ਵਿਸ਼ੇਸ਼ ਇਜਲਾਸ ਦਾ ਅੱਜ ਆਖ਼ਰੀ ਦਿਨ, ਫਿਰ ਖੁੱਲ੍ਹੇਗੀ ਕਿਸਾਨਾਂ ਲਈ ਪਿਟਾਰੀ
Wednesday, Oct 21, 2020 - 09:20 AM (IST)
ਚੰਡੀਗੜ੍ਹ : ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦਾ ਅੱਜ ਤੀਜਾ ਅਤੇ ਆਖ਼ਰੀ ਦਿਨ ਹੈ। ਅੱਜ ਦੀ ਕਾਰਵਾਈ ਦੌਰਾਨ ਕਿਸਾਨਾਂ ਲਈ ਨਵੇਂ ਐਲਾਨ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਲੈਂਡ ਰੈਵਨਿਊ ਅਤੇ ਸਟੇਟ ਵਿਜੀਲੈਂਸ ਬਿੱਲ ਵੀ ਪੇਸ਼ ਕੀਤੇ ਜਾਣਗੇ। ਅੱਜ ਦੇ ਇਜਲਾਸ ਦੌਰਾਨ ਕਿਸਾਨਾਂ ਲਈ ਵੀ ਪਿਟਾਰੀ ਖੁੱਲ੍ਹਣ ਦੀ ਸੰਭਾਵਨਾ ਹੈ, ਕਿਉਂਕਿ ਅੱਜ ਦੀ ਕਾਰਵਾਈ 'ਚ ਕਿਸਾਨਾਂ ਲਈ ਵੀ ਕਈ ਤਰ੍ਹਾਂ ਦੇ ਐਲਾਨ ਕੀਤੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਬੀਤੇ ਦਿਨ ਸਦਨ ਦੀ ਕਾਰਵਾਈ ਦੌਰਾਨ ਬਿੱਲ ਪਾਸ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ ਸੀ। ਕੈਪਟਨ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਸਰਕਾਰ ਦੀ ਬਰਖ਼ਾਸਤਗੀ ਦਾ ਕੋਈ ਡਰ ਨਹੀਂ ਹੈ ਪਰ ਉਹ ਕਿਸਾਨਾਂ ਨਾਲ ਧੱਕਾ ਨਹੀਂ ਹੋਣ ਦੇਣਗੇ। ਕੈਪਟਨ ਨੇ ਕਿਹਾ ਸੀ ਕਿ ਕਾਂਗਰਸ ਸਰਕਾਰ ਹਮੇਸ਼ਾ ਕਿਸਾਨਾਂ ਨਾਲ ਖੜ੍ਹੀ ਹੈ ਅਤੇ ਜੇਕਰ ਸੰਘਰਸ਼ ਨੂੰ ਹੋਰ ਤਿੱਖਾ ਕਰਨਾ ਪਿਆ ਤਾਂ ਉਹ ਪਿੱਛੇ ਨਹੀਂ ਹਟਣਗੇ।