ਰਾਜਸਥਾਨ ਪੁਲਸ ਦੀ ਜਾਣਕਾਰੀ ਤੋਂ ਬਿਨਾਂ ਹੀ ਪੰਜਾਬ ਪੁਲਸ ਨੇ ਕੀਤਾ ਗੌਂਡਰ ਦਾ ਐਨਕਾਊਂਟਰ

01/27/2018 7:02:11 PM

ਜਲੰਧਰ : ਮੋਸਟ ਵਾਂਟਡ ਗੈਂਗਸਟਰ ਵਿੱਕੀ ਗੌਂਡਰ ਅਤੇ ਉਸਦੇ ਸਾਥੀਆਂ ਪ੍ਰੇਮਾ ਲਾਹੌਰੀਆ ਅਤੇ ਸੁਖਪ੍ਰੀਤ ਸਿੰਘ ਬੁੱਧਾ ਨੂੰ ਪੰਜਾਬ ਦੀ ਆਰਗੇਨਾਈਜ਼ ਕ੍ਰਾਈਮ ਕੰਟਰੋਲ ਟੀਮ ਨੇ ਰਾਜਸਥਾਨ-ਪੰਜਾਬ ਬਾਰਡਰ 'ਤੇ ਸਥਿਤ ਪਿੰਡ ਕੋਠਾ ਪੱਕੀ ਦੇ ਨੇੜੇ ਬਣੀ ਢਾਣੀ ਵਿਚ ਮੁਕਾਬਲੇ ਦੌਰਾਨ ਢੇਰ ਕਰ ਦਿੱਤਾ। ਇਹ ਜਾਣਕਾਰੀ ਸ਼੍ਰੀ ਗੰਗਾਨਗਰ ਦੇ ਐੱਸ.ਪੀ. ਹਰਿੰਦਰ ਮਹਾਵਰ ਨੇ ਪ੍ਰੈਸ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਰਾਜਸਥਾਨ ਪੁਲਸ ਦਾ ਇਸ ਵਿਚ ਕੋਈ ਰੋਲ ਨਹੀਂ ਹੈ ਅਤੇ ਇਸ ਵਾਰੀ ਕਾਰਵਾਈ ਤੋਂ ਬਾਅਦ ਹੀ ਰਾਜਸਥਾਨ ਪੁਲਸ ਨੂੰ ਸੂਚਿਤ ਕੀਤਾ ਗਿਆ। ਇਸ ਦੌਰਾਨ ਜਦੋਂ ਤਕ ਰਾਜਸਥਾਨ ਪੁਲਸ ਮੌਕੇ 'ਤੇ ਪਹੁੰਚੀ ਉਦੋਂ ਤਕ ਤਿੰਨੇ ਗੈਂਗਸਟਰ ਢੇਰ ਹੋ ਚੁੱਕੇ ਸਨ। ਐੱਸ. ਪੀ. ਮੁਤਾਬਕ ਤਿੰਨਾਂ ਲਾਸ਼ਾਂ ਦੇ ਪੋਸਟਮਾਰਟਮ ਗੰਗਾਨਗਰ ਦੇ ਹਸਪਤਾਲ ਵਿਚ ਕਰਵਾਏ ਜਾਣਗੇ।  
ਮਿਲੀ ਜਾਣਕਾਰੀ ਮੁਤਾਬਕ ਏ.ਆਈ.ਜੀ. ਗੁਰਮੀਤ ਸਿੰਘ ਅਤੇ ਰਾਜਪੁਰਾ ਸੀ.ਆਈ.ਏ. ਇੰਚਾਰਜ ਇੰਸਪੈਕਟਰ ਵਿਕਰਮ ਸਿੰਘ ਬਰਾੜ ਨੂੰ ਜਾਣਕਾਰੀ ਮਿਲੀ ਸੀ ਕਿ ਥਾਣਾ ਹਿੰਦੂਮਲਕੋਟ ਦੀ ਹੱਦ ਵਿਚ ਆਉਂਦੇ ਪਿੰਡ ਪੱਕੀ ਵਾਸੀ ਲਖਵਿੰਦਰ ਸਿੰਘ ਉਰਫ ਲੱਖਾ ਪੁੱਤਰ ਇਕਬਾਲ ਸਿੰਘ ਦੀ ਢਾਣੀ ਵਿਚ ਪਿਛਲੇ ਤਿੰਨ ਦਿਨਾਂ ਤੋਂ ਵਿੱਕੀ ਗੌਂਡਰ ਆਪਣੇ ਸਾਥੀਆਂ ਪ੍ਰੇਮਾ ਲਾਹੌਰੀਆ ਅਤੇ ਸੁਖਪ੍ਰੀਤ ਸਿੰਘ ਬੁੱਧਾ ਨਾਲ ਰਹਿ ਰਿਹਾ ਹੈ। ਆਰਗੇਨਾਈਜ਼ ਟੀਮ ਨੇ ਚੰਗੀ ਪੂਰੀ ਰੇਕੀ ਕਰਨ ਤੋਂ ਬਾਅਦ ਸ਼ੁੱਕਰਵਾਰ ਕਰੀਬ 5 ਵਜੇ ਢਾਣੀ ਨੂੰ ਘੇਰ ਕੇ ਉਕਤ ਲੋਕਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਪਰ ਅੰਦਰ ਬੈਠੇ ਵਿੱਕੀ ਗੌਂਡਰ ਅਤੇ ਉਸਦੇ ਸਾਥੀਆਂ ਨੇ ਪੁਲਸ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਫਾਇਰਿੰਗ ਵਿਚ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਮੌਕੇ 'ਤੇ ਹੀ ਮਾਰੇ ਗਏ, ਜਦਕਿ ਸੁਖਪ੍ਰੀਤ ਸਿੰਘ ਬੁੱਧਾ ਨੂੰ ਜ਼ਖ਼ਮੀ ਹਾਲਤ ਵਿਚ ਅਬੋਹਰ ਦੇ ਸਰਕਾਰੀ ਹਸਪਤਾਲ ਲਿਆਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤ ਐਲਾਨ ਦਿੱਤਾ।
ਪੁਲਸ ਅਧਿਕਾਰੀਆਂ ਮੁਤਾਬਕ ਦੋਹਾਂ ਵੱਲੋਂ ਕਰੀਬ ਸਵਾ ਸੌ ਰਾਊਂਡ ਫਾਇਰਿੰਗ ਹੋਈ। ਪੁਲਸ ਨੇ ਲਾਸ਼ਾਂ ਦੇ ਨੇੜੇ ਤਿੰਨ ਪਿਸਟਲ ਸਣੇ ਭਾਰੀ ਗਿਣਤੀ ਵਿਚ ਗੋਲੀਆਂ ਅਤੇ ਇਕ ਸਵੀਫਟ ਡਿਜ਼ਾਇਰ ਕਾਰ ਬਰਾਮਦ ਕੀਤੀ ਹੈ। ਪੁਲਸ ਨੇ ਦੱਸਿਆ ਕਿ ਖਤਰਨਾਕ ਗੈਂਗਸਟਰਾਂ ਨੂੰ ਸ਼ਰਨ ਦੇਣ ਦੇ ਇਲਜ਼ਾਮ ਹੇਠ ਲਖਵਿੰਦਰ ਸਿੰਘ ਲੱਖਾ ਅਤੇ ਉਸਦੇ ਪਰਿਵਾਰਿਕ ਮੈਬਰਾਂ ਦੇ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਵਿਸਥਾਰ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।


Related News