ਪੰਜਾਬ ’ਚ ਵੱਧ ਰਹੇ ਗਰਮੀ ਦੇ ਕਹਿਰ ਤੋਂ ਮਿਲਣ ਜਾ ਰਹੀ ਰਾਹਤ, ਇਸ ਤਾਰੀਖ਼ ਤੋਂ ਪਵੇਗਾ ਮੀਂਹ
Monday, May 22, 2023 - 06:20 PM (IST)
ਲੁਧਿਆਣਾ (ਬਸਰਾ) : ਗਰਮੀ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਮਈ ਮਹੀਨੇ ਦੀ ਗੱਲ ਕਰੀਏ ਤਾ ਐਤਵਾਰ ਨੂੰ ਤਾਪਮਾਨ ਆਪਣੇ ਰਿਕਾਰਡ ਪੱਧਰ ਉਪਰ 44.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੂਬੇ ਭਰ ਵਿਚ ਸਭ ਤੋਂ ਵੱਧ ਤਾਪਮਾਨ ਸਮਰਾਲਾ ਲੁਧਿਆਣਾ ਦਾ ਦਰਜ ਕੀਤਾ ਗਿਆ ਹੈ। ਤੇਜ਼ ਧੁੱਪ ਨੇ ਲੋਕਾਂ ਨੂੰ ਆਪਣੇ ਘਰਾਂ ਵਿਚ ਡੱਕੀ ਰੱਖਿਆ। ਸਵੇਰੇ 11 ਵਜੇ ਹੀ ਧੁੱਪ ਨੇ ਆਪਣਾ ਜ਼ੋਰ ਦਿਖਾਉਣਾ ਸ਼ੁਰੂ ਕਰ ਦਿੱਤਾ, ਜਿਸ ਦੇ ਚੱਲਦਿਆਂ ਸੜਕਾਂ ਅਤੇ ਬਾਜ਼ਾਰਾਂ ਵਿਚ ਸੰਨਾਟਾ ਪਸਰਿਆ ਰਿਹਾ। ਆਮ ਤੌਰ ’ਤੇ ਦੁਕਾਨਦਾਰਾਂ ਨੂੰ ਐਤਵਾਰ ਗਾਹਕਾਂ ਦਾ ਵਧੇਰੇ ਇੰਤਜ਼ਾਰ ਰਹਿੰਦਾ ਹੈ ਕਿਉਂਕਿ ਛੁੱਟੀ ਵਾਲੇ ਦਿਨ ਆਮ ਲੋਕਾਂ ਕੋਲ ਵਿਹਲ ਹੁੰਦਾ ਹੈ ਤੇ ਉਹ ਖਰੀਦਦਾਰੀ ਕਰਨ ਲਈ ਬਾਜ਼ਾਰਾਂ ਦਾ ਰੁਖ਼ ਕਰਦੇ ਹਨ ਪਰ ਤੇਜ਼ ਧੁੱਪ ਕਾਰਨ ਲੋਕਾਂ ਨੇ ਘਰਾਂ ਵਿਚ ਰਹਿਣ ਨੂੰ ਹੀ ਵਧੇਰੇ ਤਰਜੀਹ ਦਿੱਤੀ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਅਧਿਆਪਕਾਂ ਲਈ ਵੱਡਾ ਫ਼ੈਸਲਾ
ਤੇਜ਼ ਗਰਮੀ ਕਾਰਨ ਠੰਡੇ ਉਤਪਾਦਾਂ ਦੀ ਵਿਕਰੀ ਕਰਨ ਵਾਲਿਆਂ ਦੇ ਚਿਹਰੇ ਉੱਪਰ ਰੌਣਕ ਨਜ਼ਰ ਆਈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਿਕ ਕੱਲ ਦੇ ਮੁਕਾਬਲੇ ਅੱਜ ਤਾਪਮਾਨ ’ਚ 2.2 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ, ਜੋ ਔਸਤਨ ਨਾਲੋਂ 3.4 ਡਿਗਰੀ ਸੈਲਸੀਅਸ ਵੱਧ ਹੈ। ਸੂਬੇ ’ਚ ਸਭ ਤੋਂ ਵੱਧ ਤਾਪਮਾਨ ਸਮਰਾਲਾ (ਲੁਧਿਆਣਾ) ਦਾ 44.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਜ਼ਿਆਦਾਤਰ ਜ਼ਿਲ੍ਹਿਆਂ ਦਾ ਤਾਪਮਾਨ 42 ਡਿਗਰੀ ਸੈਲਸੀਅਸ ਤੋਂ ਵੱਧ ਰਿਹਾ।
ਇਹ ਵੀ ਪੜ੍ਹੋ : ਸੂਬੇ ਦੀਆਂ ਆਂਗਣਵਾੜੀ ਵਰਕਰਾਂ ਲਈ ਅਹਿਮ ਖ਼ਬਰ, ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਆਇਆ ਵੱਡਾ ਬਿਆਨ
ਕਿਹੋ ਜਿਹਾ ਰਹੇਗਾ ਆਉਣ ਵਾਲੇ ਦਿਨਾਂ ਦਾ ਮੌਸਮ
ਫਿਲਹਾਲ ਮੌਸਮ ਖੁਸ਼ਕ ਰਹੇਗਾ ਅਤੇ ਤਾਪਮਾਨ ਵਿਚ 2 ਤੋ 3 ਡਿਗਰੀ ਸੈਲਸੀਅਸ ਦਾ ਵਾਧਾ ਹੋਵੇਗਾ। ਉਸ ਤੋਂ ਬਾਅਦ ਤਾਪਮਾਨ ਵਿਚ 3 ਤੋ 5 ਡਿਗਰੀ ਸੈਲਸੀਅਸ ਦੀ ਕਮੀ ਹੋਣ ਦੀ ਸੰਭਾਵਨਾ ਹੈ ਪਰ ਆਉਣ ਵਾਲੇ ਦਿਨਾਂ ਦੌਰਾਨ ਗਰਮੀ ਪ੍ਰੇਸ਼ਾਨ ਕਰੇਗੀ। ਮੀਡੀਆ ਰਿਪੋਰਟਾਂ ਮੁਤਾਬਕ 23 ਮਈ ਤੋਂ ਬਾਅਦ ਕੁੱਝ ਰਾਹਤ ਮਿਲਣ ਦੀ ਸੰਭਾਵਨਾ ਹੈ। ਹਫ਼ਤੇ ਦੇ ਸ਼ੁਰੂ ਵਿਚ, ਇੱਕ ਪੱਛਮੀ ਗੜਬੜ ਆਪਣਾ ਪ੍ਰਭਾਵ ਦਿਖਾਏਗੀ ਅਤੇ 23 ਅਤੇ 24 ਮਈ ਨੂੰ ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਮੌਸਮ 'ਚ ਆਏ ਇਸ ਬਦਲਾਅ ਕਾਰਨ ਜਿੱਥੇ ਇਕ ਪਾਸੇ ਤਾਪਮਾਨ 'ਚ ਗਿਰਾਵਟ ਆਵੇਗੀ, ਉਥੇ ਹੀ ਲੋਕਾਂ ਨੂੰ ਗਰਮੀ ਤੋਂ ਕੁੱਝ ਸਮੇਂ ਲਈ ਰਾਹਤ ਜ਼ਰੂਰ ਮਿਲੇਗੀ।
ਇਹ ਵੀ ਪੜ੍ਹੋ : ਆਯੁਸ਼ਮਾਨ ਕਾਰਡ ਬਣਵਾਉਣ ਦੇ ਚਾਹਵਾਨਾਂ ਲਈ ਅਹਿਮ ਖ਼ਬਰ, ਇਸ ਤਾਰੀਖ਼ ਤੋਂ ਲੱਗਣਗੇ ਕੈਂਪ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani