ਕਿਸਾਨਾਂ ਦੇ ਕਰਜ਼ਾ ਮੁਆਫੀ ਦਾ ਨੋਟੀਫਿਕੇਸ਼ਨ 6 ਤੋਂ 8 ਹਫਤੇ 'ਚ ਜਾਰੀ ਹੋਵੇਗਾ : ਕੈਪਟਨ
Friday, Jun 23, 2017 - 09:32 AM (IST)
ਚੰਡੀਗੜ੍ਹ (ਭੁੱਲਰ)-ਪੰਜਾਬ ਦੇ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਨੇ ਕਰਜ਼ਾ ਮੁਆਫੀ ਦੇ ਐਲਾਨ ਸੰਬੰਧੀ ਵਿਰੋਧੀ ਧਿਰ ਵੱਲੋਂ ਜਤਾਈਆਂ ਜਾ ਰਹੀਆਂ ਸ਼ੰਕਾਵਾਂ ਦਾ ਜਵਾਬ ਦਿੰਦੇ ਹੋਏ ਅੱਜ ਵਿਧਾਨਸਭਾ 'ਚ ਇਸ ਯੋਜਨਾ ਬਾਰੇ ਸਥਿਤੀ ਪੂਰੀ ਸਪੱਸ਼ਟ ਕਰ ਦਿੱਤੀ ਹੈ। ਉਨ੍ਹਾਂ ਸਦਨ 'ਚ ਵਿਸ਼ੇਸ਼ ਬਿਆਨ ਦਿੰਦੇ ਹੋਏ ਕਿਹਾ ਕਿ ਵਿੱਤ ਮੰਤਰੀ ਵੱਲੋਂ ਕਰਜ਼ਾ ਮੁਆਫੀ ਸੰਬੰਧੀ ਬਜਟ 'ਚ ਤਜਵੀਜ਼ ਕੀਤੇ 1500 ਕਰੋੜ ਰੁਪਏ ਇਸ ਸਕੀਮ ਲਈ ਅਦਾ ਕੀਤੇ ਜਾਣ ਵਾਲੀ ਰਾਸ਼ੀ ਦੀ ਪਹਿਲੀ ਕਿਸ਼ਤ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਦਾ ਮੁਆਫ ਕੀਤਾ ਕਰਜ਼ਾ ਆਪਣੇ ਸਿਰ ਲਿਆ ਹੈ ਅਤੇ ਇਸ ਰਾਸ਼ੀ ਦੀ ਅਦਾਇਗੀ ਬੈਂਕਾਂ ਨੂੰ ਸਰਕਾਰ ਹੀ ਕਰੇਗੀ।
ਬੀਤੀ 19 ਜੂਨ ਨੂੰ ਵਿਧਾਨਸਭਾ 'ਚ ਕੀਤੇ ਐਲਾਨ ਨੂੰ ਦੁਹਰਾਉਂਦੇ ਹੋਏ ਕੈਪ. ਅਮਰਿੰਦਰ ਸਿੰਘ ਨੇ ਕਿਹਾ ਕਿ ਡਾ. ਟੀ. ਹੱਕ ਦੀ ਪ੍ਰਧਾਨਗੀ ਵਾਲੇ ਮਾਹਿਰਾਂ ਦੇ ਗਰੁੱਪ ਵੱਲੋਂ ਸੌਂਪੀ ਅੰਤਰਿਮ ਰਿਪੋਰਟ ਦੇ ਆਧਾਰ 'ਤੇ ਸਰਕਾਰ ਨੇ ਲਘੂ ਤੇ ਦਰਮਿਆਨੇ ਕਿਸਾਨਾਂ (ਪੰਜ ਏਕੜ ਤੱਕ) ਨੂੰ 2 ਲੱਖ ਰੁਪਏ ਦਾ ਸਮੁੱਚਾ ਕਰਜ਼ਾ ਮੁਆਫ ਕਰਨ ਦਾ ਫੈਸਲਾ ਕੀਤਾ ਹੈ। ਬੈਂਕਾਂ ਦੀ ਸੂਬਾ ਪੱਧਰੀ ਕਮੇਟੀ ਦੀ 31 ਮਾਰਚ 2017 ਦੀ ਰਿਪੋਰਟ ਦੇ ਅੰਕੜਿਆਂ ਮੁਤਾਬਕ ਇਸ ਫੈਸਲੇ ਨਾਲ 8.75 ਲੱਖ ਕਿਸਾਨਾਂ ਨੂੰ ਸਮੁੱਚੇ ਕਰਜ਼ੇ ਤੋਂ ਰਾਹਤ ਮਿਲੇਗੀ।
ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਕਰਜ਼ਾ ਮੁਆਫੀ ਸਕੀਮ ਨੂੰ ਪੂਰੀ ਤਰ੍ਹਾਂ ਅਮਲ 'ਚ ਲਿਆਉਣ ਲਈ 9500 ਕਰੋੜ ਰੁਪਏ ਦੀ ਕੁਲ ਰਾਸ਼ੀ ਦੀ ਲੋੜ ਹੈ ਤੇ ਬੈਂਕਾਂ 'ਚ ਇਸ ਨੂੰ ਨਿਪਟਾਉਣ ਲਈ 4 ਤੋਂ 5 ਸਾਲਾਂ ਦਾ ਸਮਾਂ ਲੱਗੇਗਾ। ਨਾਲ ਹੀ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਇਸ ਸਕੀਮ ਸੰਬੰਧੀ ਨੋਟੀਫਿਕੇਸ਼ਨ ਜਾਰੀ ਹੋਣ ਦੇ ਬਾਅਦ ਕਿਸਾਨ ਛੇਤੀ ਹੀ ਕਰਜ਼ੇ ਦੇ ਬੋਝ ਤੋਂ ਮੁਕਤ ਹੋ ਜਾਣਗੇ। ਇਹ ਨੋਟੀਫਿਕੇਸ਼ਨ 6 ਤੋਂ 8 ਹਫਤੇ 'ਚ ਜਾਰੀ ਹੋਣ ਦੀ ਸੰਭਾਵਨਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਡਾ. ਟੀ. ਹੱਕ ਦੀ ਪ੍ਰਧਾਨਗੀ ਵਾਲੇ ਮਾਹਿਰਾਂ ਦੇ ਗਰੁੱਪ ਨੂੰ ਆਪਣੀ ਅੰਤਰਿਮ ਰਿਪੋਰਟ ਸੌਂਪਣ ਲਈ ਹੁਣ 60 ਦਿਨਾਂ ਦਾ ਸਮਾਂ ਦਿੱਤਾ ਹੈ, ਜੋ ਇਨ੍ਹਾਂ 10.25 ਲੱਖ ਕਿਸਾਨਾਂ ਦੀ ਕਰਜ਼ਾ ਮੁਆਫੀ ਦੀ ਵਿਸਥਾਰਤ ਸਕੀਮ ਨੂੰ ਪੇਸ਼ ਕਰੇਗਾ। ਮੁੱਖ ਮੰਤਰੀ ਨੇ ਬਾਕੀ ਦਰਮਿਆਨੇ ਕਿਸਾਨਾਂ (2.5 ਏਕੜ ਤੱਕ) ਨੂੰ ਵੀ ਕਰਜ਼ੇ ਦੀ ਰਾਸ਼ੀ 'ਤੇ ਗੌਰ ਕੀਤੇ ਬਿਨਾਂ 2 ਲੱਖ ਰੁਪਏ ਦੀ ਰਾਹਤ ਦੇਣ ਦੇ ਫੈਸਲੇ ਨੂੰ ਦੁਹਰਾਇਆ ਤਾਂ ਜੋ ਇਸ ਨਾਲ ਵੀ ਦਰਮਿਆਨੇ ਕਿਸਾਨਾਂ ਨੂੰ ਰਾਹਤ ਮਿਲ ਸਕੇ। ਇਸ ਫੈਸਲੇ ਨਾਲ ਹੋਰ 150 ਲੱਖ ਦਰਮਿਆਨੇ ਕਿਸਾਨ ਕਰਜ਼ਾ ਮੁਆਫੀ ਦੀ ਸਕੀਮ ਅਧੀਨ ਆਉਣਗੇ। ਆਤਮਹੱਤਿਆ ਪੀੜਤ ਕਿਸਾਨ ਪਰਿਵਾਰਾਂ ਦਾ ਪੂਰਾ ਕਰਜ਼ਾ ਮੁਆਫ ਕੀਤਾ ਗਿਆ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਭੂਮੀਹੀਣ ਮਜ਼ਦੂਰਾਂ ਦਾ ਕਰਜ਼ਾ ਮੁਆਫ ਕਰਨ ਲਈ ਵੀ 5 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ।
ਸਿੱਖਿਆ ਸੰਬੰਧੀ ਕੀਤੇ ਗਏ ਐਲਾਨਾਂ ਬਾਰੇ ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਲਾਗੂ ਕਰਨ ਲਈ ਨਵੀਂ ਸਿੱਖਿਆ ਨੀਤੀ ਬਣਾਈ ਜਾ ਰਹੀ ਹੈ। ਮੁੱਖ ਮੰਤਰੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਮਹਾਰਾਣਾ ਪ੍ਰਤਾਪ ਚੇਅਰ ਸਥਾਪਿਤ ਕਰਨ ਦਾ ਵੀ ਐਲਾਨ ਕੀਤਾ।