਗ ਦਰਜ ਹੋਈ।

ਇਹ ਵੀ ਵੇਖਿਆ ਗਿਆ ਕਿ ਚੋਣ ਕਮਿਸ਼ਨ ਦੀ ਸਖ਼ਤੀ ਕਾਰਨ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਅਤੇ ਵਰਕਰ ਪਹਿਲਾਂ ਦੀ ਤਰ੍ਹਾਂ ਬੂਥ ਪੱਧਰ ’ਤੇ ਕਾਰਜਸ਼ੀਲ ਨਹੀਂ ਵਿਖਾਈ ਦਿੱਤੇ। ਬੂਥਾਂ ਦੇ ਬਾਹਰ ਵੀ ਰਾਜਨੀਤਿਕ ਪਾਰਟੀਆਂ ਵੱਲੋਂ ਵੋਟਰਾਂ ਨੂੰ ਲੁਭਾਉਣ ਲਈ ਕੋਈ ਉਤਸ਼ਾਹ ਨਜ਼ਰ ਨਹੀਂ ਆ ਰਿਹਾ ਸੀ। ਸਾਰੇ ਬੂਥਾਂ ’ਤੇ ਸੁਰੱਖਿਆ ਦੇ ਪ੍ਰਬੰਧ ਸਖ਼ਤ ਨਜ਼ਰ ਆਏ ਅਤੇ ਕਿਤੇ ਵੀ ਕੋਈ ਅਣਸੁਖਾਂਵੀ ਘਟਨਾ ਨਜ਼ਰ ਨਹੀਂ ਆਈ। ਬੇਸ਼ੱਕ 3 ਵਜੇ ਤੱਕ ਜ਼ਿਲ੍ਹਾ ਕਪੂਰਥਲਾ ’ਚ 46.3 ਫ਼ੀਸਦੀ ਵੋਟਿੰਗ ਹੋਈ ਪਰ ਸਵੇਰ ਤੋਂ ਵੋਟਿੰਗ ਘੱਟ ਰਫ਼ਤਾਰ ਨਾਲ ਹੋਈ। ਸਵੇਰੇ 9 ਵਜੇ ਤੱਕ ਕਪੂਰਥਲਾ ਵਿਧਾਨ ਸਭਾ ਹਲਕੇ ’ਚ 5.2 ਫ਼ੀਸਦੀ, ਭੁਲੱਥ ਵਿਧਾਨ ਸਭਾ ਹਲਕੇ ’ਚ 5 ਫ਼ੀਸਦੀ, ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ’ਚ 4.6 ਫ਼ੀਸਦੀ ਅਤੇ ਫਗਵਾੜਾ ਵਿਧਾਨ ਸਭਾ ਹਲਕੇ ’ਚ 5.3 ਫ਼ੀਸਦੀ  ਵੋਟਿੰਗ ਹੋਈ। ਜਦਕਿ ਦੁਪਹਿਰ 11 ਵਜੇ ਤੱਕ ਭੁਲੱਥ ਵਿਧਾਨ ਸਭਾ ’ਚ ਕੁੱਲ 15.3 ਫ਼ੀਸਦੀ , ਕਪੂਰਥਲਾ ਵਿਧਾਨ ਸਭਾ ਹਲਕੇ ’ਚ 13.2 ਫ਼ੀਸਦੀ , ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ’ਚ 21.29 ਫ਼ੀਸਦੀ ਅਤੇ ਫਗਵਾੜਾ ਵਿਧਾਨ ਸਭਾ ਹਲਕੇ ’ਚ 14.7 ਫ਼ੀਸਦੀ  ਪੋਲਿੰਗ ਹੋਈ।

ਇਹ ਵੀ ਪੜ੍ਹੋ: ਗੜ੍ਹਸ਼ੰਕਰ ਦੇ ਦੋ ਪਿੰਡਾਂ 'ਚ ਨਹੀਂ ਪਈ ਇਕ ਵੀ ਵੋਟ, ਜਾਣੋ ਕੀ ਰਿਹਾ ਕਾਰਨ

PunjabKesari

ਇਸੇ ਤਰ੍ਹਾਂ ਸ਼ਾਮ 6 ਵਜੇ ਤੱਕ ਕਪੂਰਥਲਾ ਵਿਧਾਨ ਸਭਾ ਹਲਕੇ ’ਚ 64.1 ਫ਼ੀਸਦੀ, ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ’ਚ 71.3 ਫ਼ੀਸਦੀ , ਫਗਵਾੜਾ ਵਿਧਾਨ ਸਭਾ ਹਲਕੇ ’ਚ 63.3 ਫ਼ੀਸਦੀ ਅਤੇ ਭੁਲੱਥ ਵਿਧਾਨ ਸਭਾ ਹਲਕੇ ’ਚ 65 ਫ਼ੀਸਦੀ ਪੋਲਿੰਗ ਹੋਈ। ਜ਼ਿਲਾ ਕਪੂਰਥਲਾ ’ਚ ਕੁੱਲ ਵੋਟਿੰਗ 65.7 ਫ਼ੀਸਦੀ  ਹੋਈ।

ਜ਼ਿਕਰਯੋਗ ਹੈ ਕਿ ਜਿੱਥੇ ਵੋਟਰਾਂ ਨੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਉਤਸ਼ਾਹ ਨਾਲ ਕੀਤੀ, ਉੱਥੇ ਹੀ ਇਸ ਵਾਰ ਪਹਿਲੀ ਵਾਰ ਵੋਟ ਪਾਉਣ ਵਾਲੇ ਮੁੰਡੇ-ਕੁੜੀਆਂ ’ਚ ਵੋਟ ਪਾਉਣ ਦੇ ਲਈ ਭਾਰੀ ਉਤਸ਼ਾਹ ਨਜ਼ਰ ਆਇਆ। ਜਿਨ੍ਹਾਂ ਮੁੰਡੇ-ਕੁੜੀਆਂ ਨੇ ਪਹਿਲੀ ਵਾਰ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ, ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਪ੍ਰਸ਼ੰਸਾ ਪੱਤਰ ਵੀ ਦਿੱਤੇ ਗਏ।

ਵੋਟਿੰਗ ਨੂੰ ਲੈ ਕੇ ਸੁਰੱਖਿਆ ਦੇ ਸਨ ਪੂਰੇ ਪ੍ਰਬੰਧ
ਚੋਣ ਕਮਿਸ਼ਨ ਦੇ ਹੁਕਮਾਂ ’ਤੇ ਪੋਲਿੰਗ ਪ੍ਰਕਿਰਿਆ ਨੂੰ ਸਫ਼ਲਤਾਪੂਰਵਕ ਸੰਪਨ ਬਣਾਉਣ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਯਤਨ ਕੀਤੇ ਗਏ ਸਨ। ਪੋਲਿੰਗ ਪ੍ਰਕਿਰਿਆ ਸ਼ੁਰੂ ਹੋਣ ’ਤੇ ਅੰਤਿਮ ਸਮੇਂ ਤੱਕ ਅਜਿਹੀ ਕੋਈ ਵੀ ਘਟਨਾ ਦੇਖਣ ਨੂੰ ਨਹੀਂ ਮਿਲੀ, ਜਿਸ ਨਾਲ ਕਿ ਚੋਣ ਪ੍ਰਕਿਰਿਆ ’ਚ ਕੋਈ ਵਿਘਨ ਪਵੇ। ਇਸ ਤੋਂ ਇਲਾਵਾ ਪੋਲਿੰਗ ਸਟੇਸ਼ਨਾਂ ’ਤੇ ਆਉਣ ਵਾਲੇ ਬਜ਼ੁਰਗਾਂ ਤੇ ਅੰਗਹੀਣਾਂ ਦੇ ਲਈ ਵਿਸ਼ੇਸ਼ ਤੌਰ ’ਤੇ ਜੋ ਇੰਤਜ਼ਾਮ ਕੀਤੇ ਗਏ ਸੀ, ਉਹ ਸ਼ਲਾਘਾਯੋਗ ਸਨ। ਇਸ ਤੋਂ ਇਲਾਵਾ ਪੋਲਿੰਗ ਸਟੇਸ਼ਨਾਂ ’ਤੇ ਆਉਣ ਵਾਲੇ ਲਾੜੇ ਅਤੇ ਲਾੜੀ ਨੂੰ ਪਹਿਲ ਦੇ ਆਧਾਰ ’ਤੇ ਵੋਟ ਪਾਉਣ ਦਾ ਮੌਕਾ ਦਿੱਤਾ ਗਿਆ।

