ਪੰਜਾਬ ਵਿਧਾਨ ਸਭਾ ਚੋਣਾਂ : ਉਮੀਦਵਾਰ ਨਹੀਂ ਕਰ ਸਕਣਗੇ 30.80 ਲੱਖ ਰੁਪਏ ਤੋਂ ਵਧੇਰੇ ਖ਼ਰਚਾ

Saturday, Dec 25, 2021 - 12:05 PM (IST)

ਪੰਜਾਬ ਵਿਧਾਨ ਸਭਾ ਚੋਣਾਂ : ਉਮੀਦਵਾਰ ਨਹੀਂ ਕਰ ਸਕਣਗੇ 30.80 ਲੱਖ ਰੁਪਏ ਤੋਂ ਵਧੇਰੇ ਖ਼ਰਚਾ

ਮੋਗਾ (ਗੋਪੀ ਰਾਊਕੇ) : ਭਾਰਤੀ ਚੋਣ ਕਮਿਸ਼ਨ ਵੱਲੋਂ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ 2022 ਦੌਰਾਨ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਚੋਣ ਖ਼ਰਚਿਆਂ 'ਤੇ ਤਿੱਖੀ ਨਜ਼ਰ ਰੱਖੀ ਜਾਵੇਗੀ। ਇਕ ਉਮੀਦਵਾਰ ਆਪਣੀ ਚੋਣ ਮੁਹਿੰਮ 'ਤੇ ਵੱਧ ਤੋਂ ਵੱਧ 30.80 ਲੱਖ ਰੁਪਏ ਹੀ ਖ਼ਰਚ ਕਰ ਸਕੇਗਾ। ਇਸ ਬਾਰੇ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਹੁਣੇ ਤੋਂ ਹੀ ਆਗਾਹ ਕੀਤਾ ਜਾ ਰਿਹਾ ਹੈ। ਇਸ ਸਬੰਧੀ ਮੀਟਿੰਗ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਹਰਚਰਨ ਸਿੰਘ ਦੀ ਅਗਵਾਈ ਵਿਚ ਹੋਈ, ਜਿਸ ਵਿਚ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦਾ ਭਰੋਸਾ ਦਿੱਤਾ।

ਇਹ ਵੀ ਪੜ੍ਹੋ : ਲੁਧਿਆਣਾ ਧਮਾਕਾ : ਬੰਬਰ ਗੱਗੀ ਦੇ ਗ੍ਰਿਫ਼ਤਾਰ ਸਾਥੀਆਂ ਨੇ ਉਗਲੇ ਵੱਡੇ ਰਾਜ਼, ਧਮਾਕੇ ਵਾਲੀ ਸਮੱਗਰੀ ਬਾਰੇ ਕੀਤਾ ਖ਼ੁਲਾਸਾ

ਹਰਚਰਨ ਸਿੰਘ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣਾਂ ਵਿਚ ਉਮੀਦਵਾਰਾਂ ਵੱਲੋਂ ਕੀਤੇ ਜਾਂਦੇ ਬੇਹਤਾਸ਼ਾ ਖ਼ਰਚੇ ਨੂੰ ਘੱਟ ਕਰਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਮੀਦਵਾਰ ਰੈਲੀਆਂ, ਪ੍ਰਚਾਰ ਸਮੱਗਰੀ, ਇਸ਼ਤਿਹਾਰਬਾਜ਼ੀ, ਗੱਡੀਆਂ ਅਤੇ ਚੋਣਾਂ ਲਈ ਜ਼ਰੂਰੀ ਹੋਰ ਫੁਟਕਲ ਕੰਮਾਂ 'ਤੇ ਹੀ ਖ਼ਰਚ ਸਕਣਗੇ। ਇਸ ਲਈ ਉਨ੍ਹਾਂ ਨੂੰ ਨਾਮਜ਼ਦਗੀ ਪੱਤਰ ਭਰਨ ਤੋਂ ਇਕ ਦਿਨ ਪਹਿਲਾਂ ਆਪਣੇ ਨਾਂ 'ਤੇ ਜਾਂ ਆਪਣੇ ਚੋਣ ਏਜੰਟ ਨਾਲ ਸਾਂਝਾ ਬੈਂਕ ਜਾਂ ਪੋਸਟਲ ਖਾਤਾ ਖੁੱਲ੍ਹਵਾਉਣਾ ਪਵੇਗਾ। ਉਮੀਦਵਾਰ ਸਾਰਾ ਚੋਣ ਖ਼ਰਚਾ ਇਸੇ ਖਾਤੇ ਵਿੱਚੋਂ ਕਰ ਸਕਣਗੇ। 10 ਹਜ਼ਾਰ ਰੁਪਏ ਤੱਕ ਦੀ ਅਦਾਇਗੀ ਨਕਦੀ ਕੀਤੀ ਜਾ ਸਕੇਗੀ, ਜਦੋਂਕਿ ਇਸ ਤੋਂ ਵੱਧ ਰਾਸ਼ੀ ਚੈੱਕ ਰਾਹੀਂ ਕਰਨੀ ਪਵੇਗੀ।

