ਪੰਜਾਬ ਰੋਡਵੇਜ਼ ਦੇ ਡਰਾਈਵਰ ਤੇ ਕੰਡਕਟਰ ਨੇ ਪੇਸ਼ ਕੀਤੀ ਈਮਾਨਦਾਰੀ ਦੀ ਮਿਸਾਲ
Monday, Jan 30, 2023 - 12:03 PM (IST)
ਲੁਧਿਆਣਾ (ਮੋਹਿਨੀ) : ਅੱਜ ਦੇ ਜ਼ਮਾਨੇ ’ਚ ਜਿੱਥੇ ਕੁਝ ਰੁਪਏ ਦੀ ਚੀਜ਼ ਨੂੰ ਲੈ ਕੇ ਇਨਸਾਨ ਦਾ ਇਮਾਨ ਡੋਲ ਜਾਂਦਾ ਹੈ, ਉੱਥੇ ਪੰਜਾਬ ਰੋਡਵੇਜ਼ ਵੋਲਵੋ ਬੱਸ ਦੇ ਡਰਾਈਵਰ ਪਰਵਿੰਦਰ ਸਿੰਘ ਅਤੇ ਕੰਡਕਟਰ ਸਤੀਸ਼ ਕੁਮਾਰ ਨੇ ਆਪਣੀ ਈਮਾਨਦਾਰੀ ਦਾ ਸਬੂਤ ਦਿੱਤਾ ਹੈ। ਜਾਣਕਾਰੀ ਮੁਤਾਬਕ ਦਿੱਲੀ ਏਅਰਪੋਰਟ ਤੋਂ ਜਲੰਧਰ ਨੂੰ ਜਾ ਰਹੀ ਵੋਲਵੋ ਬੱਸ ’ਚ ਇਕ ਯਾਤਰੀ ਆਪਣਾ ਲੈਪਟਾਪ ਅਤੇ ਜ਼ਰੂਰੀ ਕਾਗਜ਼ਾਤ ਬੱਸ ’ਚ ਹੀ ਭੁੱਲ ਗਿਆ ਅਤੇ ਜਲੰਧਰ ਬੱਸ ਸਟੈਂਡ ਆਪਣੀ ਮੰਜ਼ਿਲ ’ਤੇ ਉੱਤਰ ਗਿਆ। ਜਦ ਵੋਲਵੋ ਬੱਸ ਲੁਧਿਆਣਾ ਡਿਪੂ ’ਚ ਵਾਪਸ ਆਈ ਤਾਂ ਕੰਡਕਟਰ ਸਤੀਸ਼ ਕੁਮਾਰ ਨੇ ਦੇਖਿਆ ਕਿ ਕੋਈ ਸਵਾਰੀ ਆਪਣਾ ਸਾਮਾਨ ਭੁੱਲ ਗਈ ਹੈ, ਜਿਸ ’ਤੇ ਉਨ੍ਹਾਂ ਨੇ ਉਸ ਨੂੰ ਚੈੱਕ ਕੀਤਾ ਤਾਂ ਉਸ ’ਚ ਸਵਾਰੀ ਦਾ ਪਤਾ ਮਿਲ ਗਿਆ ਹੈ, ਜੋ ਗੁਰਦਾਸਪੁਰ ਦਾ ਸੀ ਅਤੇ ਤੁਰੰਤ ਫੋਨ ਕਰ ਕੇ ਯਾਤਰੀ ਨੂੰ ਸਾਰੀ ਜਾਣਕਾਰੀ ਦਿੱਤੀ।
ਇਸ ਬਾਰੇ ਸਟਾਫ ਨੇ ਰੋਡਵੇਜ਼ ਜੀ. ਐੱਮ. ਨਵਰਾਜ ਬਾਤਿਸ਼ ਨੂੰ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਪੂਰੀ ਜਾਂਚ-ਪੜਤਾਲ ਹੋਣ ’ਤੇ ਯਾਤਰੀ ਪ੍ਰਭਜੋਤ ਸਿੰਘ ਲੁਧਿਆਣਾ ਰੋਡਵੇਜ਼ ਡਿਪੂ ’ਚ ਆਇਆ ਅਤੇ ਡਿਊਟੀ ਸੈਕਸ਼ਨ ਜਸਬੀਰ ਸਿੰਘ, ਡਿਪੂ ਪ੍ਰਧਾਨ ਸਤਨਾਮ ਸਿੰਘ, ਡਰਾਈਵਰ ਪਰਵਿੰਦਰ ਸਿੰਘ ਅਤੇ ਕੰਡਕਟਰ ਸਤੀਸ਼ ਕੁਮਾਰ ਦੀ ਨਿਗਰਾਨੀ ’ਚ ਲੈਪਟਾਪ ਅਤੇ ਸਰਟੀਫਿਕੇਟ ਸਮੇਤ ਜ਼ਰੂਰੀ ਕਾਗਜ਼ਾਤ ਸੌਂਪੇ, ਜਿਸ ’ਤੇ ਯਾਤਰੀ ਪ੍ਰਭਜੋਤ ਸਿੰਘ ਨੇ ਆਪਣਾ ਸਾਮਾਨ ਮਿਲਣ ’ਤੇ ਚਾਲਕ ਕੰਡਕਟਰ ਦੀ ਈਮਾਨਦਾਰੀ ਦੀ ਮਿਸਾਲ ਦਿੱਤੀ ਅਤੇ ਕਿਹਾ ਕਿ ਰੋਡਵੇਜ਼ ਸਟਾਫ ਨੇ ਆਪਣੀ ਪੂਰੀ ਈਮਾਨਦਾਰੀ ਨਿਭਾਈ ਹੈ।