ਬੋਰਡ ਨੇ 10ਵੀਂ ਤੇ 12ਵੀਂ ਦੀਆਂ ਵਧਾਈਆਂ ਫੀਸਾਂ ਤੇ ਸਰਕਾਰ ਤੋਂ ਵੀ ਮੰਗੀ ਆਰਥਿਕ ਮਦਦ
Thursday, Apr 12, 2018 - 07:21 AM (IST)

ਮੋਹਾਲੀ (ਨਿਆਮੀਆਂ) - ਪੰਜਾਬ ਸਕੂਲ ਸਿੱਖਿਆ ਬੋਰਡ ਇਸ ਸਮੇਂ ਵੱਡੇ ਆਰਥਿਕ ਸੰਕਟ ਵਿਚ ਘਿਰਿਆ ਹੋਇਆ ਹੈ। ਬੋਰਡ ਦਾ ਹਾਲ ਇਹ ਹੋ ਗਿਆ ਹੈ ਕਿ ਇਸ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਅਜੇ ਤਕ ਮਾਰਚ ਮਹੀਨੇ ਦੀ ਤਨਖਾਹ ਤੇ ਪੈਨਸ਼ਨ ਨਹੀਂ ਮਿਲੀ, ਜਿਸ ਕਾਰਨ ਬੋਰਡ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਹੁਣ ਬੋਰਡ ਨੇ ਆਪਣਾ ਵਿੱਤੀ ਘਾਟਾ ਪੂਰਾ ਕਰਨ ਲਈ 10ਵੀਂ ਅਤੇ 12ਵੀਂ ਦੀਆਂ ਫੀਸਾਂ ਵਿਚ ਵਾਧਾ ਕਰ ਦਿੱਤਾ ਹੈ। ਇਸ ਤੋਂ ਕੁਝ ਦਿਨ ਪਹਿਲਾਂ ਹੀ ਬੋਰਡ ਵਲੋਂ ਵਿਦਿਆਰਥੀਆਂ ਵਲੋਂ ਲਏ ਜਾਂਦੇ ਡੁਪਲੀਕੇਟ ਸਰਟੀਫਿਕੇਟਾਂ, ਮਾਈਗ੍ਰੇਸ਼ਨ ਤੇ ਹੋਰ ਸੇਵਾਵਾਂ ਦੀਆਂ ਫੀਸਾਂ ਵਿਚ ਵੀ ਵਾਧਾ ਕੀਤਾ ਗਿਆ ਸੀ ਪਰ ਇਸ ਨਾਲ ਵੀ ਜਦੋਂ ਬੋਰਡ ਦੀ ਵਿੱਤੀ ਹਾਲਤ ਨਹੀਂ ਸੁਧਰੀ ਤਾਂ ਬੋਰਡ ਨੇ ਹੁਣ 10ਵੀਂ ਤੇ 12ਵੀਂ ਦੀਆਂ ਫੀਸਾਂ ਵਿਚ ਵੀ ਵਾਧਾ ਕਰ ਦਿੱਤਾ ਹੈ। ਇਸ ਨਾਲ ਹੀ ਬੋਰਡ ਦੇ ਪ੍ਰਬੰਧਕਾਂ ਨੇ ਪੰਜਾਬ ਸਰਕਾਰ ਤੋਂ ਵੀ ਆਰਥਿਕ ਮਦਦ ਮੰਗੀ ਹੈ।
ਬੋਰਡ ਦੇ ਮੁਲਾਜ਼ਮ ਆਗੂਆਂ ਦਾ ਕਹਿਣਾ ਹੈ ਕਿ ਅਸਲ ਵਿਚ ਬੋਰਡ ਦੇ ਪਿਛਲੇ ਚੇਅਰਮੈਨ ਦੀਆਂ ਗਲਤ ਨੀਤੀਆਂ ਦਾ ਖਮਿਆਜ਼ਾ ਹੁਣ ਬੋਰਡ ਦੇ ਮੁਲਾਜ਼ਮਾਂ ਤੇ ਵਿਦਿਆਰਥੀਆਂ ਨੂੰ ਭੁਗਤਣਾ ਪੈ ਰਿਹਾ ਹੈ। ਬੋਰਡ ਵਲੋਂ 10ਵੀਂ ਤੇ 12ਵੀਂ ਦੀਆਂ ਫੀਸਾਂ ਵਿਚ ਵਾਧਾ ਕੀਤੇ ਜਾਣ ਕਾਰਨ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ 'ਤੇ ਹੋਰ ਵਿੱਤੀ ਬੋਝ ਪੈ ਗਿਆ ਹੈ। ਪਹਿਲਾਂ ਹੀ ਮਹਿੰਗਾਈ ਦੀ ਭੱਠੀ ਵਿਚ ਭੁੱਜ ਰਹੇ ਲੋਕਾਂ ਨੂੰ ਹੁਣ ਫੀਸਾਂ ਵਿਚ ਵਾਧੇ ਕਾਰਨ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਮੁਸ਼ਕਿਲ ਹੋ ਗਿਆ ਹੈ।