ਪੰਜਾਬ ਜਲ ਸਰੋਤ ਮੁਲਾਜ਼ਮਾਂ ਕੀਤੀ ਤਨਖਾਹ ਨਾ ਮਿਲਣ ''ਤੇ ਰੋਸ ਰੈਲੀ
Thursday, Mar 01, 2018 - 11:46 PM (IST)
ਹੁਸ਼ਿਆਰਪੁਰ, (ਘੁੰਮਣ)- ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਦੇ ਮੁਲਾਜ਼ਮਾਂ ਵੱਲੋਂ ਜਨਵਰੀ ਅਤੇ ਫਰਵਰੀ ਮਹੀਨੇ ਦੀ ਤਨਖਾਹ ਨੂੰ ਲੈ ਕੇ ਨਿਗਰਾਨ ਇੰਜੀਨੀਅਰ ਟਿਊਬਵੈੱਲ ਸਰਕਲ, ਹੁਸ਼ਿਆਰਪੁਰ ਦੇ ਦਫ਼ਤਰ ਅੱਗੇ ਰੋਸ ਰੈਲੀ ਕੀਤੀ ਗਈ। ਅੱਜ ਦੀ ਇਹ ਰੈਲੀ ਪੰਜਾਬ ਜਲ ਸਰੋਤ ਸਾਂਝੀ ਐਕਸ਼ਨ ਕਮੇਟੀ ਪੰਜਾਬ, ਚੰਡੀਗੜ੍ਹ ਦੇ ਸੱਦੇ 'ਤੇ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਦੇ ਸਕੱਤਰ ਸਤੀਸ਼ ਰਾਣਾ ਨੇ ਦੱਸਿਆ ਕਿ ਅੱਜ ਸਮੁੱਚੇ ਪੰਜਾਬ ਅੰਦਰ ਜਲ ਸਰੋਤ ਦੇ ਅਦਾਰਿਆਂ ਅੱਗੇ ਇਹ ਰੈਲੀਆਂ ਕੀਤੀਆਂ ਗਈਆਂ ਹਨ, ਕਿਉਂਕਿ ਇਸ ਅਦਾਰੇ ਦੇ ਮੁਲਾਜ਼ਮਾਂ ਨੂੰ ਮਹੀਨਾ ਜਨਵਰੀ ਅਤੇ ਫਰਵਰੀ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਤਨਖਾਹ ਨਸੀਬ ਨਹੀਂ ਹੋਈ। ਉਕਤ ਮੁਲਾਜ਼ਮ ਆਰਥਿਕ ਤੇ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ।
ਰੈਲੀ ਦੌਰਾਨ ਮੁਲਾਜ਼ਮਾਂ ਵੱਲੋਂ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦਾ ਖੂਬ ਪਿਟ ਸਿਆਪਾ ਕੀਤਾ। ਇਸ ਮੌਕੇ ਆਗੂਆਂ ਆਖਿਆ ਕਿ ਜੇਕਰ 6 ਮਾਰਚ ਤੱਕ ਤਨਖਾਹ ਜਾਰੀ ਨਾ ਕੀਤੀ ਗਈ ਤਾਂ 7 ਮਾਰਚ ਤੋਂ ਸਾਂਝੀ ਐਕਸ਼ਨ ਕਮੇਟੀ ਦੇ ਫੈਸਲੇ ਅਨੁਸਾਰ ਸਮੁੱਚਾ ਦਫ਼ਤਰੀ ਤੇ ਫੀਲਡ ਦਾ ਕੰਮ ਠੱਪ ਕੀਤਾ ਜਾਵੇਗਾ। ਸ੍ਰੀ ਰਾਣਾ ਨੇ ਦੱਸਿਆ ਕਿ ਇਕ ਪਾਸੇ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਦਿੱਤੀ ਜਾ ਰਹੀ, ਦੂਜੇ ਪਾਸੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਵੀ ਲਗਾਤਾਰ ਲਟਕਾਇਆ ਜਾ ਰਿਹਾ ਹੈ। ਮੰਗਾਂ ਦਾ ਵਰਣਨ ਕਰਦਿਆਂ ਸ੍ਰੀ ਰਾਣਾ ਨੇ ਦੱਸਿਆ ਕਿ ਕੋਰਟ ਕੇਸਾਂ ਦੇ ਫੈਸਲੇ ਮੁਲਾਜ਼ਮ ਹਿੱਤਾਂ ਵਿਚ ਹੋਣ ਦੇ ਬਾਵਜੂਦ ਲਾਗੂ ਨਹੀਂ ਕੀਤੇ ਜਾ ਰਹੇ, ਉਲਟ ਨਾਜਾਇਜ਼ ਰਿਕਵਰੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਬਾਵਜੂਦ ਪਰਖਕਾਲ ਸਮਾਂ ਤਿੰਨ ਸਾਲ ਤੋਂ ਦੋ ਸਾਲ ਨਹੀਂ ਕੀਤਾ ਜਾ ਰਿਹਾ, ਮ੍ਰਿਤਕ ਮੁਲਾਜ਼ਮਾਂ ਦੇ ਵਾਰਿਸਾਂ ਦਾ ਬਣਦਾ ਮਕਾਨ ਕਿਰਾਇਆ ਭੱਤਾ ਨਹੀਂ ਦਿੱਤਾ ਜਾ ਰਿਹਾ, ਰਹਿੰਦੇ ਮੁਲਾਜ਼ਮਾਂ ਦੇ ਈ.ਪੀ.ਐੱਫ. ਤੇ ਸੀ.ਪੀ.ਐੱਫ. ਦੇ ਖਾਤੇ ਨਹੀਂ ਖੋਲ੍ਹੇ ਜਾ ਰਹੇ ਅਤੇ ਉਨ੍ਹਾਂ ਦੇ ਪੈਸੇ ਨੂੰ ਅੰਨ੍ਹੇ ਖੂਹ ਵਿਚ ਸੁੱਟਿਆ ਜਾ ਰਿਹਾ ਹੈ, ਖਾਲੀ ਪੋਸਟਾਂ 'ਤੇ ਰੈਗੂਲਰ ਭਰਤੀ ਕਰਨ ਪ੍ਰਤੀ ਮੈਨੇਜਮੈਂਟ ਤੇ ਸਰਕਾਰ ਗੰਭੀਰ ਨਹੀਂ ਹੈ, ਜਿਸ ਕਰਕੇ ਕੰਮ ਦਾ ਬੋਝ ਥੋੜ੍ਹੇ ਰਹਿ ਗਏ ਮੁਲਾਜ਼ਮਾਂ 'ਤੇ ਹੀ ਪੈ ਰਿਹਾ ਹੈ ਅਤੇ ਫੀਲਡ ਦਾ ਕੰਮ ਲਗਾਤਾਰ ਪ੍ਰਭਾਵਿਤ ਹੋ ਰਿਹਾ ਹੈ। ਇੱਥੋਂ ਤੱਕ ਕਿ ਮੁਲਾਜ਼ਮਾਂ ਦੇ ਛੋਟੇ-ਛੋਟੇ ਬਕਾਏ ਵੀ ਨਹੀਂ ਦਿੱਤੇ ਜਾ ਰਹੇ। ਰਾਣਾ ਨੇ ਕਿਹਾ ਕਿ 21 ਫਰਵਰੀ ਨੂੰ ਮੈਨੇਜਮੈਂਟ ਨਾਲ ਐਕਸ਼ਨ ਕਮੇਟੀ ਦੀ ਮੀਟਿੰਗ ਦੌਰਾਨ ਉਕਤ ਮੰਗਾਂ ਸਬੰਧੀ ਜੋ ਫੈਸਲੇ ਹੋਏ ਹਨ, ਜੇਕਰ ਇਨ੍ਹਾਂ ਫੈਸਲਿਆਂ ਨੂੰ ਅਮਲੀ ਰੂਪ ਨਾ ਦਿੱਤਾ ਗਿਆ ਤਾਂ 15 ਮਾਰਚ ਨੂੰ ਐਕਸ਼ਨ ਕਮੇਟੀ ਵੱਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਦੇ ਸਮੁੱਚੇ ਮੁਲਾਜ਼ਮ ਸਮੂਹਿਕ ਛੁੱਟੀ ਲੈ ਕੇ ਮੁੱਖ ਦਫ਼ਤਰ ਚੰਡੀਗੜ੍ਹ ਅੱਗੇ ਧਰਨਾ ਦੇਣਗੇ।
ਅੱਜ ਦੀ ਰੈਲੀ ਨੂੰ ਪੰਜਾਬ ਜਲ ਸਰੋਤ ਸਾਂਝੀ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ, ਚੰਡੀਗੜ੍ਹ ਦੇ ਸੂਬਾ ਸਕੱਤਰ ਸਤੀਸ਼ ਰਾਣਾ, ਯੂਨਿਟ ਹੁਸ਼ਿਆਰਪੁਰ ਦੇ ਆਗੂ ਰਾਜ ਕੁਮਾਰ, ਕੁਲਵਿੰਦਰ ਸਿੰਘ, ਜਤਿੰਦਰ ਸਿੰਘ, ਗਗਨ ਦੀਪ, ਇੰਦਰਜੀਤ, ਰਾਕੇਸ਼ ਕੁਮਾਰ, ਗੰਗਾ ਦੇਵੀ, ਹਰਪ੍ਰੀਤ ਸਿੰਘ, ਪਰਮਜੀਤ ਸਿੰਘ ਆਦਿ ਨੇ ਸੰਬੋਧਨ ਕੀਤਾ।
