ਪੰਜਾਬ ਬੋਰਡ 10ਵੀਂ ਦੇ ਨਤੀਜੇ 'ਚ 7 ਮੈਰਿਟ ਨਾਲ ਸੂਬੇ ’ਚੋਂ 9ਵੇਂ ਸਥਾਨ ’ਤੇ ਰਿਹਾ ਜ਼ਿਲ੍ਹਾ ਜਲੰਧਰ, ਇਨ੍ਹਾਂ ਨੇ ਮਾਰੀ
Wednesday, Jul 06, 2022 - 12:26 PM (IST)
ਜਲੰਧਰ (ਸੁਮਿਤ)– ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ ਮਹੀਨੇ ਲਈਆਂ ਗਈਆਂ 10ਵੀਂ ਦੀਆਂ ਪ੍ਰੀਖਿਆਵਾਂ ਦਾ ਨਤੀਜਾ ਬੀਤੇ ਦਿਨ ਐਲਾਨ ਦਿੱਤਾ ਗਿਆ। ਇਸ ਨਤੀਜੇ ਨੂੰ ਲੈ ਕੇ ਬੱਚਿਆਂ ਨੂੰ ਕਾਫ਼ੀ ਦਿਨਾਂ ਤੋਂ ਉਡੀਕ ਸੀ ਕਿਉਂਕਿ ਬੋਰਡ ਵੱਲੋਂ ਪਹਿਲਾਂ 29 ਜੂਨ ਅਤੇ ਫਿਰ 4 ਜੁਲਾਈ ਦੀ ਤਾਰੀਖ਼ ਦਾ ਐਲਾਨ ਕੀਤਾ ਗਿਆ ਸੀ ਪਰ ਦੋਵੇਂ ਦਿਨ ਨਤੀਜਾ ਨਾ ਆਉਣ ਕਾਰਨ ਬੱਚੇ ਅਤੇ ਮਾਪੇ ਪਰੇਸ਼ਾਨ ਸਨ। ਜੇਕਰ ਓਵਰਆਲ ਨਤੀਜੇ ਦੀ ਗੱਲ ਕੀਤੀ ਜਾਵੇ ਤਾਂ ਇਹ ਕੁਝ ਦਿਨ ਪਹਿਲਾਂ ਆਏ 12ਵੀਂ ਜਮਾਤ ਦੇ ਨਤੀਜੇ ਤੋਂ ਬਿਹਤਰ ਰਿਹਾ। 12ਵੀਂ ਦੇ ਨਤੀਜੇ ਵਿਚ ਜ਼ਿਲ੍ਹੇ ਭਰ ਵਿਚੋਂ ਸਿਰਫ਼ 2 ਹੀ ਵਿਦਿਆਰਥੀ ਮੈਰਿਟ ਵਿਚ ਸਥਾਨ ਬਣਾਉਣ ਵਿਚ ਸਫ਼ਲ ਰਹੇ ਸਨ, ਜਦਕਿ 10ਵੀਂ ਦੇ ਨਤੀਜੇ ਵਿਚ ਜ਼ਿਲ੍ਹੇ ਭਰ ਵਿਚੋਂ 7 ਵਿਦਿਆਰਥੀਆਂ ਨੇ ਮੈਰਿਟ ਵਿਚ ਥਾਂ ਬਣਾਈ ਹੈ। ਇਸ ਦੇ ਨਾਲ ਹੀ 12ਵੀਂ ਦੇ ਨਤੀਜੇ ਵਿਚ ਸਰਕਾਰੀ ਸਕੂਲਾਂ ਵਿਚੋਂ ਕੋਈ ਵੀ ਵਿਦਿਆਰਥੀ ਮੈਰਿਟ ਵਿਚ ਨਹੀਂ ਆ ਸਕਿਆ ਸੀ, ਉਥੇ ਹੀ 10ਵੀਂ ਦੇ ਨਤੀਜੇ ਵਿਚ ਸਰਕਾਰੀ ਸਕੂਲਾਂ ਦਾ ਪ੍ਰਦਰਸ਼ਨ ਵੀ ਬਿਹਤਰ ਰਿਹਾ ਅਤੇ 2 ਵਿਦਿਆਰਥੀਆਂ ਨੇ ਮੈਰਿਟ ਵਿਚ ਵੀ ਸਥਾਨ ਹਾਸਲ ਕੀਤਾ। ਬੋਰਡ ਵੱਲੋਂ ਕੁੱਲ 312 ਵਿਦਿਆਰਥੀਆਂ ਦੀ ਮੈਰਿਟ ਸੂਚੀ ਜਾਰੀ ਕੀਤੀ ਗਈ।
