ਲੰਮੀ ਉਡੀਕ ਖ਼ਤਮ: ਜਲੰਧਰ ''ਚ ਨਾਜਾਇਜ਼ ਬੱਸਾਂ ’ਤੇ ‘ਐਕਸ਼ਨ’ ਲੈਣ ਲਈ 2 ਜੀ. ਐੱਮ. ਤਾਇਨਾਤ

Wednesday, Nov 10, 2021 - 10:39 AM (IST)

ਲੰਮੀ ਉਡੀਕ ਖ਼ਤਮ: ਜਲੰਧਰ ''ਚ ਨਾਜਾਇਜ਼ ਬੱਸਾਂ ’ਤੇ ‘ਐਕਸ਼ਨ’ ਲੈਣ ਲਈ 2 ਜੀ. ਐੱਮ. ਤਾਇਨਾਤ

ਜਲੰਧਰ (ਪੁਨੀਤ)– ਪੰਜਾਬ ਰੋਡਵੇਜ਼ ਜਲੰਧਰ ਦੇ ਦੋਵਾਂ ਡਿਪੂਆਂ ਵਿਚ ਲੰਮੇ ਸਮੇਂ ਤੋਂ ਜੀ. ਐੱਮ. ਦੇ ਅਹੁਦੇ ’ਤੇ ਪੱਕੀ ਨਿਯੁਕਤੀ ਨਾ ਹੋਣ ਨਾਲ ਬੱਸ ਅੱਡੇ ਦੇ ਬਾਹਰ 500 ਮੀਟਰ ਤੱਕ ਬੱਸਾਂ ਦੀ ਚੈਕਿੰਗ/ਕਾਰਵਾਈ ਕਰਨ ਲਈ ਦਿੱਤੇ ਗਏ ਨਵੇਂ ਅਧਿਕਾਰੀਆਂ ਨੇ ਕੋਈ ਐਕਸ਼ਨ ਨਹੀਂ ਲਿਆ ਸੀ। ਹੁਣ ਰਾਜਾ ਵੜਿੰਗ ਦੇ ਮੰਤਰੀ ਬਣਨ ਤੋਂ ਬਾਅਦ ਨਵੀਂ ਨਿਯੁਕਤੀ ਨੂੰ ਲੈ ਕੇ ਜਿਹੜੀ ਉਡੀਕ ਚੱਲ ਰਹੀ ਸੀ, ਉਹ ਮੰਗਲਵਾਰ ਖ਼ਤਮ ਹੋ ਗਈ ਅਤੇ ਜਲੰਧਰ ਦੇ ਦੋਵਾਂ ਡਿਪੂਆਂ ਵਿਚ ਪੱਕੇ ਤੌਰ ’ਤੇ ਜੀ. ਐੱਮ. ਨਿਯੁਕਤ ਕਰ ਦਿੱਤੇ ਗਏ।

ਅਜਿਹਾ ਅੰਦਾਜ਼ਾ ਸੀ ਕਿ ਜਲੰਧਰ ਦੇ ਦੋਵਾਂ ਡਿਪੂਆਂ ਦਾ ਚਾਰਜ ਇਕ ਹੀ ਜੀ. ਐੱਮ. ਨੂੰ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਬੱਸਾਂ ਦੀ ਚੈਕਿੰਗ ਸ਼ੁਰੂ ਹੋਵੇਗੀ ਪਰ ਹੁਣ ਇਕੱਠੀ 2 ਜੀ. ਐੱਮਜ਼ ਦੀ ਤਾਇਨਾਤੀ ਕੀਤੀ ਗਈ ਹੈ, ਜਿਸ ਕਾਰਨ 500 ਮੀਟਰ ਇਲਾਕੇ ਵਿਚ ਬੱਸਾਂ ਦੀ ਚੈਕਿੰਗ ਕਰਨ ਦਾ ਕੰਮ 2 ਅਧਿਕਾਰੀਆਂ ਦੀ ਅਗਵਾਈ ਵਿਚ ਸ਼ੁਰੂ ਹੋ ਸਕੇਗਾ ਅਤੇ ਨਾਜਾਇਜ਼ ਬੱਸਾਂ ’ਤੇ ਵੱਡੇ ਪੱਧਰ ’ਤੇ ਕਾਰਵਾਈ ਕੀਤੀ ਜਾਵੇਗੀ।