ਇਹ ਵੀ ਪੜ੍ਹੋ: ਜਨਮਦਿਨ ਵਾਲੇ ਦਿਨ ਘਰ ’ਚ ਛਾਇਆ ਮਾਤਮ, ਮਕਸੂਦਾਂ ਵਿਖੇ 14 ਸਾਲਾ ਕੁੜੀ ਨੇ ਕੀਤੀ ਖ਼ੁਦਕੁਸ਼ੀ

PunjabKesari

ਸੈਲਫ਼ੀ ਪੁਆਇੰਟ ’ਤੇ ਮੁੰਡੇ-ਕੁੜੀਆਂ ਨੇ ਲਈਆਂ ਸੈਲਫ਼ੀਆਂ
ਚੋਣ ਕਮਿਸ਼ਨ ਦੇ ਹੁਕਮਾਂ ’ਤੇ ਜ਼ਿਲ੍ਹੇ ’ਚ ਸਾਰੇ ਪੋਲਿੰਗ ਸਟੇਸ਼ਨਾਂ ’ਤੇ ‘ਸ਼ੇਰਾ’ ਸੈਲਫ਼ੀ ਪੁਆਇੰਟ ਬਣਾਏ ਗਏ। ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਪੋਲਿੰਗ ਸਟੇਸ਼ਨਾਂ ਦਾ ਜਾਇਜ਼ਾ ਲੈਣ ਦੇ ਬਾਅਦ ਇਨ੍ਹਾਂ ਸੈਲਫ਼ੀ ਪੁਆਇੰਟਾਂ ’ਤੇ ਸੈਲਫ਼ੀ ਵੀ ਲਈ। ਇਸ ਤੋਂ ਇਲਾਵਾ ਕਈ ਮੁੰਡੇ-ਕੁੜੀਆਂ ਨੇ ਵਿਕਟਰੀ ਦਾ ਨਿਸ਼ਾਨ ਬਣਾਉਂਦੇ ਹੋਏ ‘ਸ਼ੇਰਾ’ ਸੈਲਫ਼ੀ ਪੁਆਇੰਟ ’ਤੇ ਸੈਲਫੀ ਲਈ ਤੇ ਸੋਸ਼ਲ ਮੀਡੀਆ ’ਤੇ ਅਪਲੋਡ ਕਰਕੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਸੰਦੇਸ਼ ਸਾਰਿਆਂ ਨੂੰ ਦਿੱਤਾ।

ਜ਼ਿਲ੍ਹੇ ’ਚ ਕੁੱਲ 793 ਬਣਾਏ ਗਏ ਸੀ ਪੋਲਿੰਗ ਬੂਥ
ਚੋਣ ਕਮਿਸ਼ਨ ਦੇ ਹੁਕਮਾਂ ’ਤੇ ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ ਕਪੂਰਥਲਾ, ਫਗਵਾੜਾ, ਭੁਲੱਥ ਅਤੇ ਸੁਲਤਾਨਪੁਰ ਲੋਧੀ ’ਚ ਚੋਣ ਪ੍ਰਕਿਰਿਆ ਨੂੰ ਸ਼ਾਂਤੀਪੂਰਵਕ ਸਫਲ ਬਣਾਉਣ ਦੇ ਲਈ ਜ਼ਿਲ੍ਹਾ ਚੋਣ ਅਧਿਕਾਰੀ ਦੀਪਤੀ ਉੱਪਲ ਵੱਲੋਂ ਪੂਰੇ ਜ਼ਿਲ੍ਹੇ ’ਚ ਕੁੱਲ 793 ਪੋਲਿੰਗ ਬੂਥ ਬਣਾਏ ਗਏ ਸੀ। ਜਿਸ ’ਚ ਕਪੂਰਥਲਾ ’ਚ 196, ਫਗਵਾੜਾ ’ਚ 227, ਭੁਲੱਥ ’ਚ 175 ਅਤੇ ਸੁਲਤਾਨਪੁਰ ਲੋਧੀ ’ਚ 195 ਬੂਥ ਬਣਾਏ ਗਏ। ਇਨ੍ਹਾਂ ਸਾਰੇ ਪੋਲਿੰਗ ਬੂਥਾਂ ‘ਤੇ ਕਰੀਬ 4000 ਚੋਣ ਸਟਾਫ ਨੂੰ ਤਾਇਨਾਤ ਕੀਤਾ ਗਿਆ।

