ਬਿਨਾਂ ਮਨਜ਼ੂਰੀ ਬੱਜਰੀ ਲਿਜਾ ਰਿਹਾ ਟਿੱਪਰ ਜ਼ਬਤ, ਮਾਮਲਾ ਦਰਜ
Sunday, Nov 02, 2025 - 01:48 PM (IST)
ਡੇਰਾਬੱਸੀ (ਗੁਰਜੀਤ, ਵਿਕਰਮਜੀਤ) : ਡੇਰਾਬੱਸੀ ਰਾਮਗੜ੍ਹ ਰੋਡ ’ਤੇ ਪੈਂਦੇ ਪਿੰਡ ਕਕਰਾਲੀ ਵਿਖੇ ਘੱਗਰ ਨਦੀ ’ਚ ਹੋਈ ਨਾਜਾਇਜ਼ ਮਾਈਨਿੰਗ ’ਚ ਭਾਵੇ ਪੁਲਸ ਪ੍ਰਸ਼ਾਸਨ ਦੇ ਹੱਥ ਖ਼ਾਲੀ ਹਨ, ਪਰ ਡੇਰਾਬੱਸੀ ਪੁਲਸ ਨੇ ਪੰਡਵਾਲਾ ਮੋੜ ’ਤੇ ਮੁਬਾਰਕਪੁਰ ਨੇੜੇ ਨਾਕੇਬੰਦੀ ਦੌਰਾਨ ਬਿਨਾਂ ਮਾਈਨਿੰਗ ਵਿਭਾਗ ਦੀ ਮਨਜ਼ੂਰੀ ਅਤੇ ਬਿੱਲ ਦੇ ਗਰੇਵਲ ਲਿਜਾਣ ਵਾਲੇ ਟਿੱਪਰ ਡਰਾਈਵਰ ਨੂੰ ਕਾਬੂ ਕੀਤਾ ਗਿਆ ਹੈ। ਪੁਲਸ ਨੇ ਉਸ ਖ਼ਿਲਾਫ਼ ਮਾਈਨਿੰਗ ਐਕਟ ਦੀਆਂ ਧਰਾਵਾਂ ਅਧੀਨ ਮਾਮਲਾ ਦਰਜ ਕਰਦੇ ਹੋਏ ਟਿੱਪਰ ਨੂੰ ਜ਼ਬਤ ਕਰ ਲਿਆ ਹੈ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸੁਮਿਤ ਮੋਰ ਨੇ ਦੱਸਿਆ ਕਿ ਏ. ਐੱਸ. ਆਈ. ਲਖਵਿੰਦਰ ਸਿੰਘ ਟੀਮ ਸਮੇਤ ਗਸ਼ਤ ਤੇ ਮੋਬਾਇਲ ਨਾਕਾਬੰਦੀ ਲਈ ਪੰਡਵਾਲਾ ਮੋੜ, ਮੁਬਾਰਕਪੁਰ ਵਿਖੇ ਮੌਜੂਦ ਸਨ। ਦੁਪਹਿਰ ਕਰੀਬ ਸਵਾ 12 ਵਜੇ ਰਾਮਗੜ੍ਹ ਪਾਸੇ ਤੋਂ ਆ ਰਹੇ ਇਕ ਟਿੱਪਰ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ। ਚੈਕਿੰਗ ਦੌਰਾਨ ਟਿੱਪਰ ਵਿਚ ਗਰੈਵਲ ਬਜਰੀ ਭਰੀ ਹੋਈ ਮਿਲੀ। ਜਦੋਂ ਡਰਾਈਵਰ ਤੋਂ ਇਸ ਸਬੰਧੀ ਬਿੱਲ ਜਾਂ ਮਾਈਨਿੰਗ ਵਿਭਾਗ ਦੀ ਮਨਜ਼ੂਰੀ ਦਸਤਾਵੇਜ਼ ਮੰਗੇ ਗਏ ਤਾਂ ਉਹ ਕੋਈ ਵੀ ਸਬੂਤ ਪੇਸ਼ ਨਾ ਕਰ ਸਕਿਆ। ਮੁਲਜ਼ਮ ਦੀ ਪਛਾਣ ਅਮਰਜੀਤ ਸਿੰਘ ਵਾਸੀ ਪਿੰਡ ਕਕਰਾਲੀ ਵਜੋਂ ਹੋਈ। ਪੁਲਸ ਨੇ ਟਿੱਪਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਨ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਟਿੱਪਰ ਨੂੰ ਜ਼ਬਤ ਕਰ ਲਿਆ।
