ਸਰਕਾਰ ਵਲੋਂ ਹੁਕਮ ; ਸਕੂਲ ਮੁਖੀ ਵਿਦਿਆਰਥੀਆਂ ਦੀ ਹਰ ਰੋਜ਼ ਕਰਨਗੇ ਦੋ ਘੰਟੇ ਕੌਂਸਲਿੰਗ
Thursday, Jun 28, 2018 - 07:05 AM (IST)
ਪਟਿਆਲਾ (ਲਖਵਿੰਦਰ) - ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਉਹ ਹਰ ਰੋਜ਼ ਦੋ ਵਿਦਿਆਰਥੀਆਂ ਦੀ ਦੋ ਘੰਟੇ ਕੌਂਸਲਿੰਗ ਕਰਿਆ ਕਰਨਗੇ। ਜਾਣਕਾਰੀ ਮੁਤਾਬਕ ਸਿੱਖਿਆ ਵਿਭਾਗ ਵਲੋਂ ਮੀਮੋ ਨੰ ਏ. ਡੀ. (ਸੀ. ਓ.)/ ਐੱਸ. ਐੱਸ. ਈ./ 2018/4011109 ਤਹਿਤ ਪੱਤਰ ਜਾਰੀ ਕੀਤਾ ਗਿਆ ਹੈ ਕਿ ਵਿਦਿਆਰਥੀਆਂ ਵਿਚ ਵਧ ਰਹੀਆਂ ਸਮਾਜਕ ਕੁਰੀਤੀਆਂ ਨੂੰ ਰੋਕਣ ਲਈ ਜਾਗਰੂਕ ਕੀਤਾ ਜਾਵੇਗਾ। ਸਿੱਖਿਆ ਵਿਭਾਗ ਨੇ ਇਹ ਨਿਰਦੇਸ਼ ਜਾਰੀ ਕੀਤੇ ਹਨ ਕਿ ਕਈ ਵਾਰ ਬੱਚੇ ਮਾਨਸਕ, ਭਾਵਨਾਤਮਕ ਤੇ ਮਨੋਵਿਗਿਆਨਕ ਸਮੱਸਿਆ ਦਾ ਸਾਹਮਣਾ ਕਰ ਰਹੇ ਹੁੰਦੇ ਹਨ ਨੂੰ ਧਿਆਨ ਵਿਚ ਰੱਖਦਿਆਂ ਸਕੂਲਾਂ ਦੇ ਮੁਖੀ ਖੁਦ ਹਰ ਰੋਜ਼ ਅਜਿਹੇ ਦੋ ਵਿਦਿਆਰਥੀਆਂ ਦੀ ਕੌਂਸਲਿੰਗ ਕਰਿਆ ਕਰਨਗੇ ਨਾ ਕਿ ਅਜਿਹਾ ਕਰਨ ਲਈ ਕਿਸੇ ਹੋਰ ਅਧਿਆਪਕ ਜ਼ਿੰਮੇਵਾਰੀ ਲਾਈ ਜਾਵੇਗੀ। ਸਿੱਖਿਆ ਵਿਭਾਗ ਅਨੁਸਾਰ ਉਪਰੋਕਤ ਕਿਸਮ ਦੇ ਬੱਚਿਆਂ 'ਤੇ ਕੇਵਲ ਪੜ੍ਹਾਈ 'ਤੇ ਹੀ ਅਸਰ ਨਹੀਂ ਪੈਂਦਾ ਸਗੋਂ ਉਹ ਮਾੜੀ ਸੰਗਤ ਵਿਚ ਪੈ ਜਾਂਦੇ ਹਨ ਤੇ ਨਸ਼ਿਆਂ ਵਰਗੀਆਂ ਭੈੜੀਆਂ ਆਦਤਾਂ ਦਾ ਸ਼ਿਕਾਰ ਹੋ ਜਾਂਦੇ ਹਨ, ਜਿਸ ਕਾਰਨ ਅਜਿਹੇ ਵਿਦਿਆਰਥੀ ਸਕੂਲ ਅਤੇ ਘਰਾਂ ਵਿਚ ਅਨੁਸ਼ਾਸਨਹੀਣਤਾ ਫੈਲਾਉਂਦੇ ਹਨ ਤੇ ਉਹਨਾਂ ਵਲੋਂ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦਾ ਖਦਸਾ ਵੀ ਬਣਿਆਂ ਰਹਿੰਦਾ ਹੈ, ਜਿਸ ਕਾਰਨ ਸਿੱਖਿਆ ਵਿਭਾਗ ਨੇ ਇਹ ਕਿਹਾ ਹੈ ਕਿ ਸਰਕਾਰੀ ਸਕੂਲ ਦੇ ਮੁਖੀਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਤਰ੍ਹਾਂ ਦੇ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਦੇਣ, ਜਿਸ ਨਾਲ ਕਿ ਪੰਜਾਬ ਵਿਚ ਵਧ ਰਹੀਆਂ ਸਮਾਜਿਕ ਕੁਰੀਤੀਆਂ ਨੂੰ ਰੋਕਿਆ ਜਾ ਸਕੇ।
