ਪੰਜਾਬ ਨੂੰ ਨਵਿਆਉਣਯੋਗ ਊਰਜਾ ਤਹਿਤ 175 ਗੀਗਾਵਾਟ ਬਿਜਲੀ ਪੈਦਾਵਾਰ ਕਰਨ ਦਾ ਟੀਚਾ ਮਿਲਿਆ
Thursday, Nov 30, 2017 - 08:08 AM (IST)
ਪਟਿਆਲਾ (ਪਰਮੀਤ) - ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਪੌਣ-ਬਿਜਲੀ ਦੀ ਖਰੀਦ ਲਈ ਸੋਲਰ ਐਨਰਜੀ ਕਾਰਪੋਰੇਸ਼ਨ ਨਾਲ ਸਮਝੌਤਾ ਸਹੀਬੱਧ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਪਾਵਰਕਾਮ ਦੇ ਸੀ. ਐੱਮ. ਡੀ. ਏ. ਵੇਨੂੰ ਪ੍ਰਸਾਦ ਨੇ ਦੱਸਿਆ ਕਿ ਨਵਿਆਉਣਯੋਗ ਊਰਜਾ ਮੰਤਰਾਲਾ ਭਾਰਤ ਸਰਕਾਰ ਨੇ ਪੰਜਾਬ ਲਈ 175 ਗੀਗਾਵਾਟ ਐਨਰਜੀ ਪੈਦਾ ਕਰਨ ਦਾ ਟੀਚਾ 2022 ਤੱਕ ਪੂਰਾ ਕਰਨ ਲਈ ਕਿਹਾ ਹੈ, ਜਿਸ ਨੂੰ ਪਾਵਰਕਾਮ ਨੇ ਇਕ ਚੁਣੌਤੀ ਦੇ ਤੌਰ 'ਤੇ ਲਿਆ ਹੈ।
ਇਸ ਲਈ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਨੇ ਆਪਣੇ ਇਸ ਚੈਲੰਜ ਨੂੰ ਪੂਰਾ ਕਰਨ ਲਈ ਹਰ ਕੋਸ਼ਿਸ਼ ਨੂੰ ਪੂਰੀ ਸ਼ਿੱਦਤ ਨਾਲ ਆਰੰਭਣ ਦਾ ਤਹੱਈਆ ਕੀਤਾ ਹੈ। ਭਾਵੇਂ ਕਿ ਪੰਜਾਬ ਵਿਚ ਨਵਿਆਉਣਯੋਗ ਊਰਜਾ ਦੇ ਸੋਮੇ ਬਹੁਤ ਘੱਟ ਹਨ, ਫਿਰ ਵੀ ਛੋਟੇ ਪੌਣ-ਬਿਜਲੀ ਪਲਾਂਟ, ਬਾਇਓਮਾਸ ਅਤੇ ਸੂਰਜੀ ਊਰਜਾ ਪੈਦਾ ਕਰਨ 'ਤੇ ਪੂਰਾ ਜ਼ੋਰ ਦਿੱਤਾ ਜਾਵੇਗਾ। ਭਾਵੇਂ ਕਿ ਪੰਜਾਬ ਨੂੰ ਪਹਿਲਾਂ ਹੀ 2015 ਵਿਚ ਨਵਿਆਉਣਯੋਗ ਊਰਜਾ ਲਈ ਦੇਸ਼ ਦਾ ਉੱਤਮ ਰਾਜ ਐਲਾਨਿਆ ਜਾ ਚੁੱਕਾ ਹੈ। ਏ. ਵੇਨੂੰ ਪ੍ਰਸਾਦ ਨੇ ਦੱਸਿਆ ਇਸ ਤਰ੍ਹਾਂ ਪਾਵਰਕਾਮ ਹੁਣ ਤੱਕ 18 ਫੀਸਦੀ ਤੋਂ ਵੱਧ ਆਪਣੀ ਕੁਲ ਬਿਜਲੀ ਉਤਪਾਦਨ ਦਾ ਹਿੱਸਾ ਅਜਿਹੇ ਪਲਾਂਟਾਂ ਤੋਂ ਪ੍ਰਾਪਤ ਕਰ ਰਿਹਾ ਹੈ ਜੋ ਕਿ ਰਾਜ ਵਿਚ ਜਾਂ ਬਾਹਰਲੇ ਰਾਜਾਂ ਤੋਂ ਲੰਮੇ ਸਮੇਂ ਦੇ ਸਮਝੌਤਿਆਂ ਰਾਹੀਂ ਪ੍ਰਾਪਤ ਕੀਤੀ ਜਾ ਰਹੀ ਹੈ। ਇਸ ਵਿਚ 12.5 ਫੀਸਦੀ ਦੇ ਕਰੀਬ ਸੂਰਜੀ ਊਰਜਾ ਅਤੇ 5.5 ਫੀਸਦੀ ਹੋਰ ਸੋਮਿਆ ਤੋਂ ਪ੍ਰਾਪਤ ਕੀਤੀ ਜਾ ਰਹੀ ਹੈ।
ਏ. ਵੇਨੂੰ ਪ੍ਰਸਾਦ ਨੇ ਦੱਸਿਆ ਇਸ ਤਰ੍ਹਾਂ ਉਪਰੋਕਤ ਪੀ. ਆਰ. ਓ. ਨੂੰ ਪੂਰਾ ਕਰਨ ਲਈ ਸੋਲਰ ਐਨਰਜੀ ਆਫ ਕਾਰਪੋਰੇਸ਼ਨ ਨਾਲ ਸਮਝੌਤਾ ਸਹੀਬੱਧ ਕਰ ਕੇ 2.72 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਪੌਣ-ਬਿਜਲੀ ਖਰੀਦਣ ਦਾ ਉਪਰਾਲਾ ਕੀਤਾ ਗਿਆ ਹੈ ਜੋ ਅਗਲੇ 25 ਸਾਲਾਂ ਲਈ ਪਾਵਰਕਾਮ ਨੂੰ ਮਿਲਦੀ ਰਹੇਗੀ। ਇਨ੍ਹਾਂ ਪ੍ਰਾਜੈਕਟਾਂ ਦੇ ਉਤਪਾਦਨ ਦਾ 90 ਫੀਸਦੀ ਤੋਂ 120 ਫੀਸਦੀ ਹਿੱਸਾ ਹੋ ਸਕੇਗੀ।
ਏ. ਵੇਨੂੰ ਪ੍ਰਸਾਦ ਨੇ ਦੱਸਿਆ ਇਹ ਪੌਣ-ਬਿਜਲੀ ਪ੍ਰਾਜੈਕਟ 450 ਐੱਮ. ਯੂ. ਪ੍ਰਤੀ ਸਾਲ ਬਿਜਲੀ ਪੈਦਾ ਕਰਨਗੇ ਜੋ ਕਿ ਪਾਵਰਕਾਮ ਨੂੰ 2019-20 ਵਿਚ ਬਿਜਲੀ ਮਿਲਣੀ ਸ਼ੁਰੂ ਹੋ ਜਾਵੇਗੀ। ਇਸ ਨਾਲ ਪਾਵਰਕਾਮ ਦੇ ਕੁਲ ਬਿਜਲੀ ਉਤਪਾਦਨ ਦਾ 20 ਫੀਸਦੀ ਹਿੱਸਾ ਗਰੀਨ ਐਨਰਜੀ ਦੇ ਤੌਰ 'ਤੇ ਹੋ ਸਕੇਗਾ। ਹਵਾ ਤੋਂ ਬਣਨ ਨਾਲ ਬਿਜਲੀ, ਹੋਰ ਗਰੀਨ ਐਨਰਜੀ ਪੈਦਾ ਕਰਨ ਵਾਲੇ ਸੋਮਿਆਂ ਤੋਂ ਬਹੁਤ ਸਸਤੀ ਹੈ। ਇਸ ਤਰ੍ਹਾਂ ਇਸ ਨੂੰ ਵੱਡੇ ਪੱਧਰ 'ਤੇ ਉਤਸ਼ਾਹਿਤ ਕੀਤਾ ਜਾਵੇਗਾ। ਸੋਲਰ ਅਨਰਜੀ ਕਾਰਪੋਰੇਸ਼ਨ ਆਫ ਇੰਡੀਆ ਦੇ ਸ਼੍ਰੀ ਰਾਜ ਕੁਮਾਰ ਨਾਲ ਬਿਜਲੀ ਖਰੀਦਣ ਸਮਝੌਤੇ 'ਤੇ ਹਸਤਾਖਰ ਕਰ ਕੇ ਇੰਜੀ. ਹਰਜੀਤ ਸਿੰਘ ਸਲੂਜਾ, ਮੁੱਖ ਇੰਜੀਨੀਅਰ/ਪੀ. ਪੀ. ਤੇ ਆਰ. ਵੱਲੋਂ ਸਹੀਬੱਧ ਕੀਤਾ ਗਿਆ ਹੈ।
