ਅਗਲੇ ਸਾਲ ਤੋਂ 10ਵੀਂ ਅਤੇ 12ਵੀਂ ਦੇ ਪ੍ਰੈਕਟੀਕਲ ਵੀ ਖੁਦ ਲਵੇਗਾ ਪੀ. ਐੱਸ. ਈ. ਬੀ.

06/27/2018 3:46:30 AM

ਲੁਧਿਆਣਾ(ਵਿੱਕੀ)-ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਤੇ 12ਵੀਂ ਦੀਆਂ ਅਗਲੇ ਸਾਲ ਹੋਣ ਵਾਲੀਆਂ ਸਾਲਾਨਾ ਪ੍ਰੀਖਿਆਵਾਂ 'ਚ ਬੋਰਡ ਨੇ ਕੁਝ ਬਦਲਾਅ ਹੋਰ ਕਰ ਦਿੱਤਾ ਹੈ। ਇਸ ਵਾਰ ਦੇ ਤਜਰਬੇ ਤੋਂ ਸਿੱਖਦੇ ਹੋਏ ਬੋਰਡ ਨੇ ਸਾਲ 2019 'ਚ ਹੋਣ ਵਾਲੀਆਂ ਸਾਲਾਨਾ ਪ੍ਰੀਖਿਆਵਾਂ ਦੌਰਾਨ ਪ੍ਰੈਕਟੀਕਲ ਦੇ ਪੇਪਰ ਹੁਣ ਖੁਦ ਲੈਣ ਦਾ ਫੈਸਲਾ ਲਿਆ ਹੈ। ਇਹੀ ਨਹੀਂ ਇਸ ਦੇ ਨਾਲ ਹੀ ਵਿਦਿਆਰਥੀਆਂ ਦੀ ਜੇਬ 'ਤੇ ਬੋਝ ਵਧਾਉਂਦੇ ਹੋਏ ਬੋਰਡ ਨੇ ਪ੍ਰੈਕਟੀਕਲ ਦੀ ਲਈ ਜਾਣ ਵਾਲੀ ਫੀਸ ਵਿਚ ਵੀ 100 ਰੁਪਏ ਤਕ ਦਾ ਵਾਧਾ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਪੀ. ਐੱਸ. ਈ. ਬੀ. ਨੇ ਇਸ ਸਾਲ ਮਾਰਚ 'ਚ ਕਰਵਾਈਆਂ ਗਈਆਂ ਸਾਲਾਨਾ ਪ੍ਰੀਖਿਆਵਾਂ ਲਈ ਸਕੂਲਾਂ 'ਚ ਬਣੇ ਸੈੱਲਫ ਸੈਂਟਰਾਂ ਦੀ ਵਿਵਸਥਾ ਨੂੰ ਖਤਮ ਕਰਦਿਆਂ ਸਰਕਾਰੀ ਸਕੂਲਾਂ ਦੇ ਪ੍ਰੀਖਿਆਰਥੀਆਂ ਦੇ ਸੈਂਟਰ ਨਿੱਜੀ ਤੇ ਨਿੱਜੀ ਸਕੂਲਾਂ ਦੇ ਪ੍ਰੀਖਿਆਰਥੀਆਂ ਦੇ ਪ੍ਰੀਖਿਆ ਕੇਂਦਰ ਸਰਕਾਰੀ ਸਕੂਲਾਂ ਵਿਚ ਬਣਾਏ ਸਨ ਪਰ ਪ੍ਰੀਖਿਆਵਾਂ ਤੋਂ ਬਾਅਦ ਜਦੋਂ ਪ੍ਰੈਕਟੀਕਲ ਪੇਪਰਾਂ ਦੀ ਵਾਰੀ ਆਈ ਤਾਂ ਕੋਈ ਸਪੱਸ਼ਟ ਗਾਈਡ ਲਾਈਨਜ਼ ਨਾ ਹੋਣ ਕਾਰਨ ਕਈ ਸਕੂਲਾਂ ਨੂੰ ਕਾਫੀ ਪ੍ਰੇਸ਼ਾਨੀ ਹੋਈ। ਸਕੂਲਾਂ ਨੂੰ ਇਹ ਪਤਾ ਨਹੀਂ ਸੀ ਕਿ ਵਿਦਿਆਰਥੀਆਂ ਦੇ ਪ੍ਰੈਕਟੀਕਲ ਦੇ ਪੇਪਰ ਹੁਣ ਕਿੱਥੇ ਹੋਣੇ ਹਨ?  