ਪੰਜਾਬ ਬੋਰਡ ਪ੍ਰੀਖਿਆਵਾਂ : 5ਵੀਂ ਦੇ ਵਿਦਿਆਰਥੀ ਆਪਣੇ ਹੀ ਸਕੂਲ ’ਚ ਦੇ ਸਕਣਗੇ ਪ੍ਰੀਖਿਆ

Wednesday, Jan 29, 2020 - 10:08 AM (IST)

ਪੰਜਾਬ ਬੋਰਡ ਪ੍ਰੀਖਿਆਵਾਂ : 5ਵੀਂ ਦੇ ਵਿਦਿਆਰਥੀ ਆਪਣੇ ਹੀ ਸਕੂਲ ’ਚ ਦੇ ਸਕਣਗੇ ਪ੍ਰੀਖਿਆ

ਪਟਿਆਲਾ (ਪ੍ਰਤਿਭਾ): ਪੰਜਾਬ ਸਕੂਲ ਸਿੱਖਿਆ ਬੋਰਡ ਤਹਿਤ ਇਸ ਵਾਰ 5ਵੀਂ ਦੀ ਪ੍ਰੀਖਿਆ ਲਈ ਸੈਂਟਰ ਸੈਲਫ ਪ੍ਰੀਖਿਆ ਕੇਂਦਰ ਹੀ ਹੋਣਗੇ। 8ਵੀਂ, 10ਵੀਂ ਅਤੇ 12ਵੀਂ ਲਈ ਸੈਂਟਰ ਪਹਿਲਾਂ ਵਾਲੇ ਨਿਯਮਾਂ ਅਨੁਸਾਰ ਹੋਰ ਸਕੂਲਾਂ ਵਿਚ ਹੋਣਗੇ ਜੋ ਕਿ 3 ਕਿਲੋਮੀਟਰ ਦੇ ਘੇਰੇ ਵਿਚ ਰਹਿਣਗੇ। ਇਸ ਲਈ ਬੋਰਡ ਵੱਲੋਂ ਨਵੇਂ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਵਰਨਣਯੋਗ ਹੈ ਕਿ ਇਸ ਸਾਲ 5ਵੀਂ ਅਤੇ 8ਵੀਂ ਦੀਆਂ ਬੋਰਡ ਪ੍ਰੀਖਿਆਵਾਂ ਹੋਣਗੀਆਂ। ਅਜਿਹੇ ਵਿਚ ਦੋਵੇਂ ਹੀ ਕਲਾਸਾਂ ਲਈ ਸੈਂਟਰ ਬਣਾਉਣ ਸਬੰਧੀ ਫੈਸਲੇ ਹੋਏ ਹਨ। ਨਵੀਂ ਡੇਟਸ਼ੀਟ ਅਨੁਸਾਰ 5ਵੀਂ ਦੀ ਪ੍ਰੀਖਿਆ 14 ਮਾਰਚ ਤੋਂ 23 ਮਾਰਚ ਤੱਕ ਹੋਵੇਗੀ।ਇਸ ਸਬੰਧੀ ਬੋਰਡ ਦੇ ਸਹਾਇਕ ਸਕੱਤਰ (5ਵੀਂ ਤੇ 8ਵੀਂ) ਵੱਲੋਂ ਪ੍ਰੀਖਿਆ ਸੰਚਾਲਨ ਸਬੰਧੀ ਨਵੇਂ ਨਿਰਦੇਸ਼ ਜਾਰੀ ਕੀਤੇ ਗਏ ਹਨ।

