ਖੇਤੀਬਾੜੀ ਦੀ ਮਿਆਰੀ ਉੱਚ-ਸਿੱਖਿਆ ਲਈ ਬਣੇਗੀ ''ਪੰਜਾਬ ਸਟੇਟ ਕੌਂਸਲ ਆਫ਼ ਐਗਰੀਕਲਚਰ ਐਜੂਕੇਸ਼ਨ''

07/28/2017 6:29:11 AM

ਗੁਰਦਾਸਪੁਰ  (ਹਰਮਨਪ੍ਰੀਤ ਸਿੰਘ) - ਪੰਜਾਬ ਅੰਦਰ ਖੇਤੀਬਾੜੀ ਨਾਲ ਸਬੰਧਿਤ ਵਿਸ਼ਿਆਂ ਦੀ ਪੜ੍ਹਾਈ ਕਰਾਉਣ ਦੇ ਨਾਂ ਹੇਠ ਧੜਾਧੜ ਖੁੱਲ ਰਹੇ ਪ੍ਰਾਈਵੇਟ ਕਾਲਜਾਂ 'ਚ ਵਿਦਿਆਰਥੀਆਂ ਦੇ ਭਵਿੱਖ ਨਾਲ ਹੋ ਰਹੇ ਖਿਲਵਾੜ ਨੂੰ ਰੋਕਣ ਲਈ ਪੰਜਾਬ ਸਰਕਾਰ ਸੂਬੇ ਅੰਦਰ 'ਪੰਜਾਬ ਸਟੇਟ ਕੌਂਸਲ ਆਫ਼ ਐਗਰੀਕਲਚਰ ਐਜੂਕੇਸ਼ਨ' ਬਣਾਉਣ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਸੂਬੇ ਅੰਦਰ ਖੁੱਲ੍ਹੇ 50 ਦੇ ਕਰੀਬ ਪ੍ਰਾਈਵੇਟ ਕਾਲਜਾਂ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਕੋਲੋਂ ਮਾਨਤਾ ਲੈ ਕੇ 'ਬੀ. ਐੱਸ. ਸੀ. ਐਗਰੀਕਲਚਰ' ਕਰਵਾਉਣੀ ਸ਼ੁਰੂ ਕਰ ਦਿੱਤੀ ਪਰ 'ਇੰਡੀਅਨ ਕੌਂਸਲ ਆਫ਼ ਐਗਰੀਕਲਚਰ ਰਿਸਰਚ ਨਵੀਂ ਦਿੱਲੀ' ਅਤੇ 'ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ' ਵੱਲੋਂ ਨਿਰਧਾਰਿਤ ਮਾਪਦੰਡਾਂ ਤੇ ਨਿਯਮਾਂ ਅਨੁਸਾਰ ਪ੍ਰਾਈਵੇਟ ਕਾਲਜਾਂ ਅੰਦਰ ਵਿਦਿਆਰਥੀਆਂ ਦੇ ਪ੍ਰੈਕਟੀਕਲ ਤਜਰਬੇ ਲਈ ਲੈਬਾਰਟਰੀਆਂ, ਖੇਤ ਅਤੇ ਹੋਰ ਸਾਜ਼ੋ-ਸਾਮਾਨ ਤੋਂ ਇਲਾਵਾ ਸਿੱਖਿਅਤ ਸਟਾਫ਼ ਦੀ ਘਾਟ ਦੇ ਕਾਰਨ ਇਨ੍ਹਾਂ ਪ੍ਰਾਈਵੇਟ ਕਾਲਜਾਂ 'ਚ ਪੜ੍ਹਨ ਵਾਲੇ ਵਿਦਿਆਰਥੀ ਦੇ ਪ੍ਰੈਕਟੀਕਲ ਕੰਮ ਅਤੇ ਸਿਖਲਾਈ ਸਬੰਧੀ ਕਈ ਸਵਾਲ ਉੱਠ ਰਹੇ ਸਨ। ਇਥੋਂ ਤੱਕ ਕਿ ਇਕ ਕਿਸਾਨ ਜਥੇਬੰਦੀ ਨੇ ਇਹ ਮਾਮਲਾ ਅਦਾਲਤ ਤੱਕ ਵੀ ਪਹੁੰਚਾਇਆ ਹੈ।'ਪੰਜਾਬ ਸਟੇਟ ਫਾਰਮਰਜ਼ ਕਮਿਸ਼ਨ' ਦੇ ਚੇਅਰਮੈਨ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਧਿਆਨ ਵਿਚ ਇਹ ਮਾਮਲਾ ਲਿਆ ਕੇ ਪੰਜਾਬ ਦੀ ਕਿਸਾਨੀ ਅਤੇ ਨੌਜਵਾਨ ਪੀੜ੍ਹੀ ਦੇ ਭਵਿੱਖ ਨਾਲ ਹੋ ਰਹੇ ਖਿਲਵਾੜ ਨੂੰ ਰੋਕਣ ਦੀ ਮੰਗ ਕੀਤੀ।
ਪੀ. ਏ. ਯੂ. ਦੇ ਉਪ-ਕੁਲਪਤੀ ਹੋਣਗੇ ਮੁਖੀ, ਕੁਲ 11 ਮੈਂਬਰੀ ਹੋਵੇਗੀ ਕੌਂਸਲ
ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਪੀ. ਏ. ਯੂ. ਅਤੇ ਫਾਰਮਰਜ਼ ਕਮਿਸ਼ਨ ਨਾਲ ਲੰਮੇ ਵਿਚਾਰ ਵਟਾਂਦਰੇ ਉਪਰੰਤ ਪੰਜਾਬ ਅੰਦਰ 'ਸਟੇਟ ਕੌਂਸਲ ਆਫ਼ ਐਗਰੀਕਲਚਰ ਐਜੂਕੇਸ਼ਨ' ਬਣਾਉਣ ਦਾ ਖਰੜਾ ਤਿਆਰ ਕੀਤਾ ਹੈ, ਜਿਸ ਦੇ ਕੁਲ 11 ਮੈਂਬਰ ਹੋਣਗੇ ਜਦੋਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉਪ-ਕੁਲਪਤੀ ਇਸ ਦੇ ਮੁਖੀ ਹੋਣਗੇ। ਇਹ ਕੌਂਸਲ ਸਾਰੇ ਪ੍ਰਾਈਵੇਟ ਕਾਲਜਾਂ ਦੀ ਮਾਨਤਾ ਅਤੇ ਉਨ੍ਹਾਂ ਵਿਚ ਲੋੜੀਂਦਾ ਸਾਜ਼ੋ-ਸਾਮਾਨ, ਸਟਾਫ਼ ਅਤੇ ਹੋਰ ਮਾਪਦੰਡਾਂ ਸਮੇਤ ਸਾਰੇ ਨਿਯਮ ਨਿਰਧਾਰਿਤ ਕਰੇਗੀ।
ਸਬ-ਮਿਆਰੀ ਅਤੇ ਅਧੂਰੀ ਸਿੱਖਿਆ ਕਿਸੇ ਦੇ ਹਿੱਤ 'ਚ ਨਹੀਂ : ਡਾ. ਢਿੱਲੋਂ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉਪ-ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਇਸ ਖੇਤੀ ਪ੍ਰਧਾਨ ਸੂਬੇ ਵਿਚ ਖੇਤੀਬਾੜੀ ਦੇ ਨਵੇਂ ਕਾਲਜ ਖੁੱਲ੍ਹਣੇ ਖ਼ੁਸ਼ੀ ਵਾਲੀ ਗੱਲ ਹੈ ਪਰ ਨਿਯਮਾਂ ਦੀ ਉਲੰਘਣਾ ਕਰ ਕੇ ਵਿਦਿਆਰਥੀਆਂ ਨੂੰ ਸਬ-ਮਿਆਰੀ ਸਿੱਖਿਆ ਦੇਣ ਦਾ ਰੁਝਾਨ ਪੰਜਾਬ ਦੇ ਹਿੱਤ 'ਚ ਨਹੀਂ ਹੈ। ਇਸ ਲਈ ਸਟੇਟ ਕੌਂਸਲ ਦੇ ਗਠਨ ਲਈ ਪੂਰਾ ਖਰੜਾ ਤਿਆਰ ਕਰ ਕੇ ਸਰਕਾਰ ਨੂੰ ਭੇਜਿਆ ਜਾ ਚੁੱਕਾ ਹੈ, ਜਿਸ ਸਬੰਧੀ ਜਲਦੀ ਕਾਰਵਾਈ ਹੋਣ ਦੀ ਉਮੀਦ ਹੈ।


Related News