ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ਦੀ ਆਹਟ, ਛੋਟੇ ਸ਼ਰਾਬ ਕਾਰੋਬਾਰੀਆਂ ’ਚ ਬੇਰੁਜ਼ਗਾਰੀ ਦਾ ਖੌਫ਼
Saturday, Jun 04, 2022 - 12:47 PM (IST)
ਚੰਡੀਗੜ੍ਹ (ਰਮਨਜੀਤ ਸਿੰਘ): ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਨਵੀਂ ਤਿਆਰ ਕੀਤੀ ਜਾ ਰਹੀ ਐਕਸਾਈਜ਼ ਪਾਲਿਸੀ ਨੂੰ ਛੋਟੇ ਸ਼ਰਾਬ ਕਾਰੋਬਾਰੀਆਂ ਨੇ ਆਪਣੇ ਰੁਜ਼ਗਾਰ ’ਤੇ ਖ਼ਤਰਾ ਦੱਸਿਆ ਹੈ। ਛੋਟੇ ਸ਼ਰਾਬ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਜੋ ਉਨ੍ਹਾਂ ਨੂੰ ਸੰਕੇਤ ਮਿਲੇ ਹਨ, ਉਸ ਤੋਂ ਲੱਗ ਰਿਹਾ ਹੈ ਕਿ ਸਰਕਾਰ ਅਜਿਹੀ ਪਾਲਿਸੀ ਬਣਾਉਣ ਜਾ ਰਹੀ ਹੈ ਜਿਸ ਨਾਲ ਮੌਜੂਦਾ ਸ਼ਰਾਬ ਸਰਕਲਾਂ ਦੀ ਗਿਣਤੀ ਘਟਾ ਕੇ ਉਨ੍ਹਾਂ ਦਾ ਆਕਾਰ ਵੱਡਾ ਕੀਤਾ ਜਾ ਰਿਹਾ ਹੈ ਜਿਸ ਨਾਲ 5-7 ਕਰੋੜ ਰੁਪਏ ਸਾਲਾਨਾ ਦੇ ਵਪਾਰ ਵਾਲਾ ਸਰਕਲ 35 ਤੋਂ 40 ਕਰੋੜ ਤੱਕ ਦਾ ਹੋ ਜਾਵੇਗਾ, ਜਿਸ ਨੂੰ ਛੋਟੇ ਅਤੇ ਆਮ ਵਪਾਰੀਆਂ ਵਲੋਂ ਚਲਾਇਆ ਜਾਣਾ ਨਾਮੁਮਕਿਨ ਹੋਵੇਗਾ।
ਇਹ ਵੀ ਪੜ੍ਹੋ- ਪੰਜਾਬ ’ਚ 'ਗੈਂਗਸਟਰਵਾਦ' ਕਾਰਨ ਵਧੀ ਪੰਜਾਬ ਪੁਲਸ ਦੀ ਚਿੰਤਾ, ਕਾਨੂੰਨ ਵਿਵਸਥਾ 'ਤੇ ਉੱਠ ਰਹੇ ਸਵਾਲ
ਅਜਿਹੇ ’ਚ ਸੂਬੇ ਦੇ ਸ਼ਰਾਬ ਕਾਰੋਬਾਰ ’ਤੇ ਸਿਰਫ਼ ਵੱਡੀਆਂ ਕੰਪਨੀਆਂ ਅਤੇ ਵੱਡੇ ਵਪਾਰੀਆਂ ਦਾ ਏਕਾਧਿਕਾਰ ਹੋਵੇਗਾ, ਜਿਸ ਨਾਲ ਸਰਕਾਰ ਦੀ ਸ਼ਰਾਬ ਨੂੰ ਸਸਤੇ ਰੇਟ ’ਤੇ ਵੇਚਣ ਦੀ ਇੱਛਾ ਪੂਰੀ ਨਹੀਂ ਹੋ ਸਕੇਗੀ। ਇਹ ਗੱਲਾਂ ਇਕ ਮੰਚ ’ਤੇ ਇਕੱਠੇ ਹੋਏ ਪੰਜਾਬ ਦੇ ਛੋਟੇ ਸ਼ਰਾਬ ਕਾਰੋਬਾਰੀਆਂ ਦੇ ਪ੍ਰਮੁੱਖ ਮੁਕਤਸਰ ਸਾਹਿਬ ਪਿੰਦਰ ਸਿੰਘ ਸਰਪੰਚ, ਹੁਸ਼ਿਆਰਪੁਰ ਤੋਂ ਕੇ. ਡੀ. ਖੋਸਲਾ, ਲੁਧਿਆਣਾ ਤੋਂ ਜੇ. ਪੀ. ਸਿੰਘ, ਨਵਾਂਸ਼ਹਿਰ ਤੋਂ ਵਿਨੇ, ਅਨਿਲ ਮਹਾਜਨ, ਬਲਵਿੰਦਰ ਸਿੰਘ, ਸਚਿਨ ਸੂਦ ਅਤੇ ਹੋਰ ਠੇਕੇਦਾਰਾਂ ਨੇ ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੀ।
ਠੇਕੇਦਾਰਾਂ ਨੇ ਮੰਗ ਕੀਤੀ ਕਿ ਪਾਲਿਸੀ ਬਣਾਉਣ ਵਾਲਿਆਂ ਨੂੰ ਸ਼ਰਾਬ ਕਾਰੋਬਾਰ ਦੇ ਮੌਜੂਦਾ ਛੋਟੇ ਠੇਕੇਦਾਰਾਂ ਦੀ ਗੱਲ ਵੀ ਸੁਣਨੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਕਾਰੋਬਾਰ ਨੂੰ ਸਮੱਸਿਆ ਨਾ ਆਵੇ, ਅਜਿਹੀ ਪਾਲਿਸੀ ਬਣਾਉਣੀ ਚਾਹੀਦੀ ਹੈ ਕਿਉਂਕਿ ਛੋਟੇ ਠੇਕੇਦਾਰਾਂ ਦੇ ਨਾਲ ਉਨ੍ਹਾਂ ਦੇ ਵਰਕਰਾਂ ਦੇ ਤੌਰ ’ਤੇ ਜਿਨ੍ਹਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ। ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਦੀ ਗਿਣਤੀ 10 ਲੱਖ ਦੇ ਕਰੀਬ ਬਣਦੀ ਹੈ। ਅਜਿਹਾ ਨਹੀਂ ਹੋਣਾ ਚਾਹੀਦਾ ਕਿ ਸਰਕਾਰ ਦੀ ਨਵੀਂ ਪਾਲਿਸੀ ਆਉਣ ਨਾਲ ਇਨ੍ਹਾਂ 10 ਲੱਖ ਲੋਕਾਂ ਨੂੰ ਰੋਜ਼ੀ-ਰੋਟੀ ਦੇ ਲਾਲੇ ਪੈ ਜਾਣ। ਠੇਕੇਦਾਰਾਂ ਨੇ ਕਿਹਾ ਕਿ ਜੋ ਨਵੀਂ ਪਾਲਿਸੀ ਬਣ ਰਹੀ ਹੈ ਉਹ ਪਹਿਲਾਂ ਚੱਲ ਰਹੀ ਸਫ਼ਲ ਪਾਲਿਸੀ ਦੀ ਤਰਜ਼ ’ਤੇ ਹੀ ਬਣਨੀ ਚਾਹੀਦੀ ਹੈ ਅਤੇ ਉਸ ’ਚ ਕੋਟਾ ਫ਼ਿਕਸ ਹੀ ਰਹਿਣਾ ਚਾਹੀਦਾ ਹੈ, ਉਦੋਂ ਟ੍ਰੇਡ ’ਚ ਸਟੇਬਿਲਿਟੀ ਰਹਿ ਸਕਦੀ ਹੈ।
