ਪੰਜਾਬ ਯੂਨੀਵਰਿਸਟੀ ''ਚ ਬਿਨਾਂ ਪ੍ਰਵੇਸ਼ ਪ੍ਰੀਖਿਆ ਨਹੀਂ ਮਿਲੇਗਾ BA, LLB ਕੋਰਸ ''ਚ ਦਾਖ਼ਲਾ

Wednesday, Sep 30, 2020 - 01:32 PM (IST)

ਚੰਡੀਗੜ੍ਹ (ਹਾਂਡਾ) : ਪੰਜਾਬ ਯੂਨੀਵਰਸਿਟੀ 'ਚ ਹੁਣ ਬੀ. ਏ., ਐੱਲ. ਐੱਲ. ਬੀ. ਅਤੇ ਬੀ. ਕਾਮ., ਐੱਲ. ਐੱਲ. ਬੀ. ਦੇ 5 ਸਾਲਾ ਡਿਗਰੀ ਕੋਰਸ ਲਈ ਬਿਨਾਂ ਪ੍ਰਵੇਸ਼ ਪ੍ਰੀਖਿਆ ਦਾਖ਼ਲਾ ਨਹੀਂ ਮਿਲੇਗਾ ਅਤੇ ਨਾ ਹੀ 12ਵੀਂ ’ਚ ਲਏ ਗਏ ਨੰਬਰ ਦਾਖ਼ਲੇ ਦਾ ਆਧਾਰ ਹੋਣਗੇ। ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸ਼ਨਲ ਕੋਰਸ ’ਚ ਬਿਨਾਂ ਪ੍ਰਵੇਸ਼ ਪ੍ਰੀਖਿਆ ਐਡਮਿਸ਼ਨ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਗਈ ਸੀ, ਜਿਸ ਦੀ ਸੁਣਵਾਈ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਨੇ ਕੋਰਟ 'ਚ ਕਿਹਾ ਕਿ ਉਹ 3 ਦਿਨਾਂ ਅੰਦਰ ਆਪਣੇ ਹੁਕਮਾਂ ’ਤੇ ਮੁੜ ਵਿਚਾਰ ਕਰੇਗੀ।

ਅਦਾਲਤ ਨੇ ਪੰਜਾਬ ਯੂਨੀਵਰਸਿਟੀ ਦੇ ਰਿਪਲਾਈ ਤੋਂ ਬਾਅਦ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਪੀ. ਯੂ. ਨੂੰ ਕਿਹਾ ਹੈ ਕਿ ਹਾਈਕੋਰਟ ਦੇ 1 ਸਤੰਬਰ ਦੇ ਹੁਕਮਾਂ ’ਤੇ ਵੀ ਅਮਲ ਕੀਤਾ ਜਾਵੇ, ਜਿਸ 'ਚ ਹਾਈਕੋਰਟ ਨੇ ਪੀ. ਯੂ. ਨੂੰ ਉਸ ਦੇ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਲਈ ਕਿਹਾ ਸੀ। ਮੋਹਾਲੀ ਵਾਸੀ ਚਿਰਾਗ ਮਾਲੀ ਨੇ ਕਿਹਾ ਸੀ ਕਿ ਉਸ ਨੇ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ ਅਤੇ ਉਹ ਕਾਨੂੰਨ ਦੀ ਪੜ੍ਹਾਈ ਕਰਨੀ ਚਾਹੁੰਦਾ ਸੀ, ਜਿਸ ਲਈ ਉਸ ਨੇ ਯੂ. ਆਈ. ਐੱਲ. ਐੱਸ. ਵੱਲੋਂ ਜਾਰੀ ਪ੍ਰਾਸਪੈਕਟਸ ਦੇ ਮਾਧਿਅਮ ਨਾਲ ਅਰਜ਼ੀ ਦਿੱਤੀ ਸੀ, ਜਿਸ 'ਚ ਬੀ. ਏ., ਐੱਲ. ਐੱਲ. ਬੀ. ਅਤੇ ਬੀ. ਕਾਮ., ਐੱਲ. ਐੱਲ. ਬੀ. ਦੇ 5 ਸਾਲਾ ਕੋਰਸ ਲਈ 180 ਸੀਟਾਂ 'ਚ ਦਾਖ਼ਲੇ ਲਈ 17 ਜੂਨ ਨੂੰ ਦਾਖ਼ਲਾ ਪ੍ਰੀਖਿਆ ਹੋਣੀ ਸੀ।

