ਪੰਚਾਇਤੀ ਚੋਣਾਂ ਲਈ ਵਾਰਡਬੰਦੀ ਦਾ ਕੰਮ ਆਖਰੀ ਪੜਾਅ ''ਤੇ : ਬਾਜਵਾ
Sunday, Apr 08, 2018 - 10:13 AM (IST)
ਚੰਡੀਗੜ੍ਹ (ਬਿਊਰੋ)-ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅੱਜ ਇਥੇ ਕਿਹਾ ਕਿ ਸੂਬੇ ਵਿਚ ਇਸ ਵਰ੍ਹੇ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਚੋਣਾਂ ਮੌਜੂਦਾ ਪੰਚਾਇਤੀ ਰਾਜ ਕਾਨੂੰਨ ਅਤੇ ਇਸ ਦੇ ਨਿਯਮਾਂ ਅਨੁਸਾਰ ਹੀ ਹੋਣਗੀਆਂ। ਉਨ੍ਹਾਂ ਕਿਹਾ ਕਿ ਇਸ ਸਾਲ ਦੇ ਅੱਧ ਵਿਚਾਲੇ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੀ ਵਾਰਡਬੰਦੀ ਦਾ ਕੰਮ ਆਖਰੀ ਪੜਾਅ 'ਤੇ ਹੈ। ਬਾਜਵਾ ਨੇ ਕਿਹਾ ਕਿ ਪੰਚਾਂ-ਸਰਪੰਚਾਂ ਲਈ ਦਸਵੀਂ ਪੱਧਰ ਤੱਕ ਦੀ ਵਿੱਦਿਅਕ ਯੋਗਤਾ ਮਿਥਣ ਅਤੇ ਦੋ ਤੋਂ ਵੱਧ ਬੱਚਿਆਂ ਵਾਲੇ ਵਿਅਕਤੀਆਂ ਨੂੰ ਪੰਚਾਇਤੀ ਚੋਣਾਂ ਲੜਨ ਲਈ ਅਯੋਗ ਕਰਾਰ ਦੇਣ ਵਾਲੇ ਵਿਚਾਰਾਂ ਉੱਤੇ ਆਮ ਸਹਿਮਤੀ ਨਾ ਬਣ ਸਕਣ ਕਾਰਨ ਇਹ ਮਾਮਲੇ ਹਾਲ ਦੀ ਘੜੀ ਛੱਡ ਦਿੱਤੇ ਗਏ ਹਨ।
ਪੰਚਾਇਤ ਮੰਤਰੀ ਨੇ ਦੱਸਿਆ ਕਿ ਆਗਾਮੀ ਪੰਚਾਇਤੀ ਰਾਜ ਚੋਣਾਂ ਚਾਰ ਦੀ ਬਜਾਏ ਦੋ ਪੜਾਵਾਂ ਵਿਚ ਕਰਵਾਈਆਂ ਜਾਣਗੀਆਂ। ਪਹਿਲੇ ਪੜਾਅ ਵਿਚ ਬਲਾਕ ਸੰਮਤੀਆਂ ਤੇ ਜ਼ਿਲਾ ਪ੍ਰੀਸ਼ਦਾਂ ਦੀਆਂ ਚੋਣਾਂ ਹੋਣਗੀਆਂ ਅਤੇ ਦੂਜੇ ਪੜਾਅ ਵਿਚ ਪੰਚਾਇਤਾਂ ਲਈ ਪੰਚ ਅਤੇ ਸਰਪੰਚ ਚੁਣੇ ਜਾਣਗੇ। ਇਨ੍ਹਾਂ ਦੋਹਾਂ ਪੜਾਵਾਂ ਵਿਚ ਤਕਰੀਬਨ ਇਕ ਮਹੀਨੇ ਦਾ ਵਕਫਾ ਹੋਵੇਗਾ। ਪੰਜਾਬ ਸਰਕਾਰ ਵੱਲੋਂ ਪਿਛਲੇ ਵਿਧਾਨ ਸਭਾ ਇਜਲਾਸ ਵਿਚ ਪਾਸ ਕੀਤੇ ਗਏ ਕਾਨੂੰਨ ਅਨੁਸਾਰ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਇਨ੍ਹਾਂ ਚੋਣਾਂ ਵਿਚ ਸੀਟਾਂ ਔਰਤਾਂ ਲਈ ਰਾਖਵੀਆਂ ਕੀਤੀਆਂ ਜਾਣਗੀਆਂ।