ਇਹ ਵੀ ਪੜ੍ਹੋ: ਵਧਣਗੀਆਂ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਿਲਾਂ, ਬਰਗਾੜੀ ਬੇਅਦਬੀ ਕੇਸ ’ਚ SIT ਕਰ ਸਕਦੀ ਹੈ ਗ੍ਰਿਫ਼ਤਾਰ
ਜਲੰਧਰ ਜ਼ਿਲ੍ਹੇ ਵਿਚੋਂ ਕੁੱਲ 22890 ਵਿਦਿਆਰਥੀਆਂ ਨੇ 10ਵੀਂ ਦੀ ਪ੍ਰੀਖਿਆ ਵਿਚ ਹਿੱਸਾ ਲਿਆ, ਜਿਸ ਵਿਚੋਂ 22696 ਵਿਦਿਆਰਥੀ ਪਾਸ ਹੋਏ। ਇਸ ਤਰ੍ਹਾਂ ਇਹ ਨਤੀਜਾ 99.15 ਫ਼ੀਸਦੀ ਰਿਹਾ। ਜੇਕਰ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਜਲੰਧਰ 9ਵੇਂ ਸਥਾਨ ’ਤੇ ਰਿਹਾ। ਜਲੰਧਰ ਤੋਂ ਉੱਪਰ ਗੁਰਦਾਸਪੁਰ, ਪਠਾਨਕੋਟ, ਐੱਸ. ਬੀ. ਐੱਸ. ਨਗਰ, ਹੁਸ਼ਿਆਰਪੁਰ, ਕਪੂਰਥਲਾ, ਅੰਮ੍ਰਿਤਸਰ, ਰੂਪਨਗਰ, ਬਰਨਾਲਾ, ਮਾਲੇਰਕੋਟਲਾ ਜ਼ਿਲੇ ਰਹੇ, ਜਿਨ੍ਹਾਂ ਦਾ ਪ੍ਰਦਰਸ਼ਨ ਜਲੰਧਰ ਤੋਂ ਬਿਹਤਰ ਰਿਹਾ।
ਮੈਰਿਟ ਸੂਚੀ ਵਿਚ ਆਉਣ ਵਾਲੇ ਵਿਦਿਆਰਥੀ
1. ਭੂਮਿਕਾ, ਐੱਸ. ਡੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅੱਪਰਾ 98.77 ਫੀਸਦੀ ਅੰਕ
2. ਬਲਰਾਮ ਸੂਰੀ, ਨਿਊ ਸੇਂਟ ਸੋਲਜਰ ਸੀਨੀਅਰ ਸੈਕੰਡਰੀ ਸਕੂਲ ਜਲੰਧਰ 98.62 ਫੀਸਦੀ ਅੰਕ
3. ਮੁਸਕਾਨ ਪਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਮੀਪੁਰ 97.69 ਫੀਸਦੀ ਅੰਕ
4. ਚਿਰਾਗ, ਨਿਊ ਸੇਂਟ ਸੋਲਜਰ ਸੀਨੀਅਰ ਸੈਕੰਡਰੀ ਸਕੂਲ ਜਲੰਧਰ 97.69 ਫੀਸਦੀ ਅੰਕ
5. ਪ੍ਰਿੰਸ ਬਸਰਾ, ਸਰਕਾਰੀ ਹਾਈ ਸਕੂਲ ਲੋਹਾਰਾ ਮਾਨਕ ਜਲੰਧਰ 97.23 ਫੀਸਦੀ ਅੰਕ
6. ਏਕਤਾ, ਦਰਬਾਰਾ ਸਿੰਘ ਮਾਡਲ ਮੈਮੋਰੀਅਲ ਸਕੂਲ ਮਲਸੀਆਂ 97.08 ਫੀਸਦੀ ਅੰਕ
7. ਯਸ਼ਿਕਾ ਗੌਤਮ, ਕੇ. ਪੀ. ਐੱਸ. ਬਾਲ ਭਾਰਤੀ ਪਬਲਿਕ ਸਕੂਲ ਚੂਹੜ ਜਲੰਧਰ 96.62 ਫੀਸਦੀ ਅੰਕ
