ਬੋਰਡ ਦੀਆਂ ਪ੍ਰੀਖਿਆਵਾਂ ਤੋਂ ਪਹਿਲਾਂ ਸਕੂਲਾਂ ਅੱਗੇ ਨਵੀਂ ਪਰੇਸ਼ਾਨੀ

12/13/2019 12:30:49 PM

ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਫਰਵਰੀ 'ਚ 5ਵੀਂ ਅਤੇ 8ਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਦਾ ਐਲਾਨ ਤਾਂ ਕਰ ਦਿੱਤਾ ਹੈ ਪਰ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਸਕੂਲਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਕੂਲ ਸੰਚਾਲਕਾਂ ਨੇ ਦੱਸਿਆ ਕਿ ਬੋਰਡ ਦੀ ਵੈੱਬਸਾਈਟ 'ਤੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਕਰਵਾਉਣ ਦੇ ਸਮੇਂ ਸਰਵਰ ਬੰਦ ਹੋ ਰਿਹਾ ਹੈ, ਜਿਸ ਨਾਲ ਡਾਟਾ ਭਰਨ ਤੋਂ ਬਾਅਦ ਵਿਚ ਹੀ ਫਸ ਰਿਹਾ ਹੈ। ਸਕੂਲਾਂ ਦੇ ਮੁਤਾਬਕ ਬੋਰਡ ਨੇ ਜੋ ਟੋਲ ਫ੍ਰੀ ਨੰਬਰ ਦੇ ਰੱਖੇ ਹਨ, ਉਨ੍ਹਾਂ 'ਤੇ ਵਾਰ-ਵਾਰ ਫੋਨ ਕਰਨ 'ਤੇ ਵੀ ਕੋਈ ਗੱਲ ਨਹੀਂ ਕਰ ਰਿਹਾ, ਜਿਸ ਕਾਰਣ ਸਕੂਲਾਂ ਲਈ ਨਵੀਂ ਪ੍ਰੇਸ਼ਾਨੀ ਖੜ੍ਹੀ ਹੋ ਰਹੀ ਹੈ।
ਸਕੂਲ ਸੰਚਾਲਕ ਠਾਕੁਰ ਆਨੰਦ ਸਿੰਘ ਅਤੇ ਵਰੁਣ ਰਾਏ ਨੇ ਦੱਸਿਆ ਕਿ ਫਰਵਰੀ ਵਿਚ ਬੋਰਡ ਦੀਆਂ ਪ੍ਰੀਖਿਆਵਾਂ ਸ਼ੁਰੂ ਹੋਣੀਆਂ ਹਨ। ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਬੋਰਡ ਨੇ ਸਕੂਲਾਂ ਨੂੰ 23 ਨਵੰਬਰ ਨੂੰ ਲਿੰਕ ਭੇਜਿਆ ਪਰ ਜਦੋਂ ਤੋਂ ਸਕੂਲਾਂ ਨੇ ਉਕਤ ਕਾਰਜ ਨੂੰ ਸ਼ੁਰੂ ਕੀਤਾ, ਉਦੋਂ ਤੋਂ ਹੀ ਉਹ ਅਟਕਿਆ ਹੋਇਆ ਹੈ ਕਿਉਂਕਿ ਬੋਰਡ ਦਾ ਸਰਵਰ ਵਾਰ-ਵਾਰ ਬੰਦ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੁਧਿਆਣਾ ਦੇ ਕਾਫੀ ਸਕੂਲ ਅਜਿਹੇ ਹਨ ਜੋ ਵਾਰ-ਵਾਰ ਯਤਨ ਕਰਨ ਦੇ ਬਾਵਜੂਦ ਆਪਣੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਨਹੀਂ ਕਰਵਾ ਰਹੇ।
ਠਾਕੁਰ ਆਨੰਦ ਨੇ ਦੱÎਸਆ ਕਿ ਅੱਜ ਵੀ ਪੂਰਾ ਦਿਨ ਸਰਵਰ ਬੰਦ ਰਿਹਾ ਅਤੇ ਸਕੂਲ ਸੰਚਾਲਕਾਂ ਵਿਚ ਦੁਚਿੱਤੀ ਦਾ ਮਾਹੌਲ ਬਣਿਆ ਰਿਹਾ। ਬੋਰਡ ਨੇ ਰਜਿਸਟ੍ਰੇਸ਼ਨ ਦੀ ਆਖਰੀ ਤਰੀਕ 16 ਦਸੰਬਰ ਰੱਖੀ ਹੈ, ਜਿਸ ਕਾਰਣ ਹੁਣ ਸਕੂਲਾਂ ਦੀ ਪ੍ਰੇਸ਼ਾਨੀ ਵਧ ਰਹੀ ਹੈ ਪਰ ਬੋਰਡ ਵਿਚ ਕੋਈ ਇਸ ਸਮੱਸਿਆ ਦਾ ਹੱਲ ਕੱਢਣ ਲਈ ਤਿਆਰ ਨਹੀਂ ਹੈ। ਉਨ੍ਹਾਂ ਬੋਰਡ ਨੂੰ ਇਸ ਪ੍ਰੇਸ਼ਾਨੀ ਨੂੰ ਦੂਰ ਕਰਨ ਅਤੇ ਰਜਿਸਟ੍ਰੇਸ਼ਨ ਦੀ ਤਰੀਕ ਵਧਾਉਣ ਦੀ ਮੰਗ ਕੀਤੀ ਹੈ।

ਵਰੁਣ ਰਾਏ ਨੇ ਕਿਹਾ ਕਿ ਬੋਰਡ ਨੂੰ ਆਪਣੀ ਸਾਈਟ ਅਤੇ ਸਰਵਰ ਵਿਚ ਆ ਰਹੀ ਖਾਮੀ ਦੂਰ ਕਰਨੀ ਚਾਹੀਦੀ ਹੈ ਤਾਂ ਕਿ ਸਕੂਲ ਸੰਚਾਲਕ ਸਹੀ ਸਮੇਂ 'ਚ ਕਾਰਜ ਮੁਕੰਮਲ ਕਰ ਸਕਣ। ਉਧਰ, ਗੱਲ ਕਰਨ 'ਤੇ ਪੀ. ਐੱਸ. ਈ. ਬੀ. ਦੇ ਸਕੱਤਰ ਮੁਹੰਮਦ ਤਾਇਬ ਨੇ ਦੱਸਿਆ ਕਿ ਬੋਰਡ ਦੀ ਵੈੱਬਸਾਈਟ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਸਕੂਲਾਂ ਨੇ ਆਪਣੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਬੋਰਡ ਦੇ ਕੋਲ ਕਰਵਾ ਦਿੱਤੀ ਹੈ ਪਰ ਕੁਝ ਸਕੂਲ ਜੋ ਉਕਤ ਕਾਰਜ ਨੂੰ ਤੈਅ ਸਮੇਂ 'ਚ ਪੂਰਾ ਨਹੀਂ ਕਰ ਪਾ ਰਹੇ, ਉਹ ਜੁਰਮਾਨੇ ਤੋਂ ਬਚਣ ਲਈ ਸਰਵਰ ਬੰਦ ਹੋਣ ਦੀ ਗੱਲ ਕਹਿ ਰਹੇ ਹਨ।


Babita

Content Editor

Related News