ਅਜਿਹੇ ਵਿਚ ਬੋਰਡ ਨੇ ਬਾਅਦ ਵਿਚ ਸਪੱਸ਼ਟ ਕੀਤਾ ਕਿ ਪ੍ਰੈਕਟੀਕਲ ਦੇ ਪੇਪਰ ਸਕੂਲ ਆਪਣੇ ਪੱਧਰ 'ਤੇ ਲੈਣਗੇ।
ਪ੍ਰੈਕਟੀਕਲ ਦੀ ਸੂਚੀ 'ਚ ਸ਼ਾਮਲ ਹੋਏ ਨਵੇਂ ਵਿਸ਼ੇ
ਬੋਰਡ ਦੀ ਸੈਕਟਰੀ ਹਰਗੁਣਜੀਤ ਕੌਰ ਨੇ ਦੱਸਿਆ ਕਿ ਵੋਕੇਸ਼ਨਲ ਸਟ੍ਰੀਮ ਅਧੀਨ 11ਵੀਂ ਅਤੇ 12ਵੀਂ ਦੇ ਬਿਜ਼ਨੈੱਸ ਐਂਡ ਕਾਮਰਸ ਗਰੁੱਪ ਦੇ ਟਰੇਡ ਰੂਰਲ ਮਾਰਕੀਟਿੰਗ, ਟੈਕਸੇਸ਼ਨ ਪ੍ਰੈਕਟਿਸ, ਇੰਸ਼ੋਰੈਂਸ਼, ਕੋ-ਆਪ੍ਰੇਸ਼ਨ, ਇੰਪੋਰਟ ਐਂਡ ਐਕਸਪੋਰਟ ਪ੍ਰੈਕਟਿਸ ਅਤੇ ਡਾਕੂਮੇਨਟੇਸ਼ਨ ਦੇ ਵਿਸ਼ਿਆਂ ਨੂੰ ਵੀ ਪ੍ਰੈਕਟੀਕਲ ਵਿਸ਼ਿਆਂ ਦੀ ਸੂਚੀ 'ਚ ਸ਼ਾਮਲ ਕਰ ਲਿਆ ਗਿਆ ਹੈ।
ਕੁਝ ਵਿਸ਼ਿਆਂ 'ਚ ਨਿੱਜੀ ਪਬਲਿਸ਼ਰਜ਼ ਦੀਆਂ ਕਿਤਾਬਾਂ ਹੋਣਗੀਆਂ ਰਿਕਮੈਂਡ
ਉਨ੍ਹਾਂ ਦੱਸਿਆ ਕਿ ਸੀਨੀਅਰ ਸੈਕੰਡਰੀ ਸਟਰੀਮ ਆਫ ਸਟੱਡੀਜ਼ ਦੇ 11ਵੀਂ ਤੇ 12ਵੀਂ 'ਚ ਅੰਕਿਤ ਵਿਸ਼ਿਆਂ 'ਚ ਜਿਨ੍ਹਾਂ ਵਿਸ਼ਿਆਂ ਦੀਆਂ ਕਿਤਾਬਾਂ ਬੋਰਡ ਵੱਲੋਂ ਤਿਆਰ ਨਹੀਂ ਕੀਤੀਆਂ ਗਈਆਂ। ਉਨ੍ਹਾਂ ਵਿਸ਼ਿਆਂ ਦੀਆਂ ਪਾਠ-ਪੁਸਤਕਾਂ ਵਿੱਦਿਅਕ ਸੈਸ਼ਨ 2018-19 ਲਈ ਪ੍ਰਾਈਵੇਟ ਪਬਲਿਸ਼ਰਜ਼ ਵੱਲੋਂ ਪ੍ਰਕਾਸ਼ਿਤ ਕੀਤੀਆਂ ਕਿਤਾਬਾਂ ਨੂੰ ਰਿਕਮੈਂਡ ਕਰਨ ਦਾ ਫੈਸਲਾ ਵੀ ਬੋਰਡ ਨੇ ਕੀਤਾ ਹੈ।


Related News