ਚੰਡੀਗੜ੍ਹ ਪੁਲਸ ਕੋਲ ਪਹੁੰਚਿਆ ਸੀ. ਡੀ. ਦਾ ਮਾਮਲਾ
Thursday, Nov 30, 2017 - 06:53 AM (IST)
ਚੰਡੀਗੜ੍ਹ (ਸ਼ਰਮਾ) - ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੀ ਪਟੀਸ਼ਨ ਹਾਈਕੋਰਟ ਵੱਲੋਂ ਰੱਦ ਕਰਨ ਦੇ ਮਾਮਲੇ 'ਚ ਰਿਸ਼ਵਤ ਦੀ ਖੇਡ ਨੂੰ ਉਜਾਗਰ ਕਰਦੀ ਸੀ. ਡੀ. ਦਾ ਮਾਮਲਾ ਚੰਡੀਗੜ੍ਹ ਪੁਲਸ ਕੋਲ ਪਹੁੰਚ ਗਿਆ ਹੈ। ਬੁੱਧਵਾਰ ਦੁਪਹਿਰ ਬਾਅਦ ਖਹਿਰਾ ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਪ੍ਰਧਾਨਗੀ 'ਚ ਦੋਵਾਂ ਪਾਰਟੀਆਂ ਦੇ ਵਿਧਾਇਕਾਂ ਦੇ ਇਕ ਵਫਦ ਨੇ ਚੰਡੀਗੜ੍ਹ ਪੁਲਸ ਦੇ ਡੀ. ਆਈ. ਜੀ. ਡਾ. ਓ. ਪੀ. ਮਿਸ਼ਰਾ ਨੂੰ ਇਸ ਸਬੰਧ 'ਚ ਸ਼ਿਕਾਇਤ ਦਿੱਤੀ। ਸ਼ਿਕਾਇਤ 'ਚ ਮੰਗ ਕੀਤੀ ਗਈ ਹੈ ਕਿ ਉਕਤ ਆਡੀਓ ਸੀ. ਡੀ. 'ਚ ਉਜਾਗਰ ਹੋਏ ਤੱਥਾਂ ਦੇ ਆਧਾਰ 'ਤੇ ਐੱਫ. ਆਈ. ਆਰ. ਦਰਜ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਅੱਜ ਇਸ ਮਾਮਲੇ 'ਚ ਪੰਜਾਬ ਵਿਧਾਨ ਸਭਾ ਵੱਲੋਂ ਬੈਂਸ ਭਰਾਵਾਂ ਖਿਲਾਫ ਨਿੰਦਾ ਪ੍ਰਸਤਾਵ ਪਾਸ ਹੋਣ ਤੋਂ ਪਹਿਲਾਂ ਹੀ ਖਹਿਰਾ ਤੇ ਬੈਂਸ ਭਰਾ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨੋਟਿਸ 'ਚ ਇਹ ਮਾਮਲਾ ਲਿਆ ਕੇ ਜਾਂਚ ਦੀ ਮੰਗ ਕਰ ਚੁੱਕੇ ਹਨ। ਖਹਿਰਾ ਨੇ ਕਿਹਾ ਕਿ ਮਿਸ਼ਰਾ ਨੇ ਉਨ੍ਹਾਂ ਦੀ ਸ਼ਿਕਾਇਤ ਦੇ ਤੱਥਾਂ ਦੀ ਜਾਂਚ ਕਰ ਕੇ ਜਲਦ ਹੀ ਇਸ 'ਤੇ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਨਿੰਦਾ ਪ੍ਰਸਤਾਵ 'ਤੇ ਪੱਖ ਰੱਖਣ ਦਾ ਮੌਕਾ ਨਹੀਂ ਦਿੱਤਾ : ਸਿਮਰਜੀਤ ਸਿੰਘ ਬੈਂਸ : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਦੋਸ਼ ਲਾਇਆ ਕਿ ਸਦਨ 'ਚ ਉਨ੍ਹਾਂ ਵਿਰੁੱਧ ਪਾਸ ਕੀਤੇ ਗਏ ਨਿੰਦਾ ਪ੍ਰਸਤਾਵ ਨੂੰ ਪਾਸ ਕਰਨ ਤੋਂ ਪਹਿਲਾਂ ਨਾ ਤਾਂ ਸਦਨ 'ਚ ਬਹਿਸ ਕੀਤੀ ਗਈ ਤੇ ਨਾ ਹੀ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਗਿਆ, ਜਿਸ ਤੋਂ ਸਾਫ਼ ਹੈ ਕਿ ਨਿਆਂ ਪਾਲਿਕਾ ਸਾਹਮਣੇ ਉਨ੍ਹਾਂ ਦੇ ਅਕਸ ਨੂੰ ਖਰਾਬ ਕਰਨ ਤੇ ਖਹਿਰਾ ਨੂੰ ਸਿੱਧੇ ਤੌਰ 'ਤੇ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਕਿਸੇ ਵੀ ਪ੍ਰਸਤਾਵ ਨੂੰ ਸਦਨ 'ਚ ਚਰਚਾ ਤੋਂ ਬਾਅਦ ਹੀ ਪਾਸ ਜਾਂ ਰਿਜੈਕਟ ਕੀਤਾ ਜਾ ਸਕਦਾ ਹੈ ਪਰ ਉਨ੍ਹਾਂ ਵਿਰੁੱਧ ਪਾਸ ਇਸ ਪ੍ਰਸਤਾਵ ਤੋਂ ਪਹਿਲਾਂ ਉਨ੍ਹਾਂ ਨੂੰ ਆਪਣਾ ਪੱਖ ਤੱਕ ਰੱਖਣ ਦਾ ਮੌਕਾ ਨਹੀਂ ਦਿੱਤਾ ਗਿਆ।