ਉਹ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ ਪਰ ਬਾਅਦ 'ਚ ਕੋਵਿਡ-19 ਦੇ ਚਲਦੇ ਐਂਟਰੈਂਸ ਟੈਸਟ 4 ਅਕਤੂਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ। ਐਡਵੋਕੇਟ ਅਭੀਨਵ ਗੁਪਤਾ ਨੇ ਕੋਰਟ ਨੂੰ ਦੱਸਿਆ ਕਿ ਐਂਟਰੈਂਸ ਟੈਸਟ ਲਈ ਵਿਦਿਆਰਥੀ ਸਖ਼ਤ ਮਿਹਨਤ ਨਾਲ ਤਿਆਰੀ ਕਰ ਰਹੇ ਸਨ ਕਿ ਅਚਾਨਕ ਪੰਜਾਬ ਯੂਨੀਵਰਸਿਟੀ ਵੱਲੋਂ 11 ਅਗਸਤ ਨੂੰ ਸਰਕੂਲਰ ਜਾਰੀ ਕਰ ਕੇ ਐਂਟਰੈਂਸ ਟੈਸਟ ਦੀ ਜਗ੍ਹਾ 12ਵੀਂ ਦੀ ਪ੍ਰੀਖਿਆ 'ਚ ਲਏ ਗਏ ਅੰਕਾਂ ਦੇ ਆਧਾਰ ’ਤੇ ਦਾਖ਼ਲੇ ਦੀ ਮੈਰਿਟ ਤਿਆਰ ਕਰਨ ਦੀ ਗੱਲ ਕਹੀ ਗਈ, ਜੋ ਕਿ ਨਿਆਂ ਸੰਗਤ ਨਹੀਂ ਹੈ।

ਪਟੀਸ਼ਨਰ ਨੇ ਮੰਗ ਕੀਤੀ ਸੀ ਕਿ ਪੰਜਾਬ ਯੂਨੀਵਰਸਿਟੀ ਨੂੰ ਇਸ ਸੰਬੰਧ 'ਚ ਕੋਰਟ ਦਿਸ਼ਾ-ਨਿਰਦੇਸ਼ ਜਾਰੀ ਕਰ ਕੇ ਵਿਦਿਆਰਥੀਆਂ ਦੇ ਭਵਿੱਖ ਨਾਲ ਇਨਸਾਫ਼ ਕਰੇ। ਪਟੀਸ਼ਨਰ ਪੱਖ ਨੂੰ ਸੁਣਨ ਅਤੇ ਬਚਾਅ ਪੱਖ ਦੇ ਜਵਾਬ ਤੋਂ ਬਾਅਦ ਕੋਰਟ ਨੇ ਪੰਜਾਬ ਯੂਨੀਵਰਸਿਟੀ ਦੇ ਐਂਟਰੈਂਸ ਟੈਸਟ ਸਬੰਧੀ ਸਰਕੂਲਰ ਨੂੰ ਰੱਦ ਕਰ ਦਿੱਤਾ ਹੈ ਅਤੇ ਪੰਜਾਬ ਯੂਨੀਵਰਸਿਟੀ ਮੈਨੇਜਮੈਂਟ 3 ਦਿਨਾਂ ਅੰਦਰ ਆਪਣੇ ਫ਼ੈਸਲੇ ’ਤੇ ਮੁੜ ਵਿਚਾਰ ਕਰ ਕੇ ਵਿਕਲਪ ਲੱਭੇਗੀ।


Babita

Content Editor

Related News