ਪੰਜਾਬ ਵਿਧਾਨ ਸਭਾ 'ਚ ਗੂੰਜਿਆ ਗੈਂਗਸਟਰ ਅੰਸਾਰੀ ਤੇ ਬਿਸ਼ਨੋਈ ਦਾ ਨਾਂ, ਆਪਸ 'ਚ ਭਿੜੇ ਹਰਜੋਤ ਬੈਂਸ ਤੇ ਬਾਜਵਾ

06/28/2022 3:22:29 PM

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਕਾਰਵਾਈ ਦੌਰਾਨ ਮਾਈਨਿੰਗ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਆਪਸ 'ਚ ਭਿੜ ਗਏ। ਹਰਜੋਤ ਬੈਂਸ ਨੇ ਕਿਹਾ ਕਿ ਭਾਰਤ ਦੇ ਨਾਮੀ ਗੈਂਗਸਟਰ ਮੁਖਤਾਰ ਅੰਸਾਰੀ ਨੂੰ 2 ਸਾਲ ਤਿੰਨ ਮਹੀਨੇ ਪੰਜਾਬ ਦੀ ਜੇਲ੍ਹ 'ਚ ਰੱਖਿਆ ਗਿਆ। ਉਸ 'ਤੇ ਜਾਅਲੀ ਐੱਫ. ਆਈ. ਆਰ. ਕੀਤੀ ਗਈ ਪਰ ਉਸ 'ਤੇ ਕੋਈ ਚਲਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਮੁਖਤਾਰ ਅੰਸਾਰੀ ਨੂੰ ਰੋਪੜ ਜੇਲ੍ਹ 'ਚ ਰੱਖਿਆ ਗਿਆ ਅਤੇ ਜਿਸ ਬੈਰਕ 'ਚ 25 ਬੰਦੇ ਆਉਣੇ ਚਾਹੀਦੇ ਸੀ, ਉਸ ਬੈਰਕ 'ਚ ਉਸ ਨੂੰ ਵੀ. ਆਈ. ਪੀ. ਟ੍ਰੀਟਮੈਂਟ ਦਿੱਤਾ ਗਿਆ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਸਰਕਾਰ ਦੀ ਐਕਸਾਈਜ਼ ਪਾਲਿਸੀ ਨੂੰ ਹਾਈਕੋਰਟ 'ਚ ਚੁਣੌਤੀ, ਅੱਜ ਹੋਵੇਗੀ ਸੁਣਵਾਈ

ਉਸ ਦੀ ਪਤਨੀ ਉਸ ਜੇਲ੍ਹ 'ਚ ਉਸ ਦੇ ਨਾਲ ਰਹਿੰਦੀ ਸੀ। ਉਨ੍ਹਾਂ ਕਿਹਾ ਕਿ ਯੂ. ਪੀ. ਦੀ ਸਰਕਾਰ ਨੇ 26 ਵਾਰ ਮੁਖਤਾਰ ਅੰਸਾਰੀ ਦਾ ਪ੍ਰੋਡਕਸ਼ਨ ਵਾਰੰਟ ਕੱਢਿਆ ਪਰ ਪੰਜਾਬ ਨੇ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਮੁਖਤਾਰ ਅੰਸਾਰੀ ਨੂੰ ਬਚਾਉਣ ਲਈ ਸੀਨੀਅਰ ਐਡਵੋਕੇਟ ਦੀ 11 ਲੱਖ ਰੁਪਏ ਪੇਸ਼ੀ ਦੀ ਇਕ ਦਿਨ ਦੀ ਫ਼ੀਸ ਸੀ। ਉਨ੍ਹਾਂ ਕਿਹਾ ਕਿ 55 ਲੱਖ ਦਾ ਬਿੱਲ ਸਾਡੀ ਸਰਕਾਰ ਨੂੰ ਆਇਆ ਹੋਇਆ ਹੈ ਅਤੇ ਇਹ ਪੈਸਾ ਅਸੀਂ ਕਿਉਂ ਦੇਈਏ। ਇਸ 'ਤੇ ਪ੍ਰਤਾਪ ਸਿੰਘ ਬਾਜਵਾ ਨੇ ਬੋਲਦਿਆਂ ਕਿਹਾ ਕਿ ਜੇਕਰ ਇਸ ਗੱਲ ਦਾ ਜਵਾਬ ਦੇਣ ਲੱਗ ਪਏ ਤਾਂ ਫਿਰ ਬਜਟ ਤੋਂ ਪਾਸੇ ਹੋ ਜਾਵਾਂਗੇ।