ਇਸ ਸਮੇਂ ਜਲੰਧਰ ਦੇ ਦੋਵਾਂ ਡਿਪੂਆਂ ਦਾ ਚਾਰਜ ਪਰਮਵੀਰ ਸਿੰਘ ਸੰਭਾਲ ਰਹੇ ਹਨ, ਜਦਕਿ ਉਨ੍ਹਾਂ ਕੋਲ ਚੰਡੀਗੜ੍ਹ ਦੇ ਜੀ. ਐੱਮ. ਸਟੋਰ (ਪ੍ਰਚੇਜ਼) ਦਾ ਅਹਿਮ ਕੰਮ ਵੀ ਹੈ। ਇਸ ਕਾਰਨ ਕਦੀ ਉਹ ਚੰਡੀਗੜ੍ਹ ਹੁੰਦੇ ਹਨ ਅਤੇ ਕਦੀ ਉਨ੍ਹਾਂ ਨੂੰ ਜਲੰਧਰ ਆ ਕੇ ਕੰਮਕਾਜ ਦੇਖਣਾ ਪੈਂਦਾ ਹੈ। ਇਥੇ ਪੱਕੇ ਤੌਰ ’ਤੇ ਜੀ. ਐੱਮ. ਦੀ ਤਾਇਨਾਤੀ ਦਾ ਹੋਣ ਦਾ ਮੁੱਦਾ ‘ਜਗ ਬਾਣੀ’ ਵੱਲੋਂ ਪ੍ਰਮੁੱਖਤਾ ਨਾਲ ਉਠਾਇਆ ਗਿਆ, ਜਿਸ ਤੋਂ ਬਾਅਦ ਆਖਿਰ ਦੋਵਾਂ ਡਿਪੂਆਂ ਵਿਚ 2 ਨਵੇਂ ਜੀ. ਐੱਮਜ਼ ਦੀ ਤਾਇਨਾਤੀ ਕਰ ਦਿੱਤੀ ਗਈ ਹੈ। ਇਸ ਲੜੀ ਵਿਚ ਜਲੰਧਰ ਡਿਪੂ-1 ਦਾ ਚਾਰਜ ਬਟਾਲਾ ਦੇ ਜੀ. ਐੱਮ. ਜਗਰਾਜ ਸਿੰਘ ਨੂੰ ਸੌਂਪਿਆ ਗਿਆ ਹੈ, ਜਦੋਂ ਕਿ ਡਿਪੂ-2 ਦੀ ਜ਼ਿੰਮੇਵਾਰੀ ਮੋਗਾ ਦੇ ਜੀ. ਐੱਮ. ਰਿਸ਼ੀ ਸ਼ਰਮਾ ਨੂੰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਕਬਰਾਂ ’ਚ ਦੀਵੇ ਨੇ, ਸ਼ਹੀਦਾਂ ਘਰੀਂ ਹਨੇਰੇ ਨੇ, ਸ਼ਹਾਦਤਾਂ ਦਾ ਸਿਆਸੀਕਰਨ ਕਰਨ ਵਾਲੇ ਮੁੜ ਨੀਂ ਲੈਂਦੇ ਪਰਿਵਾਰਾਂ ਦੀ ਸਾਰ

