31 ਮਾਰਚ 2021 ਤੱਕ ਦਰਿਆਈ ਪਾਣੀਆਂ ਦੇ ਪ੍ਰਦੂਸ਼ਣ ਨੂੰ ਕਰ ਦਿੱਤਾ ਜਾਵੇਗਾ ਖ਼ਤਮ

07/18/2019 10:11:56 AM

ਪਟਿਆਲਾ  (ਜੋਸਨ)—ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਚੇਅਰਮੈਨ ਐੱਸ. ਐੱਸ. ਮਰਵਾਹਾ ਨੇ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪੰਜਾਬ ਸਰਕਾਰ ਦਰਿਆਈ ਪਾਣੀਆਂ ਦੇ ਪ੍ਰਦੂਸ਼ਣ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਇਨ੍ਹਾਂ ਯਤਨਾਂ ਦੇ ਹਾਂ-ਪੱਖੀ ਨਤੀਜੇ ਅਗਲੇ 6 ਮਹੀਨਿਆਂ ਤੱਕ ਦਿਸਣੇ ਸ਼ੁਰੂ ਹੋ ਜਾਣਗੇ। 31 ਮਾਰਚ 2021 ਤੱਕ ਦਰਿਆਈ ਪਾਣੀਆਂ ਦੇ ਪ੍ਰਦੂਸ਼ਣ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਵੇਗਾ।

ਚੇਅਰਮੈਨ ਮਰਵਾਹਾ ਅੱਜ ਇਥੇ ਨਰੋਆ ਪੰਜਾਬ ਦੇ 41 ਮੈਂਬਰੀ ਪੰਜਾਬ ਅਤੇ ਰਾਜਸਥਾਨ ਨਾਲ ਸਬੰਧਤ ਵਫਦ ਦੀ ਇਕ ਵਿਸ਼ੇਸ਼ ਮੀਟਿੰਗ ਜੋ ਕਿ ਕਨਵੀਨਰ ਗੁਰਪ੍ਰੀਤ ਚੰਦਬਾਜਾ ਦੀ ਪ੍ਰਧਾਨਗੀ ਹੇਠ ਹੋ ਰਹੀ ਸੀ, ਤੋਂ ਬਾਅਦ ਗੱਲਬਾਤ ਕਰ ਰਹੇ ਸਨ। ਮੀਟਿੰਗ ਵਿਚ ਚੇਅਰਮੈਨ ਐੱਸ. ਐੱਸ. ਮਰਵਾਹਾ ਤੋਂ ਇਲਾਵਾ ਮੈਂਬਰ ਸਕੱਤਰ ਕਰੁਨੇਸ਼ ਗਰਗ ਅਤੇ ਚਰਨਜੀਤ ਸਿੰਘ ਡਿਪਟੀ ਡਾਇਰੈਕਟਰ ਪਬਲਿਕ ਰਿਲੇਸ਼ਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੀ ਹਾਜ਼ਰ ਸਨ।

ਸਾਰੇ ਉਦਯੋਗਾਂ ਦੀਆ ਜਾਂਚ ਰਿਪੋਰਟਾਂ ਆਨਲਾਈਨ ਕੀਤੀਆਂ ਜਾਣਗੀਆਂ
ਚੇਅਰਮੈਨ ਐੱਸ. ਐੱਸ. ਮਰਵਾਹਾ ਨੇ ਕਿਹਾ ਕਿ ਸਾਡੀਆਂ ਸਭ ਦੀਆਂ ਗੈਰ-ਜ਼ਿੰਮੇਵਾਰੀਆਂ ਕਾਰਣ ਪਾਣੀਆਂ ਦਾ ਮਸਲਾ ਕਾਫੀ ਖਰਾਬ ਹੋ ਚੁੱਕਾ ਹੈ। ਇਸ ਨੂੰ ਠੀਕ ਕਰਨ ਲਈ ਕਾਫੀ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਇਸ ਵਿਚ ਪਾਰਦਰਸ਼ਤਾ ਲਿਆਉਣ ਲਈ ਸਾਰੇ ਉਦਯੋਗਾਂ ਦੀਆ ਜਾਂਚ ਰਿਪੋਰਟਾਂ ਆਨਲਾਈਨ ਕੀਤੀਆਂ ਜਾਣਗੀਆਂ। ਪ੍ਰਦੂਸ਼ਣ ਪੁਆਇੰਟਾਂ 'ਤੇ ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣਗੇ। ਇਨ੍ਹਾਂ ਨੂੰ ਕੋਈ ਵੀ ਨਾਗਰਿਕ ਦੇਖ ਸਕੇਗਾ।