ਇਹ ਵੀ ਪੜ੍ਹੋ : ਡੇਰਾਬੱਸੀ 'ਚ ਨੌਜਵਾਨ 'ਤੇ ਗੋਲੀ ਚਲਾਉਣ ਵਾਲੇ ਪੁਲਸ ਮੁਲਾਜ਼ਮ 'ਤੇ ਵੱਡੀ ਕਾਰਵਾਈ, ਦਰਜ ਹੋਈ FIR

ਉਨ੍ਹਾਂ ਕਿਹਾ ਕਿ ਜੇਕਰ ਅਜਿਹੀ ਗੱਲ ਹੈ ਤਾਂ ਫਿਰ ਲਾਰੈਂਸ ਬਿਸ਼ਨੋਈ ਵੱਲ ਹੁੰਦੇ ਹਾਂ ਕਿ ਉਹ ਕਿਹੜੀ ਜੇਲ੍ਹ 'ਚ ਹੈ ਅਤੇ ਕੀ-ਕੀ ਕਰਦਾ ਹੈ। ਪ੍ਰਤਾਪ ਸਿੰਘ ਬਾਜਵਾ ਨੇ ਹਰਜੋਤ ਬੈਂਸ ਨੂੰ ਸਵਾਲ ਕੀਤਾ ਕਿ ਕੀ ਉਹ ਇਸ ਗੱਲ ਦਾ ਸਬੂਤ ਦੇ ਸਕਦੇ ਹਨ ਕਿ ਅੰਸਾਰੀ ਦੀ ਪਤਨੀ ਉਸ ਨਾਲ ਜੇਲ੍ਹ 'ਚ ਰਹਿੰਦੀ ਸੀ। ਉਨ੍ਹਾਂ ਕਿਹਾ ਕਿ ਜੇਕਰ ਇਹ ਗੱਲ ਸਾਬਿਤ ਨਾ ਹੋਈ ਤਾਂ ਹਰਜੋਤ ਬੈਂਸ ਨੂੰ ਅਸਤੀਫ਼ਾ ਦੇਣਾ ਪਵੇਗਾ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ 'ਚ ਮਾਈਨਿੰਗ 'ਤੇ ਜ਼ੋਰਦਾਰ ਬਹਿਸ, 'ਹਰਜੋਤ ਬੈਂਸ' ਨੇ ਰਾਜਾ ਵੜਿੰਗ ਨੂੰ ਘੇਰਿਆ

ਬਾਜਵਾ ਨੇ ਕਿਹਾ ਕਿ ਹਰਜੋਤ ਬੈਂਸ ਕਿਸੇ ਮੁਹੱਲਾ ਕਲੀਨਿਕ 'ਚ ਨਹੀਂ, ਸਗੋਂ ਪੰਜਾਬ ਵਿਧਾਨ ਸਭਾ 'ਚ ਬੈਠੇ ਹਨ। ਹਰਜੋਤ ਬੈਂਸ ਨੇ ਕਿਹਾ ਕਿ ਪੰਜਾਬ ਦਾ ਲਾਅ ਐਂਡ ਆਰਡਰ ਮੁਖਤਾਰ ਅੰਸਾਰੀ ਕਰਕੇ ਖ਼ਰਾਬ ਹੈ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੁਖਤਾਰ ਅੰਸਾਰੀ ਤੋਂ ਓਨਾ ਖ਼ਤਰਾ ਨਹੀਂ, ਜਿੰਨਾ ਕਿ ਲਾਰੈਂਸ ਬਿਸ਼ਨੋਈ ਤੋਂ ਹੈ। ਇਸ ਮੁੱਦੇ ਨੂੰ ਲੈ ਕੇ ਹਰਜੋਤ ਬੈਂਸ ਅਤੇ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਤਿੱਖੀ ਬਹਿਸ ਹੋਈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


Babita

Content Editor

Related News