PunjabKesari

ਦੋਵਾਂ ਅਧਿਕਾਰੀਆਂ ਲਈ ਜਲੰਧਰ ਵਿਚ ਬਤੌਰ ਜੀ. ਐੱਮ. ਇਹ ਪਹਿਲੀ ਤਾਇਨਾਤੀ ਹੈ, ਜਿਸ ਕਾਰਨ ਉਨ੍ਹਾਂ ਨੂੰ ਇਸ ਅਹਿਮ ਜ਼ਿੰਮੇਵਾਰੀ ਨੂੰ ਸੂਝ-ਬੂਝ ਨਾਲ ਨਿਭਾਉਣਾ ਹੋਵੇਗਾ। ਹੁਕਮ ਸ਼ਾਮੀਂ ਜਾਰੀ ਹੋਏ ਹਨ, ਜਿਸ ਕਾਰਨ ਅਧਿਕਾਰੀ ਫਿਲਹਾਲ ਆਪਣਾ ਚਾਰਜ ਨਹੀਂ ਸੰਭਾਲ ਸਕੇ। ਜਾਣਕਾਰ ਦੱਸਦੇ ਹਨ ਕਿ ਕਿਸੇ ਸਮੇਂ ਜਲੰਧਰ ਵਿਚ ਤਾਇਨਾਤੀ ਲਈ ਸਿਫਾਰਸ਼ਾਂ ਅਤੇ ਕਈ ਤਰ੍ਹਾਂ ਦੇ ਯਤਨ ਕਰਨੇ ਪੈਂਦੇ ਸਨ ਪਰ ਪਿਛਲੇ ਕੁਝ ਸਮੇਂ ਦੌਰਾਨ ਕੋਈ ਅਧਿਕਾਰੀ ਜਲੰਧਰ ਵਿਚ ਆਪਣਾ ਤਬਾਦਲਾ ਕਰਵਾਉਣ ਨੂੰ ਤਿਆਰ ਨਹੀਂ ਹੋ ਰਿਹਾ ਸੀ। ਜਿਹੜੇ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਜਾਂਦਾ ਰਿਹਾ, ਉਹ ਕੁਝ ਹੀ ਸਮੇਂ ਵਿਚ ਜਲੰਧਰ ਤੋਂ ਆਪਣਾ ਤਬਾਦਲਾ ਕਰਵਾ ਲੈਂਦੇ ਸਨ। ਇਸ ਲੜੀ ਵਿਚ ਡਿਪੂ-2 ਦੇ ਅਹੁਦੇ ’ਤੇ ਤਾਇਨਾਤ ਅਧਿਕਾਰੀ ਵੱਲੋਂ ਵੀ. ਆਰ. ਐੱਸ. ਲੈ ਕੇ ਕੰਮ ਛੱਡਿਆ ਜਾ ਚੁੱਕਾ ਹੈ। ਚੰਡੀਗੜ੍ਹ ਵਿਚ ਜੀ. ਐੱਮ. ਪ੍ਰਚੇਜ਼ ਸਮੇਤ ਜਲੰਧਰ ਦੇ ਦੋਵਾਂ ਡਿਪੂਆਂ ਦਾ ਚਾਰਜ ਸੰਭਾਲ ਰਹੇ ਪਰਮਵੀਰ ਸਿੰਘ ਵੀ ਪਿਛਲੇ ਸਮੇਂ ਦੌਰਾਨ ਮੈਡੀਕਲ ਛੁੱਟੀ ’ਤੇ ਚਲੇ ਗਏ ਸਨ। ਇਸ ਦੌਰਾਨ ਨਵਾਂ ਜੀ. ਐੱਮ. ਲਾਏ ਜਾਣ ਦੀ ਸੰਭਾਵਨਾ ਸੀ ਪਰ ਫਾਈਲ ਕਲੀਅਰ ਨਹੀਂ ਹੋ ਸਕੀ। ਹੁਣ ਲੰਮੀ ਉਡੀਕ ਖ਼ਤਮ ਹੋ ਗਈ ਹੈ ਅਤੇ ਨਵੇਂ ਜੀ. ਐੱਮ. ਲਈ 500 ਮੀਟਰ ਇਲਾਕੇ ਅੰਦਰ ਬੱਸਾਂ ਦੀ ਚੈਕਿੰਗ ਕਰਨਾ ਅਹਿਮ ਜ਼ਿੰਮੇਵਾਰੀ ਹੋਵੇਗੀ।

ਜਲੰਧਰ ਵਿਚ ਬੱਸ ਅੱਡੇ ਦੇ ਬਾਹਰੋਂ ਕਈ ਟਰਾਂਸਪੋਰਟਰਾਂ ਦੀਆਂ ਬੱਸਾਂ ਨਿਯਮਾਂ ਦੇ ਉਲਟ ਚੱਲਦੀਆਂ ਹਨ ਪਰ ਜੀ. ਐੱਮ. ਕੋਲ ਬੱਸ ਅੱਡੇ ਦੇ ਬਾਹਰ ਬੱਸਾਂ ਦੀ ਚੈਕਿੰਗ ਕਰਨ ਦੇ ਅਧਿਕਾਰ ਨਹੀਂ ਸਨ। ਇਸ ਲੜੀ ਵਿਚ ਰਾਜਾ ਵੜਿੰਗ ਵੱਲੋਂ ਨਵੇਂ ਨਿਯਮ ਬਣਾਉਂਦੇ ਹੋਏ ਜੀ. ਐੱਮ. ਨੂੰ 500 ਮੀਟਰ ਤੱਕ ਬੱਸਾਂ ਦੀ ਚੈਕਿੰਗ ਕਰਨ ਦੇ ਅਧਿਕਾਰ ਦਿੱਤੇ ਜਾ ਚੁੱਕੇ ਹਨ ਪਰ ਜਲੰਧਰ ਵਿਚ ਪੱਕੇ ਤੌਰ ’ਤੇ ਜੀ. ਐੱਮ. ਨਾ ਹੋਣ ਕਾਰਨ ਇਨ੍ਹਾਂ ਅਧਿਕਾਰਾਂ ਦੀ ਵਰਤੋਂ ਨਹੀਂ ਹੋ ਸਕੀ।
ਹੁਣ ਵੇਖਣਾ ਹੋਵੇਗਾ ਕਿ ਨਵੇਂ ਜੀ. ਐੱਮ. ਇਨ੍ਹਾਂ ਅਧਿਕਾਰਾਂ ਦੀ ਵਰਤੋਂ ਕਿਸ ਢੰਗ ਨਾਲ ਕਰਦੇ ਹਨ ਕਿਉਂਕਿ ਰਾਜਾ ਵੜਿੰਗ ਵੱਲੋਂ ਨਾਜਾਇਜ਼ ਬੱਸਾਂ ਖ਼ਿਲਾਫ਼ ਵੱਡੇ ਪੱਧਰ ’ਤੇ ਐਕਸ਼ਨ ਲਿਆ ਜਾ ਰਿਹਾ ਹੈ। ਨਾਜਾਇਜ਼ ਬੱਸਾਂ ਖ਼ਿਲਾਫ਼ ਨਵੇਂ ਜੀ. ਐੱਮ. ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ’ਤੇ ਸਭ ਦੀਆਂ ਨਜ਼ਰਾਂ ਹੋਣਗੀਆਂ। ਦੂਜੇ ਪਾਸੇ ਵੜਿੰਗ ਦੇ ਦਫ਼ਤਰ ਵੱਲੋਂ ਇਸ ’ਤੇ ਤਿੱਖੀ ਨਜ਼ਰ ਰੱਖੀ ਜਾਵੇਗੀ।

ਇਹ ਵੀ ਪੜ੍ਹੋ: ਜਲੰਧਰ: ਪੁਲਸ ਕਸਟਡੀ 'ਚੋਂ ਭੱਜੇ ਹਿਮਾਂਸ਼ ਵਰਮਾ ਦੀ ਸੂਚਨਾ ਦੇਣ ਵਾਲੇ ਲਈ ਪੁਲਸ ਨੇ ਰੱਖਿਆ ਵੱਡਾ ਇਨਾਮ

ਸਰਕਾਰੀ ਬੱਸਾਂ ਦੇ ਲਾਭ ਵਿਚ ਰੋਜ਼ਾਨਾ ਹੋ ਰਿਹੈ ਵਾਧਾ
ਦੂਜੇ ਪਾਸੇ ਸਰਕਾਰੀ ਬੱਸਾਂ ਦੇ ਚਾਲਕਾਂ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਦੌਰਾਨ ਹੋਣ ਵਾਲੀ ਕਾਰਵਾਈ ਕਾਰਨ ਨਾਜਾਇਜ਼ ਬੱਸਾਂ ਦੀ ਗਿਣਤੀ ਵਿਚ ਕਮੀ ਆਈ ਹੈ, ਜਿਸ ਕਾਰਨ ਸਰਕਾਰੀ ਬੱਸਾਂ ਵਿਚ ਯਾਤਰੀਆਂ ਦੀ ਗਿਣਤੀ ਕਾਫ਼ੀ ਵਧ ਚੁੱਕੀ ਹੈ। ਮਹਿਕਮੇ ਦੇ ਲਾਭ ਵਿਚ ਰੋਜ਼ਾਨਾ ਵਾਧਾ ਹੋ ਰਿਹਾ ਹੈ। ਪਿਛਲੇ ਸਮੇਂ ਦੇ ਮੁਕਾਬਲੇ ਰਾਜਾ ਵੜਿੰਗ ਦੇ ਚਾਰਜ ਸੰਭਾਲਣ ਤੋਂ ਬਾਅਦ ਸਰਕਾਰੀ ਬੱਸਾਂ ਜ਼ਰੀਏ ਕਰੋੜਾਂ ਰੁਪਏ ਦਾ ਲਾਭ ਹਾਸਲ ਹੋਇਆ ਹੈ, ਇਸ ਲਈ ਅਧਿਕਾਰੀਆਂ ਨੂੰ ਵੀ ਨਾਜਾਇਜ਼ ਬੱਸਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News