ਪੰਜਾਬ ’ਚ ਅੱਜ ਤੋਂ ਸ਼ੁਰੂ ਹੋਈ ‘ਝੋਨੇ’ ਦੀ ਲਵਾਈ, ਕਿਸਾਨਾਂ ਲਈ ਪ੍ਰੇਸ਼ਾਨੀ ਬਣ ਸਕਦੀ ਹੈ ਮਜ਼ਦੂਰਾਂ ਦੀ ਘਾਟ
Thursday, Jun 10, 2021 - 12:00 PM (IST)
ਗੁਰਦਾਸਪੁਰ (ਹਰਮਨ) - ਪੰਜਾਬ ਸਰਕਾਰ ਵਲੋਂ ਧਰਤੀ ਹੇਠਲਾ ਪਾਣੀ ਬਣਾਉਣ ਲਈ ਬਣਾਏ ਗਏ ‘ਪੰਜਾਬ ਪ੍ਰੀਜ਼ਰਵੇਸ਼ਨ ਆਫ਼ ਸਬ ਸਾਇਲ ਵਾਟਰ ਐਕਟ’ ਮੁਤਾਬਕ ਪੰਜਾਬ ਅੰਦਰ ਕੱਲ 10 ਜੂਨ ਤੋਂ ਝੋਨੇ ਦੀ ਲਵਾਈ ਕੀਤੀ ਜਾ ਸਕੇਗੀ ਜਿਸ ਲਈ ਕਿਸਾਨਾਂ ਸਮੇਤ ਖੇਤੀਬਾੜੀ ਵਿਭਾਗ ਨੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸ ਦੇ ਨਾਲ ਹੀ ਪਾਵਰਕਾਮ ਨੇ ਵੀ ਕੱਲ ਤੋਂ ਟਿਊਬਵੈਲਾਂ ਲਈ 8 ਘੰਟੇ ਬਿਜਲੀ ਸਪਲਾਈ ਦੇਣ ਦੇ ਪ੍ਰਬੰਧ ਕਰ ਕੇ ਸਾਰੀ ਰੂਪਰੇਖਾ ਤਿਆਰ ਕਰ ਲਈ ਹੈ।
ਪੜ੍ਹੋ ਇਹ ਵੀ ਖ਼ਬਰ - ਮਾਂ ਨੇ ਫੋਨ ਚਲਾਉਣ ਤੋਂ ਕੀਤਾ ਮਨ੍ਹਾ ਤਾਂ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਛੱਡਿਆ ਘਰ, 13 ਦਿਨਾਂ ਬਾਅਦ ਮਿਲੀ ਲਾਸ਼
ਇਸ ਸਾਲ ਬਹੁਤ ਸਾਰੇ ਕਿਸਾਨਾਂ ਦੇ ਖੇਤਾਂ ਵਿੱਚ ਝੋਨੇ ਦੀ ਪਨੀਰੀ ਲਗਾਉਣ ਲਈ ਤਿਆਰ ਨਹੀਂ ਹੈ ਅਤੇ ਨਾ ਹੀ ਪਿੰਡਾਂ ਵਿੱਚ ਪਿਛਲੇ ਸਾਲਾਂ ਵਾਂਗ ਝੋਨੇ ਦੀ ਲਵਾਈ ਲਈ ਪ੍ਰਵਾਸੀ ਖੇਤੀ ਮਜ਼ਦੂਰ ਨਹੀਂ ਪਹੁੰਚੇ। ਇਸੇ ਕਰਕੇ ਪਿੰਡਾਂ ਵਿੱਚ ਝੋਨੇ ਦੀ ਲਵਾਈ ਦਾ ਜ਼ਿਆਦਾ ਕੰਮ ਗੰਨੇ ਦੀ ਲਵਾਈ ਦੇ ਕੰਮ ਦਾ ਦਾਰੋਮਦਾਰ ਜਾਂ ਤਾਂ ਲੋਕਲ ਲੇਬਰ ਦੇ ਸਿਰ ’ਤੇ ਹੈ ਅਤੇ ਜਾਂ ਫਿਰ ਗੰਨੇ ਦੇ ਕੰਮ ਲਈ ਆਏ ਪ੍ਰਵਾਸੀ ਮਜ਼ਦੂਰਾਂ ਦੇ ਸਹਾਰੇ ਹੈ। ਅਨੇਕਾਂ ਕਿਸਾਨਾਂ ਨੇ ਦੱਸਿਆ ਕਿ ਇਸ ਸਾਲ ਝੋਨੇ ਦੀ ਲਵਾਈ ਲਈ ਖੇਤੀ ਮਜ਼ਦੂਰ ਪ੍ਰਤੀ ਏਕੜ 4500 ਰੁਪਏ ਦੀ ਕਰੀਬ ਮਿਹਨਤਾਨਾ ਮੰਗਿਆ ਜਾ ਰਿਹਾ ਹੈ ਜਦੋਂ ਕਿ ਪਿਛਲੇ ਸਾਲ ਵੀ ਕੋਰੋਨਾ ਵਾਇਰਸ ਕਾਰਨ ਇਹ ਰੇਟ 4 ਤੋਂ 5 ਹਜ਼ਾਰ ਰੁਪਏ ਦੇ ਕਰੀਬ ਸੀ। ਉਸ ਤੋਂ ਪਹਿਲਾਂ ਪੰਜਾਬ ਅੰਦਰ ਝੋਨੇ ਦੀ ਲਵਾਈ ਦਾ ਰੇਟ 2000 ਤੋਂ 2500 ਰੁਪਏ ਪ੍ਰਤੀ ਏਕੜ ਦੇ ਕਰੀਬ ਹੁੰਦਾ ਸੀ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ’ਚ ‘ਗੈਂਗਵਾਰ’, ਖ਼ਤਰਨਾਕ ਗੈਂਗਸਟਰ ਲੱਖਵਿੰਦਰ ਸਿੰਘ ਲੱਖਾ ਦਾ ਕਤਲ
ਜ਼ਿਕਰਯੋਗ ਹੈ ਕਿ ਪੰਜਾਬ ਅੰਦਰ ਹਰੇਕ ਸਾਲ 30 ਲੱਖ ਹੈਕਟੇਅਰ ਰਕਬੇ ਦੇ ਆਸ-ਪਾਸ ਝੋਨੇ ਦੀ ਲਵਾਈ ਹੁੰਦੀ ਹੈ, ਜਿਸ ਵਿੱਚੋਂ ਕਰੀਬ 25 ਤੋਂ 26 ਲੱਖ ਹੈਕਟੇਅਰ ਰਕਬੇ ਵਿੱਚ ਪਰਮਲ ਦੀਆਂ ਕਿਸਮਾਂ ਦੀ ਕਾਸ਼ਤ ਹੁੰਦੀ ਹੈ, ਜਦੋਂਕਿ 5 ਤੋਂ 6 ਲੱਖ ਹੈਕਟੇਅਰ ਰਕਬਾ ਬਾਸਮਤੀ ਹੇਠ ਰਹਿੰਦਾ ਹੈ। ਇਸ ਸਾਲ ਕਿਸਾਨਾਂ ਦਾ ਰੁਝਾਨ ਪਰਮਲ ਦੀਆਂ ਨਵੀਆਂ ਕਿਸਮਾਂ ਵੱਲ ਹੈ, ਜਦੋਂਕਿ ਬਾਸਮਤੀ ਦੀ ਕਾਸ਼ਤ ਨੂੰ ਕਿਸਾਨਾਂ ਵੱਲੋਂ ਜ਼ਿਆਦਾ ਤਰਜੀਹ ਨਹੀਂ ਦਿੱਤੀ ਜਾ ਰਹੀ। ਖੇਤੀਬਾੜੀ ਵਿਭਾਗ ਵੱਲੋਂ ਝੋਨੇ ਹੇਠੋਂ ਰਕਬਾ ਘੱਟ ਕਰ ਕੇ ਮੱਕੀ ਦਾ ਕਾਸ਼ਤ ਕਰਵਾਉਣ ਅਤੇ ਝੋਨੇ ਦੀ ਕਾਸ਼ਤ ਰਵਾਇਤੀ ਢੰਗ ਨਾਲ ਕਰਨ ਦੀ ਬਜਾਏ ਸਿੱਧੀ ਬਿਜਾਈ ਵਿਧੀ ਨਾਲ ਕਰਵਾਉਣ ਲਈ ਸਖ਼ਤ ਮਿਹਨਤ ਕੀਤੀ ਗਈ ਹੈ, ਜਿਸ ਕਾਰਨ ਬਹੁਤ ਸਾਰੇ ਕਿਸਾਨ ਇਸ ਸਾਲ ਸਿੱਧੀ ਬਿਜਾਈ ਕਰ ਚੁੱਕੇ ਹਨ। ਮਾਹਿਰਾਂ ਅਨੁਸਾਰ ਜੇਕਰ ਕਿਸਾਨ ਰਵਾਇਤੀ ਢੰਗ ਦੀ ਥਾਂ ਸਿੱਧੀ ਬਿਜਾਈ ਰਾਹੀਂ ਝੋਨੇ ਦੀ ਬਿਜਾਈ ਕਰਦੇ ਹਨ ਤਾਂ ਇਕ ਏਕੜ ਖੇਤ ਵਿੱਚ ਕਿਸਾਨ ਅਸਾਨੀ ਨਾਲ 4 ਤੋਂ 5 ਹਜ਼ਾਰ ਰੁਪਏ ਬਚਾ ਸਕਦੇ ਹਨ।
ਪੜ੍ਹੋ ਇਹ ਵੀ ਖ਼ਬਰ - Surya Grahan 2021: ਭਾਰਤ ’ਚ ਅੱਜ ਲਗੇਗਾ ‘ਸੂਰਜ ਗ੍ਰਹਿਣ’, ਜਾਣੋ ਇਸ ਮੌਕੇ ਕੀ ਕਰੀਏ ਤੇ ਕਿਨ੍ਹਾਂ ਗੱਲਾਂ ਦਾ ਰੱਖੀਏ ਧਿਆਨ
ਅਜੇ ਤਿਆਰ ਨਹੀਂ ਹੋਈ ਪਨੀਰੀ
ਗੁਰਦਾਸਪੁਰ ਬਲਾਕ ਦੇ ਕਿਸਾਨਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਪਨੀਰੀ ਦੀ ਬਿਜਾਈ ਲੇਟ ਹੋਣ ਕਾਰਨ ਅਜੇ ਤੱਕ ਜ਼ਿਆਦਾਤਰ ਕਿਸਾਨਾਂ ਵੱਲੋਂ ਬੀਜੀ ਗਈ ਪਨੀਰੀ ਲਵਾਈ ਲਈ ਤਿਆਰ ਨਹੀਂ ਹੋਈ। ਇਸ ਕਾਰਨ ਕੱਲ 10 ਜੂਨ ਤੋਂ ਲਵਾਈ ਦਾ ਕੰਮ ਜ਼ਿਆਦਾ ਤੇਜ਼ੀ ਨਾਲ ਸ਼ੁਰੂ ਨਹੀਂ ਹੋ ਸਕੇਗਾ। ਮਜ਼ਦੂਰਾਂ ਦੀ ਘਾਟ ਹੋਣ ਕਾਰਨ ਵੀ ਕਿਸਾਨਾਂ ਨੂੰ ਲਵਾਈ ਲਈ ਕੁਝ ਦਿਨ ਹੋਰ ਉਡੀਕ ਕਰਨਾ ਪਵੇਗਾ। ਇਸ ਦੇ ਨਾਲ ਹੀ ਬਿਜਲੀ ਦੀ ਤਿੰਨ ਫੇਜ ਸਪਲਾਈ ’ਤੇ ਝੋਨੇ ਦੀ ਲਵਾਈ ਦਾ ਕੰਮ ਨਿਰਭਰ ਕਰੇਗਾ, ਕਿਉਂਕਿ ਝੋਨੇ ਦੀ ਲਵਾਈ ਦਾ ਦਾਰੋਮਦਾਰ ਬਿਜਲੀ ਸਪਲਾਈ ਨਾਲ ਚੱਲਣ ਵਾਲੇ ਟਿਊਬਵੈਲਾਂ ’ਤੇ ਹੀ ਨਿਰਭਰ ਕਰਦਾ ਹੈ। ਨਹਿਰੀ ਪਾਣੀ ਦੀ ਸਪਲਾਈ ਦੇਣ ਵਾਲੇ ਰਜਵਾਹਿਆਂ ਦੀ ਹਾਲਤ ਬੇਹੱਦ ਮੰਦੀ ਬਣੀ ਪਈ ਹੈ, ਜਿਸ ਵਿੱਚ ਪਾਣੀ ਤਾਂ ਕੀ ਆਉਣਾ ਸਗੋਂ ਇਨ੍ਹਾਂ ਦੀ ਸਫਾਈ ਤੱਕ ਨਹੀਂ ਕਰਵਾਈ ਗਈ।
ਪੜ੍ਹੋ ਇਹ ਵੀ ਖ਼ਬਰ - ਪੰਜਾਬ ਦੇ ਇਸ ਜ਼ਿਲ੍ਹੇ ’ਚ 1927 ਤੋਂ ਬਣ ਰਹੀ 'ਸਪੈਸ਼ਲ ਲੱਸੀ', ਪੀਣ ਲਈ ਆਉਂਦੀਆਂ ਨੇ ਦੂਰ ਤੋਂ ਵੱਡੀਆਂ ਹਸਤੀਆਂ (ਵੀਡੀਓ)
ਖਾਦਾਂ ਦਵਾਈਆਂ ਦੀ ਸੁਚੱਜੀ ਵਰਤੋਂ ਕਰਨ ਕਿਸਾਨ : ਡਾ. ਹਰਤਰਨਪਾਲ ਸਿੰਘ
ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਧਿਕਾਰੀ ਡਾ. ਹਰਤਰਨਪਾਲ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੇਤਾਂ ਵਿੱਚ ਖਾਦਾਂ ਦਵਾਈਆਂ ਦੀ ਬੇਲੋੜੀ ਵਰਤੋਂ ਨਾ ਕਰਨ। ਉਨ੍ਹਾਂ ਕਿਹਾ ਕਿ ਜੇਕਰ ਪਿਛਲੇ ਸੀਜ਼ਨ ਵਿੱਚ ਕਣਕ ਦੀ ਫ਼ਸਲ ਨੂੰ ਡਾਇਆ ਖਾਦ ਪਾਈ ਸੀ ਤਾਂ ਉਸ ਖੇਤ ਵਿੱਚ ਝੋਨੇ ਦੀ ਲਵਾਈ ਮੌਕੇ ਡਾਇਆ ਖਾਦ ਨਾ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਵਿਭਾਗ ਨੇ ਕਿਸਾਨਾਂ ਨੂੰ ਸਿੱਧੀ ਬਿਜਾਈ ਕਰਨ ਲਈ ਜਾਗਰੂਕ ਕੀਤਾ ਸੀ, ਜਿਸ ਦੇ ਚਲਦਿਆਂ ਬਹੁਤ ਸਾਰੇ ਅਗਾਂਹਵਧੂ ਕਿਸਾਨਾਂ ਨੇ ਸਿੱਧੀ ਬਿਜਾਈ ਕੀਤੀ ਹੈ।
ਪੜ੍ਹੋ ਇਹ ਵੀ ਖ਼ਬਰ - ਪਤਨੀ ਤੇ ਮਤਰੇਈ ਮਾਂ ਤੋਂ ਤੰਗ ਵਿਅਕਤੀ ਨੇ ਆਪਣੀਆਂ 2 ਧੀਆਂ ਨੂੰ ਦਿੱਤੀ ਦਰਦਨਾਕ ਮੌਤ, ਫਿਰ ਖੁਦ ਵੀ ਕੀਤੀ ਖੁਦਕੁਸ਼ੀ