ਸਾਫ਼ਟਵੇਅਰ ਇੰਜੀਨੀਅਰ ਬਣਨਾ ਚਾਹੁੰਦੈ ਬਲਰਾਮ
ਜ਼ਿਲ੍ਹੇ ’ਚੋਂ ਦੂਜੇ ਅਤੇ ਪੰਜਾਬ ’ਚੋਂ ਤੀਜੇ ਰੈਂਕ ’ਤੇ ਰਹੇ ਨਿਊ ਸੇਂਟ ਸੋਲਜਰ ਸਕੂਲ ਦੇ ਬਲਰਾਮ ਸੂਰੀ ਨੇ ਕਿਹਾ ਕਿ ਉਹ ਭਵਿੱਖ ਵਿਚ ਸਾਫਟਵੇਅਰ ਇੰਜੀਨੀਅਰ ਬਣਨਾ ਚਾਹੁੰਦਾ ਹੈ। ਉਸਨੇ ਦੱਸਿਆ ਕਿ ਉਸਨੇ ਨਾਨ-ਮੈਡੀਕਲ ਵਿਚ ਐਡਮਿਸ਼ਨ ਲਈ ਹੈ ਅਤੇ ਅੱਗੇ ਚੱਲ ਕੇ ਆਈ. ਆਈ. ਟੀ. ’ਚ ਪੜ੍ਹਾਈ ਕਰਨੀ ਚਾਹੁੰਦਾ ਹੈ। ਬਲਰਾਮ ਦੇ ਪਿਤਾ ਸੋਹਣ ਦਿਆਲ ਸੂਰੀ ਦੁਕਾਨਦਾਰ ਹਨ ਅਤੇ ਮਾਤਾ ਸੁਮਨ ਸੂਰੀ ਘਰੇਲੂ ਔਰਤ ਹੈ। ਇਨ੍ਹਾਂ ਦੋਵਾਂ ਨੇ ਆਪਣੇ ਪੁੱਤਰ ਦੀ ਉਪਲੱਬਧੀ ’ਤੇ ਖੁਸ਼ੀ ਪ੍ਰਗਟਾਉਂਦਿਆਂ ਉਸਦੇ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ। ਬਲਰਾਮ ਨੇ ਕੁੱਲ 642/650 ਅੰਕ ਪ੍ਰਾਪਤ ਕੀਤੇ। ਬਲਰਾਮ ਨੇ ਕਿਹਾ ਕਿ ਸਾਰਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰ ਐਕਟੀਵਿਟੀਜ਼ ’ਤੇ ਵੀ ਜ਼ਰੂਰ ਫੋਕਸ ਕਰਨਾ ਚਾਹੀਦਾ ਹੈ। ਉਸ ਨੇ ਦੱਸਿਆ ਕਿ ਉਹ ਸਕੈਚਿੰਗ ਜ਼ਰੀਏ ਪੋਰਟ੍ਰੇਟ ਵੀ ਤਿਆਰ ਕਰਦਾ ਹੈ।
ਇਹ ਵੀ ਪੜ੍ਹੋ: ਮਾਤਾ ਚਿੰਤਪੂਰਨੀ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਕੀਤਾ ਇਹ ਐਲਾਨ
ਮੁਸਕਾਨ ਪਾਲ ਦੇ ਮੈਥ ਤੇ ਸਾਇੰਸ ਹਨ ਫੇਵਰੈਟ ਸਬਜੈਕਟ
ਜ਼ਿਲ੍ਹੇ ਵਿਚੋਂ ਤੀਜਾ ਅਤੇ ਸੂਬੇ ਵਿਚੋਂ 9ਵਾਂ ਰੈਂਕ ਪ੍ਰਾਪਤ ਕਰਨ ਵਾਲੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਮੀਪੁਰ ਦੀ ਵਿਦਿਆਰਥਣ ਮੁਸਕਾਨ ਪਾਲ ਨੇ ਕਿਹਾ ਕਿ ਮੈਥ ਅਤੇ ਸਾਇੰਸ ਉਸਦੇ ਫੇਵਰੈਟ ਸਬਜੈਕਟ ਹਨ, ਇਸੇ ਕਾਰਨ ਉਸਨੇ ਅੱਗੇ ਨਾਨ-ਮੈਡੀਕਲ ਵਿਚ ਦਾਖਲਾ ਲਿਆ ਹੈ। ਮੁਸਕਾਨ ਦਾ ਕਹਿਣਾ ਹੈ ਕਿ ਅਜੇ ਉਸ ਨੇ ਆਪਣੇ ਕਰੀਅਰ ਬਾਰੇ ਨਹੀਂ ਸੋਚਿਆ ਪਰ 12ਵੀਂ ਵਿਚ ਜਿਹੋ-ਜਿਹੇ ਨੰਬਰ ਆਉਣਗੇ, ਉਸ ਤੋਂ ਬਾਅਦ ਕਰੀਅਰ ਦੀ ਚੋਣ ਕਰਾਂਗੀ। ਮੁਸਕਾਨ ਦੇ ਪਿਤਾ ਜੀਵਨ ਕੁਮਾਰ ਇਲੈਕਟ੍ਰੀਸ਼ੀਅਨ ਹਨ, ਜਦੋਂ ਕਿ ਮਾਂ ਸਰਬਜੀਤ ਕੌਰ ਘਰੇਲੂ ਔਰਤ ਹੈ। ਮੁਸਕਾਨ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਸ ਦੇ ਸਾਰੀਆਂ ਜਮਾਤਾਂ ਵਿਚ ਵਧੀਆ ਅੰਕ ਅਤੇ ਵਧੀਆ ਪੁਜ਼ੀਸ਼ਨ ਆਉਂਦੀ ਰਹੀ ਹੈ। ਮੁਸਕਾਨ ਨੇ ਇਸ ਵਾਰ 635/650 ਅੰਕ ਪ੍ਰਾਪਤ ਕੀਤੇ।
ਇਹ ਵੀ ਪੜ੍ਹੋ: ਪਰਿਵਾਰ 'ਚ ਮਚਿਆ ਚੀਕ-ਚਿਹਾੜਾ, ਬਿਸਤ ਦੋਆਬ ਨਹਿਰ ’ਚ ਡੁੱਬੀਆਂ ਦੋਵੇਂ ਭੈਣਾਂ ਦੀਆਂ ਲਾਸ਼ਾਂ ਮਿਲੀਆਂ
ਮਕੈਨੀਕਲ ਇੰਜੀਨੀਅਰਿੰਗ ’ਚ ਕਰੀਅਰ ਬਣਾਉਣਾ ਹੈ : ਚਿਰਾਗ
10ਵੀਂ ਦੇ ਨਤੀਜੇ ’ਚ ਜ਼ਿਲੇ ਭਰ ਵਿਚੋਂ ਚੌਥੇ ਅਤੇ ਸੂਬੇ ਵਿਚੋਂ 9ਵੇਂ ਰੈਂਕ ’ਤੇ ਰਹੇ ਨਿਊ ਸੇਂਟ ਸੋਲਜਰ ਸਕੂਲ ਜਲੰਧਰ ਦੇ ਚਿਰਾਗ ਨੇ ਕਿਹਾ ਕਿ ਉਸਦੀ ਤਮੰਨਾ ਹੈ ਕਿ ਉਹ ਮਕੈਨੀਕਲ ਇੰਜੀਨੀਅਰ ਵਜੋਂ ਆਪਣਾ ਕਰੀਅਰ ਬਣਾਵੇ। ਉਸਨੇ ਦੱਸਿਆ ਕਿ ਉਸਨੇ ਨਾਨ-ਮੈਡੀਕਲ ਵਿਚ ਦਾਖਲਾ ਲੈ ਲਿਆ ਹੈ। ਚਿਰਾਗ ਦੇ ਪਿਤਾ ਅਸ਼ਵਨੀ ਕੁਮਾਰ ਕ੍ਰਿਕਟ ਬੈਟ ਬਣਾਉਣ ਦਾ ਕੰਮ ਕਰਦੇ ਹਨ, ਜਦੋਂ ਕਿ ਮਾਂ ਘਰੇਲੂ ਔਰਤ ਹੈ। ਚਿਰਾਗ ਨੇ ਕੁੱਲ 635/650 ਅੰਕ ਪ੍ਰਾਪਤ ਕੀਤੇ। ਚਿਰਾਗ ਦੇ ਮਾਤਾ-ਪਿਤਾ ਨੇ ਉਸ ਨੂੰ ਇਸ ਉਪਲੱਬਧੀ ਲਈ ਵਧਾਈ ਦਿੰਦਿਆਂ ਭਵਿੱਖ ਵਿਚ ਇਸੇ ਤਰ੍ਹਾਂ ਸਖ਼ਤ ਮਿਹਨਤ ਜਾਰੀ ਰੱਖਣ ਦੀ ਪ੍ਰੇਰਣਾ ਦਿੱਤੀ।
ਟੀਚਿੰਗ ਲਾਈਨ ’ਚ ਜਾਣਾ ਚਾਹੁੰਦੈ ਕਿਸਾਨ ਦਾ ਬੇਟਾ ਪ੍ਰਿੰਸ
