ਪੰਜਾਬ ਸਰਕਾਰ ਦੀਆਂ ਵੈੱਬਸਾਈਟਾਂ ਨਹੀਂ ਅਪਡੇਟ, ਚੱਲ ਰਿਹੈ ਪੁਰਾਣਾ ਡਾਟਾ
Wednesday, Jun 05, 2019 - 12:44 PM (IST)

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਆਧੁਨਿਕ ਤਕਨਾਲੋਜੀ ਦੇ ਵੱਡੇ ਪੱਧਰ ਦੇ ਇਸਤੇਮਾਲ ਕਰਨ ਦੇ ਦਾਅਵੇ ਕੀਤੇ ਗਏ ਹਨ ਪਰ ਇਸ ਦੇ ਬਾਵਜੂਦ ਨਵੀਂ ਜਾਣਕਾਰੀ ਦੇਣ ਦੀ ਬਜਾਏ ਸਰਕਾਰ ਦੇ ਵਿਭਾਗਾਂ ਦੀਆਂ ਵੈੱਬਸਾਈਟਾਂ ਲੋਕਾਂ ਨੂੰ ਗੁੰਮਰਾਹਕੁੰਨ ਸਮੱਗਰੀ ਮੁਹੱਈਆ ਕਰਵਾ ਰਹੀਆਂ ਹਨ। ਖੇਤੀਬਾੜੀ ਵਿਭਾਗ ਦੇ ਅਧਿਕਾਰਕ ਪੋਰਟਲ 'ਤੇ ਜਸਬੀਰ ਸਿੰਘ ਬੈਂਸ ਨੂੰ ਡਾਇਰੈਕਟਰ ਦੱਸਿਆ ਗਿਆ ਹੈ, ਜਦੋਂ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਸੇਵਾਮੁਕਤ ਹੋ ਚੁੱਕੇ ਹਨ।
ਵਿਭਾਗ ਦੇ ਮੌਜੂਦਾ ਡਾਇਰੈਕਟਰ ਸੁਤੰਤਰ ਕੁਮਾਰ ਐਰੀ ਹਨ। ਪੋਰਟਲ 'ਤੇ ਆਖਰੀ ਜਾਣਕਾਰੀ ਜਨਵਰੀ, 2019 ਦੀ ਅਪਡੇਟ ਕੀਤੀ ਗਈ ਹੈ। ਇਸੇ ਤਰ੍ਹਾਂ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਦੀ ਵੈੱਬਸਾਈਟ 'ਤੇ ਵੀ ਪੁਰਾਣਾ ਡਾਟਾ ਹੀ ਚੱਲ ਰਿਹਾ ਹੈ ਅਤੇ ਇਸ ਨੂੰ ਕਾਫੀ ਸਮੇਂ ਤੋਂ ਅਪਡੇਟ ਨਹੀਂ ਕੀਤਾ ਗਿਆ। ਦੂਜੇ ਪਾਸੇ ਟਰਾਂਸਪੋਰਟ ਵਿਭਾਗ ਵਲੋਂ ਆਨਲਾਈਨ ਵ੍ਹੀਕਲ ਰਜਿਸਟ੍ਰੇਸ਼ਨਾਂ ਅਤੇ ਟੈਕਸਾਂ ਦਾ ਦਾਅਵਾ ਕੀਤਾ ਗਿਆ ਹੈ ਪਰ ਇਨ੍ਹਾਂ ਦੋਹਾਂ ਸਹੂਲਤਾਂ ਨਾਲ ਸਬੰਧਿਤ ਪੇਜ ਹੀ ਨਹੀਂ ਖੁੱਲ੍ਹਦੇ।
ਸੂਬੇ ਦੀ 70 ਫੀਸਦੀ ਆਬਾਦੀ ਪਿੰਡਾਂ 'ਚ ਰਹਿੰਦੀ ਹੈ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੇਂਡੂ ਖੇਤਰਾਂ ਦੇ ਪ੍ਰੋਗਰਾਮਾਂ ਨਾਲ ਸਬੰਧਿਤ ਹੈ ਪਰ ਇਸ ਦੀ ਵੈੱਬਸਾਈਟ 'ਤੇ ਆਖਰੀ ਜਾਣਕਾਰੀ 2017 ਦੀ ਅਪਡੇਟ ਕੀਤੀ ਗਈ ਹੈ। ਗੱਲ ਕੀ ਕਿ ਇਨ੍ਹਾਂ ਸਾਰੇ ਵਿਭਾਗਾਂ ਦੀਆਂ ਵੈੱਬਸਾਈਟਾਂ 'ਤੇ 'ਰਿਫਰੈੱਸ਼ ਬਟਨ' ਦਬਾਉਣ ਦੀ ਲੋੜ ਹੈ।