ਇਹ ਵੀ ਪੜ੍ਹੋ : ਲੁਧਿਆਣਾ ਧਮਾਕੇ ਦੇ ਖ਼ਾਲਿਸਤਾਨ ਨਾਲ ਜੁੜੇ ਤਾਰ, ਬੱਬਰ ਖ਼ਾਲਸਾ ਨੇ ਗੈਂਗਸਟਰ ਰਿੰਦਾ ਨਾਲ ਮਿਲ ਕੇ ਕੀਤਾ ਬਲਾਸਟ

ਉਨ੍ਹਾਂ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਚੋਣਾਂ ਦੌਰਾਨ ਵੋਟਾਂ ਲੈਣ ਲਈ ਗੈਰ-ਕਾਨੂੰਨੀ ਤਰੀਕੇ ਜਿਵੇਂ ਕਿ ਸ਼ਰਾਬ ਅਤੇ ਨਸ਼ਿਆਂ ਦੀ ਵੰਡ, ਨਕਦੀ ਦੀ ਵੰਡ, ਤੋਹਫ਼ਿਆਂ ਦੀ ਵੰਡ ਆਦਿ ਨਾ ਕੀਤੀ ਜਾਵੇ। ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਖ਼ਰਚੇ ’ਤੇ ਨਿਗਰਾਨੀ ਰੱਖਣ ਲਈ, ਜਿੱਥੇ ਚੋਣ ਕਮਿਸ਼ਨ ਵੱਲੋਂ ਵਿਸ਼ੇਸ਼ ਖ਼ਰਚਾ ਨਿਗਰਾਨ ਭੇਜੇ ਜਾਣਗੇ, ਉੱਥੇ ਹੀ ਸਥਾਨਕ ਪੱਧਰ 'ਤੇ ਵੀ ਕਈ ਟੀਮਾਂ ਦਾ ਗਠਨ ਕੀਤਾ ਜਾ ਰਿਹਾ ਹੈ। ਉਮੀਦਵਾਰਾਂ ਵੱਲੋਂ ਜੋ ਵੀ ਖ਼ਰਚਾ ਕੀਤਾ ਜਾਵੇਗਾ, ਉਸਦਾ ਵੇਰਵਾ ਰੋਜ਼ਾਨਾ ਖ਼ਰਚਾ ਰਜਿਸਟਰ ਵਿਚ ਦਰਜ ਕਰਨਾ ਹੋਵੇਗਾ। ਦੂਜੇ ਪਾਸੇ ਚੋਣ ਕਮਿਸ਼ਨ ਵੱਲੋਂ ਗੁਪਤ ਰਜਿਸਟਰ ਵਿਚ ਵੀ ਇਹੀ ਖ਼ਰਚਾ ਦਰਜ ਕੀਤਾ ਜਾਵੇਗਾ। ਦੋਵੇਂ ਰਜਿਸਟਰਾਂ ਦਾ ਖ਼ਰਚਾ ਆਪਸ ਵਿਚ ਮੇਲ ਖਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਲੁਧਿਆਣਾ ਬੰਬ ਧਮਾਕੇ ਮਗਰੋਂ ਪੰਜਾਬ 'ਚ ਸਖ਼ਤੀ, DGP ਨੇ ਪੁਲਸ ਅਧਿਕਾਰੀਆਂ ਨੂੰ ਦਿੱਤੇ ਖ਼ਾਸ ਨਿਰਦੇਸ਼

ਨਾਮਜ਼ਦਗੀ ਪੱਤਰ ਭਰਨ ਤੋਂ ਲੈ ਕੇ ਰਿਜ਼ਲਟ ਆਉਣ ਤੱਕ ਦੇ ਸਾਰੇ ਖ਼ਰਚੇ ਦੇ ਬਿੱਲ ਅਤੇ ਵਾਊਚਰ ਸੰਭਾਲ ਕੇ ਰੱਖਣੇ ਪੈਣਗੇ। ਹਰੇਕ ਖ਼ਰਚੇ ਦੀ ਪ੍ਰਵਾਨਗੀ ਸਬੰਧਿਤ ਰਿਟਰਨਿੰਗ ਅਫ਼ਸਰ ਤੋਂ ਲੈਣੀ ਲਾਜ਼ਮੀ ਹੋਵੇਗੀ। ਉਨ੍ਹਾਂ ਕਿਹਾ ਕਿ ਸਾਰਾ ਖ਼ਰਚਾ ਚੋਣ ਕਮਿਸ਼ਨ ਵੱਲੋਂ ਤੈਅ ਰੇਟਾਂ ਮੁਤਾਬਕ ਹੀ ਬੁੱਕ ਕੀਤਾ ਜਾਵੇਗਾ। ਖ਼ਰਚਾ ਨਿਗਰਾਨ ਪੂਰੀ ਚੋਣ ਪ੍ਰਕਿਰਿਆ ਦੌਰਾਨ ਖ਼ੁਦ ਤਿੰਨ ਵਾਰ ਹਰੇਕ ਉਮੀਦਵਾਰ ਦਾ ਚੋਣ ਖ਼ਰਚਾ ਰਜਿਸਟਰ ਚੈੱਕ ਕਰਨਗੇ। ਹਰਚਰਨ ਸਿੰਘ ਨੇ ਸਮੂਹ ਪਾਰਟੀ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦੇਣ। ਮੀਟਿੰਗ ਦੌਰਾਨ ਆਦਰਸ਼ ਚੋਣ ਜ਼ਾਬਤੇ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


author

Babita

Content Editor

Related News