ਜ਼ਿਲ੍ਹੇ ਵਿਚੋਂ ਚੌਥਾ ਅਤੇ ਸੂਬੇ ਵਿਚੋਂ 12ਵਾਂ ਰੈਂਕ ਪ੍ਰਾਪਤ ਕਰਨ ਵਾਲੇ ਸਰਕਾਰੀ ਹਾਈ ਸਕੂਲ ਲੋਹਾਰਾ ਦੇ ਵਿਦਿਆਰਥੀ ਪ੍ਰਿੰਸ ਬਸਰਾ ਨੇ ਟੀਚਿੰਗ ਲਾਈਨ ਵਿਚ ਆਪਣਾ ਕਰੀਅਰ ਬਣਾਉਣ ਦੀ ਇੱਛਾ ਪ੍ਰਗਟਾਈ ਹੈ। ਉਸਨੇ ਕਿਹਾ ਕਿ ਅਜੇ ਉਸਨੇ ਅੱਗੇ ਦਾਖਲਾ ਨਹੀਂ ਲਿਆ ਕਿਉਂਕਿ ਉਹ ਆਪਣੇ ਨਤੀਜੇ ਦੀ ਉਡੀਕ ਕਰ ਰਿਹਾ ਸੀ। ਪ੍ਰਿੰਸ ਦੇ ਪਿਤਾ ਰੇਸ਼ਮ ਲਾਲ ਪੇਸ਼ੇ ਤੋਂ ਕਿਸਾਨ ਹਨ ਅਤੇ ਮਾਤਾ ਕਮਲਜੀਤ ਕੌਰ ਘਰੇਲੂ ਔਰਤ ਹੈ। ਇਨ੍ਹਾਂ ਦੋਵਾਂ ਨੇ ਆਪਣੇ ਬੱਚੇ ਦੀ ਉਪਲੱਬਧੀ ’ਤੇ ਬਹੁਤ ਖੁਸ਼ੀ ਪ੍ਰਗਟਾਈ। ਪ੍ਰਿੰਸ ਨੇ ਕੁਲ 632/650 ਅੰਕ ਪ੍ਰਾਪਤ ਕੀਤੇ ਹਨ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਵਾਪਰੀ ਦਿਲ ਝੰਜੋੜਨ ਵਾਲੀ ਘਟਨਾ, ਕਿਰਲੀ ਵਾਲੀ ਚਾਹ ਪੀਣ ਕਾਰਨ 2 ਬੱਚਿਆਂ ਦੀ ਮੌਤ
ਨਕੋਦਰ (ਪਾਲੀ)-10ਵੀਂ ਦੇ ਨਤੀਜੇ ’ਚ ਜ਼ਿਲ੍ਹੇ ’ਚੋਂ 6ਵਾਂ ਅਤੇ ਸੂਬੇ ਵਿਚੋਂ 14ਵਾਂ ਰੈਂਕ ਪ੍ਰਾਪਤ ਕਰਨ ਵਾਲੀ ਕੇ. ਪੀ. ਐੱਸ. ਬਾਲ ਭਾਰਤੀ ਪਬਲਿਕ ਸਕੂਲ ਚੂਹੜ (ਜਲੰਧਰ) ਦੀ ਵਿਦਿਆਰਥਣ ਯਸ਼ਿਕਾ ਗੌਤਮ ਨੇ 630/650 ਅੰਕ ਪ੍ਰਾਪਤ ਕੀਤੇ ਅਤੇ ਸਕੂਲ ਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ।
ਸੀ. ਏ. ਬਣਨਾ ਚਾਹੁੰਦੀ ਹੈ ਏਕਤਾ, ਪੰਜਾਬ ’ਚੋਂ ਹਾਸਲ ਕੀਤਾ 13ਵਾਂ ਰੈਂਕ
ਮਲਸੀਆਂ (ਅਰਸ਼ਦੀਪ, ਤ੍ਰੇਹਨ)- ਸਵ. ਦਰਬਾਰਾ ਸਿੰਘ ਯਾਦਗਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀ ਹੋਣਹਾਰ ਵਿਦਿਆਰਥਣ ਏਕਤਾ ਪੁਤਰੀ ਵਿਕਾਸ ਚੰਦ ਵਾਸੀ ਪੱਤੀ ਆਕਲਪੁਰ (ਮਲਸੀਆਂ) ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਦੀ ਪ੍ਰੀਖਿਆ ’ਚੋਂ 97.1% ਅੰਕਾਂ ਨਾਲ ਮੈਰਿਟ ਸੂਚੀ ਵਿਚ ਸ਼ਾਮਲ ਹੋ ਕੇ ਮਾਪਿਆਂ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਪੰਜਾਬ ’ਚੋਂ ਏਕਤਾ ਦਾ 13ਵਾਂ ਰੈਂਕ ਰਿਹਾ। ਅੱਜ ਸਾਰਾ ਦਿਨ ‘ਏਕਤਾ’ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ। ਏਕਤਾ ਨੇ ਕਿਹਾ ਕਿ ਉਹ ਕਮਰਸ ਦੀ ਪੜ੍ਹਾਈ ਕਰਕੇ ਚਾਰਟਰਡ ਅਕਾਊਂਟੈਂਟ (ਸੀ. ਏ.) ਬਣਨਾ ਚਾਹੁੰਦੀ ਹੈ। ਏਕਤਾ ਦੇ ਦਾਦੀ ਪ੍ਰੇਮ ਲਤਾ, ਮਾਤਾ ਪੂਜਾ ਅਤੇ ਪਿਤਾ ਵਿਕਾਸ ਚੰਦ ਨੇ ਦੱਸਿਆ ਕਿ ਏਕਤਾ ਸ਼ੁਰੂ ਤੋਂ ਹੀ ਸਕੂਲ ਵਿਚ ਪਹਿਲੇ ਸਥਾਨ ’ਤੇ ਆਉਂਦੀ ਰਹੀ ਹੈ। ਏਕਤਾ ਨੇ ਅੱਜ ਤੱਕ ਕਦੇ ਵੀ ਕਿਸੇ ਸਬਜੈਕਟ ਦੀ ਟਿਊਸ਼ਨ ਨਹੀਂ ਰੱਖੀ ਅਤੇ ਆਪਣੇ ਦਮ ’ਤੇ ਹੀ ਮੈਰਿਟ ਲਿਸਟ ’ਚ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਇਸ ਦਾ ਸਿਹਰਾ ਸਵ. ਦਰਬਾਰਾ ਸਿੰਘ ਸੀਨੀ. ਸਕੈਂ. ਸਕੂਲ (ਕੰਨਿਆ) ਦੇ ਪ੍ਰਿੰਸਿਪਲ ਹਰਪ੍ਰੀਤ ਸਿੰਘ ਸੌਂਧੀ ਅਤੇ ਸਕੂਲ ਦੇ ਪੂਰੇ ਸਟਾਫ਼ ਨੂੰ ਦਿੱਤਾ ਹੈ।
ਇੰਜੀਨੀਅਰ ਬਣਨਾ ਚਾਹੁੰਦੀ ਹੈ ਦਸਵੀਂ ’ਚੋਂ ਪਹਿਲੇ ਸਥਾਨ ’ਤੇ ਰਹੀ ਭੂਮਿਕਾ
ਅੱਪਰਾ(ਅਜਮੇਰ ਚਾਨਾ)- ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਕਲਾਸ ਦੇ ਆਏ ਨਤੀਜਿਆਂ ’ਚ ਕਸਬਾ ਅੱਪਰਾ ਦੀ ਧੀ ਨੇ ਵੱਡੀ ਮੱਲ ਮਾਰਦਿਆਂ ਮਾਪਿਆਂ, ਸਕੂਲ ਅਤੇ ਜ਼ਿਲ੍ਹੇ ਦਾ ਨਾਮ ਚਮਕਾਇਆ ਹੈ। ਕਸਬਾ ਅੱਪਰਾ ਦੇ ਐੱਸ. ਡੀ. ਪਬਲਿਕ ਸਕੂਲ ’ਚ ਪੜ੍ਹਦੀ ਵਿਨੇ ਕੁਮਾਰ (ਬੌਬੀ ਅਬਰੋਲ) ਅਤੇ ਮੀਨਾ ਰਾਣੀ ਪ੍ਰਿੰਸੀਪਲ ਐੱਮ. ਜੀ. ਆਰੀਆ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅੱਪਰਾ ਦੀ ਧੀ ਭੂਮਿਕਾ ਨੇ 650 ’ਚੋਂ 642 ਅੰਕ (98.77%) ਲੈ ਕੇ ਪੰਜਾਬ ਭਰ ’ਚੋਂ ਅੱਠਵਾਂ ਸਥਾਨ ਪ੍ਰਾਪਤ ਕਰਕੇ ਮੈਰਿਟ ਲਿਸਟ ਵਿਚ ਜਗ੍ਹਾ ਬਣਾਈ ਹੈ। ਉਹ ਇਹ ਸਥਾਨ ਹਾਸਲ ਕਰਨ ਵਾਲੀ ਜ਼ਿਲ੍ਹਾ ਜਲੰਧਰ ’ਚੋਂ ਇਕੋ ਇਕ ਵਿਦਿਆਰਥਣ ਹੈ। ਭੂਮਿਕਾ ਨੇ ਦੱਸਿਆ ਕਿ ਉਹ ਅਗਲੀ ਪੜ੍ਹਾਈ ਵਿਚ ਨਾਨ ਮੈਡੀਕਲ ਚੁਣੇਗੀ ਅਤੇ ਇੰਜੀਨੀਅਰ ਬਣਨਾ ਉਸਦਾ ਸੁਪਨਾ ਹੈ। ਉਸ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਸਵਰਗ ਸਿਧਾਰ ਗਏ ਆਪਣਾ ਦਾਦਾ ਜੀ ਸ਼੍ਰੀ ਸਰਦਾਰੀ ਲਾਲ ਜੀ ਨਾਲ ਉਸ ਨੇ ਵਾਅਦਾ ਕੀਤਾ ਸੀ ਕਿ ਮੈਂ ਕੁਝ ਕਰ ਕੇ ਦਿਖਾਵਾਂਗੀ ਤੇ ਅੱਜ ਉਹ ਜਿੱਥੇ ਵੀ ਹੋਣਗੇ, ਉਨ੍ਹਾਂ ਦੇ ਦਿਲ ਨੂੰ ਸਕੂਨ ਜ਼ਰੂਰ ਮਿਲਿਆ ਹੋਵੇਗਾ। ਸਕੂਲ ਦੇ ਪ੍ਰਿੰਸੀਪਲ ਸ਼ਿਵ ਕੁਮਾਰ ਗੌਤਮ ਨੇ ਕਿਹਾ ਕਿ ਭੂਮਿਕਾ ਦਾ ਸੁਭਾਅ ਬਹੁਤ ਹੀ ਦ੍ਰਿੜ੍ਹਤਾ ਵਾਲਾ ਹੈ, ਉਹ ਪੜ੍ਹਾਈ ਵਿਚ ਕਦੇ ਵੀ ਅਣਗਹਿਲੀ ਨਹੀਂ ਸੀ ਵਰਤਦੀ ਅਤੇ ਸਕੂਲ ਦਾ ਸਾਰਾ ਕੰਮ ਸਮੇਂ ’ਤੇ ਕਰਨ ਦੇ ਨਾਲ-ਨਾਲ ਅਗਲੇ ਸਿਲੇਬਸ ਨੂੰ ਵੀ ਜਲਦੀ ਨਾਲ ਪੜ੍ਹਨ ਦੀ ਸੋਚ ਰੱਖਦੀ ਸੀ। ਉਨ੍ਹਾਂ ਕਿਹਾ ਕਿ ਇਹੋ ਜਿਹੇ ਵਿਦਿਆਰਥੀਆਂ ਉੱਤੇ ਸਕੂਲ ਨੂੰ ਮਾਣ ਹੈ। ਅਬਰੋਲ ਪਰਿਵਾਰ ਦੇ ਨਜ਼ੀਦਕੀਆਂ ਅਤੇ ਸਕੂਲ ਸਟਾਫ਼ ਦਾ ਇਸ ਖ਼ੁਸ਼ੀ ਦੇ ਮੌਕੇ ’ਤੇ ਭੂਮਿਕਾ ਮੂੰਹ ਮਿੱਠਾ ਕਰਵਾ ਕੇ ਖ਼ੁਸ਼ੀ ਮਨਾਈ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।