ਕੌਣ-ਕੌਣ ਸਨ ਮੀਟਿੰਗ 'ਚ?
ਮੀਟਿੰਗ 'ਚ ਨਰੋਆ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਚੰਦਬਾਜਾ, ਡਾ. ਅਮਰ ਸਿੰਘ ਅਜ਼ਾਦ, ਡਾ. ਏ. ਐੱਸ. ਮਾਨ, ਲਖਵੀਰ ਸਿੰਘ ਲੱਖਾ ਸਿਧਾਣਾ, ਇੰਜੀ. ਜਸਕੀਰਤ ਸਿੰਘ, ਇੰਜੀ. ਕਪਿਲ ਅਰੋੜਾ, ਸਾਬਕਾ ਐੱਮ. ਐੱਲ. ਏ. ਤਰਸੇਮ ਜੋਧਾਂ, ਐੱਮ. ਐੱਲ. ਏ. ਕੁਲਤਾਰ ਸਿੰਘ ਸੰਧਵਾਂ, ਪ੍ਰੋ. ਭੀਮਇੰਦਰ ਸਿੰਘ, ਡਾ. ਬਲਵੀਰ ਸਿੰਘ, ਮੇਵਾ ਸਿੰਘ ਸਲੇਮਪੁਰਾ, ਕੁਲਦੀਪ ਸਿੰਘ ਚਿਨਾਗਰਾ, ਮਹਿੰਦਰ ਪਾਲ ਲੂੰਬਾ, ਮਹੇਸ਼ ਪੇੜੀਵਾਲ ਰਾਜਸਥਾਨ, ਹਰਦੀਪ ਸਿੰਘ ਡਿਬਡਿਬਾ, ਬਾਬਾ ਹਰਦੇਵ ਸਿੰਘ ਰਾਜਸਥਾਨ, ਜਗਪਾਲ ਸਿੰਘ ਪਾਤੜਾਂ ਵੱਲੋਂ ਬੜੇ ਜ਼ੋਰ-ਸ਼ੋਰ ਨਾਲ ਪੰਜਾਬ ਦੇ ਪ੍ਰਦੂਸ਼ਿਤ ਹੋ ਰਹੇ ਪਾਣੀਆਂ ਸਮੇਤ ਹੋਰ ਵੀ ਮੁੱਦਿਆਂ ਨੂੰ ਉਠਾਇਆ ਗਿਆ। ਇਸ ਨੂੰ ਚੇਅਰਮੈਨ ਐੱਸ. ਐੱਸ. ਮਰਵਾਹਾ ਵੱਲੋਂ ਬੜੇ ਧਿਆਨ ਅਤੇ ਸੰਜਮ ਨਾਲ ਸੁਣਿਆ ਗਿਆ।

ਕਮੇਟੀਆਂ ਬਣਾਉਣ ਦਾ ਐਲਾਨ
ਉਹਨਾ ਪੰਜਾਬ ਪੱਧਰ ਅਤੇ ਜ਼ਿਲਾ ਪੱਧਰ 'ਤੇ ਸਾਂਝੀਆਂ ਕਮੇਟੀਆਂ ਬਣਾਉਣ ਦਾ ਵੀ ਐਲਾਨ ਕੀਤਾ ਗਿਆ। ਇਸ ਵਿਚ ਨਰੋਆ ਪੰਜਾਬ ਮੰਚ ਦੇ ਮੈਂਬਰਾਂ ਨੂੰ ਸ਼ਾਮਲ ਕੀਤਾ ਜਾਵੇਗਾ। ਮੀਟਿੰਗ ਉਪਰੰਤ ਕਨਵੀਨਰ ਗੁਰਪ੍ਰੀਤ ਚੰਦਬਾਜਾ ਨੇ ਮੀਟਿੰਗ ਦੀ ਕਾਰਵਾਈ 'ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਗੱਲਬਾਤ ਅੱਛੇ ਮਾਹੌਲ ਵਿਚ ਹੋਈ ਹੈ। ਨਰੋਆ ਪੰਜਾਬ ਮੰਚ ਇਸ ਮੀਟਿੰਗ ਤੋਂ ਚੰਗੇ ਨਤੀਜਿਆਂ ਦੀ ਆਸ ਰਖਦਾ ਹੈ। ਇਸ ਲਈ 22 ਜੁਲਾਈ ਦੇ ਧਰਨੇ ਨੂੰ ਮੁਲਤਵੀ ਕਰ ਕੇ ਅੱਗੇ ਪਾ ਦਿੱਤਾ ਗਿਆ ਹੈ। ਇਸ ਸਬੰਧੀ 15 ਅਗਸਤ ਤੋਂ ਬਾਅਦ ਨਰੋਆ ਪੰਜਾਬ ਮੰਚ ਦੀ ਰੀਵਿਊ ਮੀਟਿੰਗ ਕਰ ਕੇ ਅੱਗੇ ਫੈਸਲਾ ਲਿਆ ਜਾਵੇਗਾ। ਇਸ ਮੌਕੇ ਗੁਰਸੇਵਕ ਸਿੰਘ ਸੰਨਿਆਸੀ, ਸਰਪੰਚ ਹਰਭਜਨ ਸਿੰਘ ਬਹੋਨਾ, ਜਗਪਾਲ ਸਿੰਘ ਦਿਓਗੜ੍ਹ ਅਤੇ ਬਲਦੇਵ ਸਿੰਘ ਗੋਸਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੰਜਾਬ ਅਤੇ ਰਾਜਸਥਾਨ ਤੋਂ ਨਰੋਆ ਪੰਜਾਬ ਮੰਚ ਦੇ ਆਗੂ ਹਾਜ਼ਰ ਸਨ।

ਨਰੋਆ ਪੰਜਾਬ ਨੇ ਕੀਤਾ ਸੀ ਸੰਘਰਸ਼ ਦਾ ਐਲਾਨ
ਜ਼ਿਕਰਯੋਗ ਹੈ ਕਿ ਨਰੋਆ ਪੰਜਾਬ ਦੇ ਇਕ ਵਫਦ ਵੱਲੋਂ ਬੀਤੀ 14 ਜੂਨ ਨੂੰ ਚੇਅਰਮੈਨ ਪੰਜਾਬ ਪ੍ਦੂਸ਼ਣ ਕੰਟਰੋਲ ਬੋਰਡ ਨੂੰ ਇਕ ਮੰਗ-ਪੱਤਰ ਸੌਂਪ ਕੇ ਪੰਜਾਬ ਦੀ ਇੰਡਸਟਰੀ ਅਤੇ ਸੀਵਰੇਜ ਦੇ ਪਾਣੀ ਨੂੰ ਸਤਲੁਜ ਦਰਿਆ 'ਚ ਪੈਣ ਤੋਂ ਰੋਕਣ, ਡਾਇੰਗ ਇੰਡਸਟਰੀ ਦਾ ਪਾਣੀ ਸਿੱਧਾ ਧਰਤੀ ਹੇਠ ਜਾਣ ਤੋਂ ਰੋਕਣ, ਦੋਸ਼ੀ ਇੰਡਸਟਰੀਆਂ ਖਿਲਾਫ ਢੁਕਵੀਂ ਕਾਰਵਾਈ ਕਰਨ ਅਤੇ ਪਲਾਸਟਿਕ ਪ੍ਰਦੂਸ਼ਣ ਦਾ ਸਾਰਥਕ ਅਤੇ ਸਮਾਂਬੱਧ ਹੱਲ ਕਰਨ ਦੀ ਮੰਗ ਕੀਤੀ ਸੀ। ਮੰਗਾਂ ਦਾ ਹੱਲ ਕਰਨ ਲਈ 40 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ। 22 ਜੁਲਾਈ ਨੂੰ ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਖਿਲਾਫ ਪਟਿਆਲਾ ਵਿਖੇ ਧਰਨਾ ਲਾਉਣ ਦਾ ਐਲਾਨ ਕੀਤਾ ਸੀ ।


Shyna

Content Editor

Related News