ਪੰਜਾਬ ਬਜਟ ਸੈਸ਼ਨ: ਸਦਨ ਦੀ ਕਾਰਵਾਈ 'ਚ ਇਕ ਦਿਨ ਦਾ ਵਾਧਾ
Wednesday, Feb 13, 2019 - 06:26 PM (IST)

ਚੰਡੀਗੜ੍ਹ— ਪੰਜਾਬ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ 'ਚ ਇਕ ਦਿਨ ਦਾ ਵਾਧਾ ਕੀਤਾ ਗਿਆ ਹੈ। ਹੁਣ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 21 ਫਰਵਰੀ ਦੀ ਬਜਾਏ 22 ਫਰਵਰੀ ਤੱਕ ਚੱਲੇਗਾ। ਦੱਸਣਯੋਗ ਹੈ ਕਿ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਨੂੰ ਵਧਾਉਣ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਦੇ ਚਲਦਿਆਂ ਅੱਜ ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ ਸਪੀਕਰ ਵੱਲੋਂ ਸਦਨ ਦੀ ਕਾਰਵਾਈ 'ਚ ਇਕ ਦਿਨ ਦਾ ਹੋਰ ਵਾਧਾ ਕੀਤਾ ਗਿਆ। ਇਸ ਬਾਰੇ ਫੈਸਲਾ ਵਿਧਾਨ ਸਭਾ ਦੀ ਕਾਰਜ ਸਲਾਹਕਾਰ ਕਮੇਟੀ 'ਚ ਕੀਤਾ ਗਿਆ। ਸਪੀਕਰ ਰਾਣਾ ਕੇ. ਪੀ. ਸਿੰਘ ਦੀ ਅਗਵਾਈ 'ਚ ਹੋਈ ਇਸ ਮੀਟਿੰਗ 'ਚ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ, ਕਾਂਗਰਸ ਦੇ ਮੈਂਬਰ ਮਨਪ੍ਰੀਤ ਬਾਦਲ, ਸਾਧੂ ਸਿੰਘ ਧਰਮਸੌਤ, ਕੁਸ਼ਲਦੀਪ ਸਿੰਘ ਢਿੱਲੋਂ, ਅਕਾਲੀ ਦਲ ਵੱਲੋਂ ਪਰਮਿੰਦਰ ਸਿੰਘ ਢੀਂਡਸਾ, ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਸ਼ਾਮਲ ਸਨ। ਇਹ ਸੈਸ਼ਨ ਪਹਿਲਾਂ 21 ਫਰਵਰੀ ਤਕ ਚੱਲਣਾ ਸੀ ਪਰ ਹੁਣ ਨਵੇਂ ਪ੍ਰੋਗਰਾਮ ਅਨੁਸਾਰ 22 ਫਰਵਰੀ ਨੂੰ ਸੈਸ਼ਨ ਚੱਲੇਗਾ। ਇਸ ਕਮੇਟੀ ਦੇ ਫੈਸਲੇ ਬਾਰੇ ਸਪੀਕਰ ਵਲੋਂ ਅੱਜ ਸਦਨ 'ਚ ਰੱਖੀ ਗਈ ਰਿਪੋਰਟ ਅਨੁਸਾਰ ਸੋਧੇ ਪ੍ਰੋਗਰਾਮ ਤਹਿਤ ਹੁਣ 20 ਫਰਵਰੀ ਨੂੰ ਸਿਰਫ ਬਾਅਦ ਦੁਪਹਿਰ ਇਕੋ ਬੈਠਕ ਹੋਵੇਗੀ, ਜਦਕਿ ਪਹਿਲਾਂ ਇਸ ਦਿਨ ਦੋ ਬੈਠਕਾਂ ਹੋਣੀਆਂ ਸਨ। ਇਸ ਨਾਲ ਹੁਣ ਬਜਟ 'ਤੇ ਬਹਿਸ ਲਈ ਦੋ ਦਿਨ ਮਿਲਣਗੇ, ਜਦਕਿ ਪਹਿਲਾਂ ਬਹਿਸ ਲਈ ਇਕ ਦਿਨ ਹੀ ਰੱਖਿਆ ਗਿਆ ਸੀ।