ਇਹ ਵੀ ਪੜ੍ਹੋ- 47 ਫੋਨ ਨੰਬਰਾਂ ਜ਼ਰੀਏ ਮੂਸੇਵਾਲਾ ਦੇ ਕਾਤਲਾਂ ਤੱਕ ਪੁਹੰਚੀ ਐੱਸ.ਆਈ.ਟੀ. , ਵੱਡੇ ਖੁਲਾਸੇ ਹੋਣ ਦੀ ਉਮੀਦ
ਪਿੰਦਰ ਬਰਾੜ ਅਤੇ ਵਿਨੇ ਨੇ ਕਿਹਾ ਕਿ ਪੰਜਾਬ ਵਿਚ ਐਕਸਾਈਜ਼ ਪਾਲਿਸੀ ਫਿਕਸ ਕੋਟੇ ਦੇ ਨਾਲ ਸਹੀ ਰਹੇਗੀ ਨਾ ਕਿ ਓਪਨ ਕੋਟੇ ਦੇ ਨਾਲ। ਉਨ੍ਹਾਂ ਕਿਹਾ ਕਿ ਓਪਨ ਕੋਟੇ ’ਚ ਨਾ ਸਿਰਫ਼ ਸਰਕਾਰ ਦੇ ਮਾਲੀਏ ਦਾ, ਠੇਕੇਦਾਰਾਂ ਦਾ ਸਗੋਂ ਖ਼ਪਤਕਾਰ ਦਾ ਵੀ ਨੁਕਸਾਨ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਜਿੰਨੀ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਤਿਆਰ ਹੋ ਰਹੀ ਨਵੀਂ ਪਾਲਿਸੀ ’ਚ ਜਿੱਥੇ ਇਕ ਪਾਸੇ ਤਾਂ ਕਹਿਣ ਨੂੰ 15 ਫ਼ੀਸਦੀ ਵਾਧਾ ਪਾ ਰਹੇ ਹਨ ਪਰ ਹੋਰ ਖ਼ਰਚੇ ਮਿਲਾ ਕੇ ਇਹ ਵਾਧਾ 42 ਫ਼ੀਸਦੀ ਤੱਕ ਪਹੁੰਚ ਜਾਂਦਾ ਹੈ, ਜੋ ਬਹੁਤ ਜ਼ਿਆਦਾ ਹੋਵੇਗਾ। ਉਥੇ ਹੀ ਮਾਲੀਆ ਵਧਾਉਣ ਦੇ ਨਾਲ ਹੀ ਸ਼ਰਾਬ ਦੇ ਰੇਟ ਘੱਟ ਕਰਨ ’ਤੇ ਫ਼ੋਕਸ ਕੀਤਾ ਜਾ ਰਿਹਾ ਹੈ। ਇਸ ਲਿਹਾਜ਼ ਨਾਲ ਪੰਜਾਬ ਵਿਚ ਸ਼ਰਾਬ ਦੀ ਖ਼ਪਤ ਕਈ ਗੁਣਾ ਵਧਾਉਣੀ ਹੋਵੇਗੀ। ਜਿਸ ਨਾਲ ਮਾਲੀਆ ਪੂਰਾ ਹੋ ਸਕੇ ਜੋ ਕਿ ਸਮਾਜ ਲਈ ਉਚਿਤ ਨਹੀਂ ਹੈ।
ਠੇਕੇਦਾਰਾਂ ਨੇ ਕਿਹਾ ਕਿ ਪੰਜਾਬ ਦੇ ਆਮ ਆਦਮੀ ਹੀ ਛੋਟੇ ਠੇਕੇਦਾਰ ਹਨ ਕਿਉਂਕਿ ਪਿਛਲੇ ਕਾਫ਼ੀ ਸਮੇਂ ਤੋਂ ਪੰਜਾਬ ’ਚ ਲਾਟਰੀ ਸਿਸਟਮ ਨਾਲ ਸ਼ਰਾਬ ਦੇ ਠੇਕੇ ਅਲਾਟ ਕੀਤੇ ਜਾਂਦੇ ਰਹੇ ਹਨ ਅਤੇ ਲਾਟਰੀ ਸਿਸਟਮ ’ਚ ਕੋਈ ਵੀ ਵਿਅਕਤੀ ਆਪਣੀ ਕਿਸਮਤ ਅਜ਼ਮਾ ਸਕਦਾ ਹੈ। ਛੋਟੇ ਸਰਕਲ ਹੋਣ ਕਾਰਨ ਛੋਟੇ ਵਪਾਰੀਆਂ ਲਈ ਬਿਜ਼ਨੈੱਸ ਕਰਨਾ ਸੰਭਵ ਹੋ ਸਕਿਆ ਹੈ ਪਰ ਜੇਕਰ ਵੱਡੇ ਠੇਕੇਦਾਰਾਂ ਨੂੰ ਹੀ ਸਭ ਫ਼ਾਇਦੇ ਮਿਲਣੇ ਹਨ ਤਾਂ ਫਿਰ ਸਾਰੇ ਛੋਟੇ ਠੇਕੇਦਾਰ ਘਰ ਬੈਠ ਜਾਣਗੇ ਅਤੇ ਭੁੱਖੇ ਮਰਨ ਦੀ ਨੌਬਤ ਆਵੇਗੀ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਇਕ ਹੋਰ ਵੱਡੀ ਪ੍ਰੇਸ਼ਾਨੀ ਇਹ ਖੜ੍ਹੀ ਹੋ ਰਹੀ ਹੈ ਕਿ ਮਾਰਚ ’ਚ ਹੋਏ ਵਾਧੇ ਤੋਂ ਬਾਅਦ ਸਾਰੇ ਸ਼ਰਾਬ ਕਾਰੋਬਾਰੀਆਂ ਨੇ ਕਰੋੜਾਂ ਰੁਪਏ ਦਾ ਸਮਾਨ ਆਪਣੀਆਂ ਦੁਕਾਨਾਂ ’ਚ ਰੱਖਿਆ ਹੋਇਆ ਹੈ। ਸਰਕਾਰ ਨੂੰ ਉਨ੍ਹਾਂ ਕਾਰੋਬਾਰੀਆਂ ਦੇ ਉਕਤ ਮਾਲ ਨੂੰ ਕਲੀਅਰ ਕਰਨ ਦਾ ਮੌਕਾ ਵੀ ਦੇਣਾ ਚਾਹੀਦਾ ਹੈ ਅਤੇ ਨਵੀਂ ਪਾਲਿਸੀ ਨੂੰ ਪੜਾਅਵਾਰ ਤਰੀਕੇ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਛੋਟੇ ਕਾਰੋਬਾਰੀਆਂ ਦਾ ਵੀ ਨੁਕਸਾਨ ਨਾ ਹੋਵੇ। ਸਰਕਾਰ ਦਾ ਮਾਲੀਆ ਵੀ ਵਧੇ ਅਤੇ ਸ਼ਰਾਬ ਸਸਤੀ ਹੋਣ ਨਾਲ ਖ਼ਪਤਕਾਰ ਨੂੰ ਵੀ ਫ਼ਾਇਦਾ ਹਾਸਲ ਹੋਵੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ਼ਰਾਬ ਦੇ ਮੌਜੂਦਾ ਛੋਟੇ ਕਾਰੋਬਾਰੀਆਂ ਨੂੰ ਨਵੀਂ ਐਕਸਾਈਜ਼ ਪਾਲਿਸੀ ਲਾਗੂ ਹੋਣ ਤੋਂ ਪਹਿਲਾਂ ਇਕ ਵਾਰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਜਾਵੇ ਤਾਂ ਕਿ ਨਵੀਂ ਪਾਲਿਸੀ ਕਾਰਨ ਆਉਣ ਵਾਲੇ ਬਦਲਾਵਾਂ ਦੇ ਸੰਭਾਵਤ ਨੁਕਸਾਨ ਬਾਰੇ ਵੀ ਸਰਕਾਰ ਨੂੰ ਜਾਣੂ ਕਰਵਾ ਕੇ ਉਨ੍ਹਾਂ ਦਾ ਹੱਲ ਕੱਢਿਆ ਜਾ ਸਕੇ।
ਨੋਟ ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ ?ਕੁਮੈਂਟ ਕਰਕੇ ਦੱਸੋ