ਇਨ੍ਹਾਂ ਨਿਰਦੇਸ਼ਾਂ ਅਨੁਸਾਰ ਹੋਵੇਗਾ ਪ੍ਰੀਖਿਆ ਸੰਚਾਲਨ
5ਵੀਂ ਪ੍ਰੀਖਿਆ ਮਾਰਚ 20 ਲਈ ਸੈਲਫ ਪ੍ਰੀਖਿਆ ਕੇਂਦਰ ਬਣਾਏ ਜਾਣਗੇ।
ਇਨ੍ਹਾਂ ਕੇਂਦਰਾਂ ਵਿਚ ਨਿਗਰਾਨ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਜ਼ਰੂਰੀ ਸਟਾਫ, ਕਲੱਸਟਰ, ਸੈਂਟਰ ਹੈੱਡ ਟੀਚਰ ਤਹਿਤ ਪੈਂਦੇ ਸਰਕਾਰੀ, ਏਡਿਡ, ਐਫਿਲੀਏਟਿਡ, ਐਸੋਸੀਏਟ ਸਕੂਲਾਂ ਵਿਚ ਤਿਕੋਣੀ ਵਿਧੀ ਅਨੁਸਾਰ ਭਾਵ ਏ. ਬੀ. ਸੀ. ਏ. ਅਨੁਸਾਰ ਲਾਇਆ ਜਾਵੇਗਾ।
ਹਰੇਕ ਪ੍ਰੀਖਿਆ ਵਾਲੇ ਦਿਨ ਪ੍ਰੀਖਿਆ ਖਤਮ ਹੋਣ ਤੋਂ ਬਾਅਦ ਉੱਤਰ-ਕਾਪੀਆਂ ਦੀ ਮਾਰਕਿੰਗ ਡਿਊਟੀ ਦੇਣ ਵਾਲੇ ਨਿਗਰਾਨ ਸਟਾਫ ਤੋਂ ਕਰਵਾ ਕੇ ਵਿਸ਼ੇ ਦੇ ਅੰਕ ਸੈਂਟਰ ਹੈੱਡ ਟੀਚਰ ਵੱਲੋਂ ਆਨਲਾਈਨ ਵੈੱਬ ਐਪਲੀਕੇਸ਼ਨ ਫਾਰ ਮਾਰਕਿੰਗ, ਸਕੂਲ ਲੋਗਿਨ ਮਾਰਕਿੰਗ ਐਪ 'ਤੇ ਉਸੇ ਦਿਨ ਅਪਲੋਡ ਕਰਵਾਏ ਜਾਣਗੇ।
ਹਰੇਕ ਵਿਸ਼ੇ ਦੀ ਉੱਤਰ-ਕਾਪੀ ਦੇ ਅੰਕ ਅਪਲੋਡ ਕਰਨ ਤੋਂ ਬਾਅਦ ਹੱਲ ਹੋਈ ਬੁੱਕਲੈੱਟ ਕਲੱਸਟਰ, ਸੈਂਟਰ ਹੈੱਡ ਟੀਚਰ ਪੱਧਰ 'ਤੇ ਸਟੋਰ ਕੀਤੀਆਂ ਜਾਣਗੀਆਂ।
5ਵੀਂ ਪ੍ਰੀਖਿਆ ਦੇ ਲਿਖਤੀ ਵਿਸ਼ਿਆਂ ਦੇ ਦਸਤਖਤ ਚਾਰਟ ਕਲੱਸਟਰ ਪੱਧਰ 'ਤੇ ਭੇਜੇ ਜਾਣਗੇ। ਕਲੱਸਟਰ ਇੰਚਾਰਜ ਆਪਣੇ ਅਧੀਨ ਪੈਂਦੇ ਸਕੂਲਾਂ ਨੂੰ ਦਸਤਖਤ ਚਾਰਟ ਮੁਹੱਈਆ ਕਰਵਾਏਗਾ। ਪ੍ਰੀਖਿਆ ਖਤਮ ਹੋਣ ਤੋਂ ਬਾਅਦ ਦਸਤਖਤ ਚਾਰਟ ਕਲੱਸਟਰ ਪੱਧਰ 'ਤੇ ਹੀ ਰਿਕਾਰਡ ਵਿਚ ਰੱਖੇ ਜਾਣਗੇ।

ਇਹ ਵੀ ਹਦਾਇਤਾਂ ਹੋਣਗੀਆਂ
5ਵੀਂ ਨਾਲ ਸਬੰਧਤ ਬੋਰਡ ਦਫ਼ਤਰ ਤੋਂ ਐਫਿਲੀਏਟਿਡ ਸਕੂਲਾਂ ਨੂੰ ਉਨ੍ਹਾਂ ਦੇ ਨੇੜੇ ਪੈਂਦਾ ਸੈਂਟਰ ਹੈੱਡ ਟੀਚਰ ਅਲਾਟ ਕੀਤਾ ਜਾਵੇ।
ਹਰੇਕ ਸੈਂਟਰ ਹੈੱਡ ਟੀਚਰ ਦੇ ਅਧੀਨ ਆਉਂਦੇ 5ਵੀਂ ਨਾਲ ਸਬੰਧਤ ਸਕੂਲਾਂ ਦੀ ਸੂਚੀ ਸਬੰਧਤ ਸੈਂਟਰ ਹੈੱਡ ਟੀਚਰ ਨੂੰ ਮੁਹੱਈਆ ਕਰਵਾਈ ਜਾਵੇ ਅਤੇ ਕਾਪੀ ਸਹਾਇਕ ਸਕੱਤਰ ਨੂੰ ਭੇਜੀ ਜਾਵੇ।
ਹਰੇਕ ਪ੍ਰੀਖਿਆ ਵਾਲੇ ਦਿਨ ਡੇਟਸ਼ੀਟ ਅਨੁਸਾਰ ਵਿਸ਼ੇ ਅਨੁਸਾਰ ਪ੍ਰਸ਼ਨ-ਪੱਤਰ ਦੇ ਸੀਲਬੰਦ ਡੱਬੇ ਸੈਂਟਰ ਹੈੱਡ ਟੀਚਰ ਵੱਲੋਂ ਹਰੇਕ ਕੇਂਦਰ ਕੰਟਰੋਲਰ ਨੂੰ ਸੌਂਪੇ ਜਾਣਗੇ। ਪ੍ਰੀਖਿਆ ਲਈ ਡੀ. ਈ. ਓ. ਐਲੀਮੈਂਟਰੀ ਨੂੰ ਸਮੂਹ ਜ਼ਿਲੇ ਅਤੇ ਬੀ. ਪੀ. ਈ. ਓ. ਨੂੰ ਸਬੰਧਤ ਬਲਾਕ ਦਾ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ।


author

Shyna

Content Editor

Related News