PunjabKesari

24 ਮਾਡਲ ਪੋਲਿੰਗ ਬੂਥ ਅਤੇ 20 ਬੂਥਾਂ ’ਤੇ ਸਿਰਫ਼ ਮਹਿਲਾ ਸਟਾਫ਼ ਰਿਹਾ ਤਾਇਨਾਤ
ਵੋਟਾਂ ’ਚ ਉਤਸ਼ਾਹ ਪੈਦਾ ਕਰਨ ਦੇ ਲਈ ਚੋਣ ਕਮਿਸ਼ਨ ਦੇ ਹੁਕਮਾਂ ’ਤੇ ਜ਼ਿਲ੍ਹੇ ’ਚ 24 ਮਾਡਲ ਪੋਲਿੰਗ ਬੂਥ ਬਣਾਏ ਗਏ। ਇਨ੍ਹਾਂ ਮਾਡਲ ਪੋਲਿੰਗ ਬੂਥਾਂ ’ਤੇ ਚੋਣ ਮਿੱਤਰਾਂ ਵੱਲੋਂ ਨਵੇਂ ਵੋਟਰਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ। ਇਸ ਤੋਂ ਇਲਾਵਾ ਵੋਟਰਾਂ ਦੇ ਬੈਠਣ, ਪੀਣ ਵਾਲੇ ਪਾਣੀ, ਰੰਗੋਲੀ ਪੰਡਾਲ ਆਦਿ ਵੀ ਲਗਾਏ ਗਏ, ਜੋ ਕਿ ਵੋਟਰਾਂ ਨੂੰ ਕਾਫ਼ੀ ਆਕਰਸ਼ਿਤ ਕਰ ਰਹੇ ਸੀ। ਇਸ ਤੋਂ ਇਲਾਵਾ ਜ਼ਿਲ੍ਹੇ ’ਚ 20 ਅਜਿਹੇ ਵੀ ਪੋਲਿੰਗ ਬੂਥ ਬਣਾਏ ਗਏ। ਜਿਨ੍ਹਾਂ ਉੱਪਰ ਸਿਰਫ਼ ਮਹਿਲਾਵਾਂ ਹੀ ਤਾਇਨਾਤ ਸਨ। ਚਾਰੇ ਵਿਧਾਨ ਸਭਾ ਹਲਕਿਆਂ ਕਪੂਰਥਲਾ, ਫਗਵਾੜਾ, ਭੁਲੱਥ ਅਤੇ ਸੁਲਤਾਨਪੁਰ ਲੋਧੀ ’ਚ 5-5 ਅਜਿਹੇ ਬੂਥ ਬਣਾਏ ਗਏ। ਅਜਿਹੇ ਪੋਲਿੰਗ ਬੂਥਾਂ ਨੂੰ ਪਿੰਕ ਬੂਥ ਦਾ ਨਾਮ ਦਿੱਤਾ ਗਿਆ ਸੀ, ਜੋ ਕਿ ਪਿੰਕ ਰੰਗ ਦੇ ਗੁਬਾਰਿਆਂ ਨਾਲ ਸਜੇ ਹੋਏ ਸੀ।

ਇਹ ਵੀ ਪੜ੍ਹੋ: ਜਾਖੜ ਦੇ ਵਿਰੋਧੀ ਧਿਰਾਂ 'ਤੇ ਗੰਭੀਰ ਦੋਸ਼, ਅਬੋਹਰ ’ਚ ਮੋਦੀ, ਕੇਜਰੀਵਾਲ ਤੇ ਬਾਦਲ ਨੇ ਆਪਸ ’ਚ ਮਿਲਾ ਲਏ ਸਨ ਹੱਥ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News