ਪੰਜਾਬ ਸਰਕਾਰ ਖ਼ਿਲਾਫ਼ ਵਰ੍ਹੇ ਮਜੀਠਿਆ, ਕਿਹਾ- ਪੁਲਸ ਭਰਤੀ ਦੇ ਨਾਂ 'ਤੇ ਹੋਇਆ ਵੱਡਾ ਘਪਲਾ

Saturday, Oct 02, 2021 - 06:06 PM (IST)

ਪੰਜਾਬ ਸਰਕਾਰ ਖ਼ਿਲਾਫ਼ ਵਰ੍ਹੇ ਮਜੀਠਿਆ, ਕਿਹਾ- ਪੁਲਸ ਭਰਤੀ ਦੇ ਨਾਂ 'ਤੇ ਹੋਇਆ ਵੱਡਾ ਘਪਲਾ

ਅੰਮ੍ਰਿਤਸਰ (ਬਿਊਰੋ) -  ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ 150 ਕਰੋੜ ਰੁਪਏ ਦੇ ਪੰਜਾਬ ਪੁਲਸ ਭਰਤੀ ਘੁਟਾਲੇ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਨਾਲ ਹੀ ਮੌਜੂਦਾ ਭਰਤੀ ਪ੍ਰਕਿਰਿਆ ਰੱਦ ਕੇ ਸਾਰੀਆਂ ਉਪਲੱਬਧ ਪੋਸਟਾਂ ਲਈ ਨਵੇਂ ਸਿਰੇ ਤੋਂ ਟੈਸਟ ਲਿਆ ਜਾਵੇ। ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਭਾਵੇਂ ਪਟਿਆਲਾ 'ਚ 560 ਸਬ ਇੰਸਪੈਕਟਰਾਂ ਦੀ ਭਰਤੀ ਲਈ ਹੋਏ ਟੈਸਟ 'ਚ ਘੁਟਾਲਾ ਹੋਣ ਲਈ ਪਟਿਆਲਾ 'ਚ ਐੱਫ.ਆਈ.ਆਰ. ਵੀ ਦਰਜ ਕੀਤੀ ਗਈ ਪਰ ਇਸ ਦੇ ਬਾਵਜੂਦ ਹੁਣ ਤੱਕ ਸਾਰੀ ਪ੍ਰਕਿਰਿਆ ਰੱਦ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਅਨਾਜ ਮੰਡੀ ਪੁਲਸ ਥਾਣੇ 'ਚ ਦਰਜ ਹੋਈ ਐੱਫ.ਆਈ.ਆਰ. ਦੇ ਮੁਤਾਬਕ ਇਹ ਸਪਸ਼ਟ ਹੈ ਕਿ ਉਮੀਦਵਾਰ ਦੇ ਪੇਪਰ ਪ੍ਰੀਖਿਆ ਕੇਂਦਰ ਦੇ ਬਾਹਰੋਂ ਕੀਤੇ ਗਏ।

ਪੜ੍ਹੋ ਇਹ ਵੀ ਖ਼ਬਰ - ਰਾਜਾਸਾਂਸੀ ’ਚ ਵੱਡੀ ਵਾਰਦਾਤ: ਸ਼ਰਾਬੀ ਪਿਓ ਨੇ ਤਲਵਾਰ ਨਾਲ ਵੱਢ ਦਿੱਤਾ ਪੁੱਤਰ, ਹੈਰਾਨ ਕਰ ਦੇਵੇਗੀ ਵਜ੍ਹਾ

ਇਹ ਸਪੱਸ਼ਟ ਹੈ ਕਿ ਕੰਪਿਊਟਰ ਹੈਕ ਕੀਤੇ ਗਏ ਤੇ ਹੋਰ ਉਮੀਦਵਾਰਾਂ ਨੇ ਮਾੜੇ ਤਰੀਕੇ ਵਰਤ ਕੇ ਪ੍ਰੀਖਿਆ ਪਾਸ ਕਰਨ ਦਾ ਯਤਨ ਕੀਤਾ ਜਦਕਿ 7 ਲੱਖ ਵਿਦਿਆਰਥੀਆਂ ਨੇ ਹੈਡ ਕਾਂਸਟੇਬਲ ਤੇ ਕਾਂਸਟੇਬਲ ਸਮੇਤ 5500 ਪੋਸਟਾਂ ਲਈ ਪੇਪਰ ਦਿੱਤਾ ਸੀ।
ਮਜੀਠੀਆ ਨੇ ਕਿਹਾ ਕਿ ਭਾਵੇਂ ਇਹ ਸਪੱਸ਼ਟ ਹੋ ਗਿਆ ਹੈ ਕਿ ਭਰਤੀ ਦਾ ਵੱਡਾ ਘੁਟਾਲਾ ਹੈ ਪਰ ਇਸ ਮਾਮਲੇ 'ਚ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਸਾਰੇ ਘੁਟਾਲੇ ਦੀ ਸੀ.ਬੀ.ਆਈ. ਜਾਂ ਫਿਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜ ਕੋਲੋਂ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਘੁਟਾਲੇ ਦੇ ਤਾਰ ਸਾਰੇ ਸੂਬੇ 'ਚ ਫੈਲੇ ਹਨ ਅਤੇ ਅਨੇਕਾਂ ਕਾਗਰਸੀ ਆਗੂਆਂ ਦੇ ਨਾਲ ਨਾਲ ਸੀਨੀਅਰ ਪੁਲਸ ਅਫਸਰ ਵੀ ਘੁਟਾਲੇ 'ਚ ਸ਼ਾਮਲ ਹਨ ਤੇ ਸਿਰਫ ਨਿਰਪੱਖ ਜਾਂਚ ਹੀ ਮਾਮਲੇ ਦੀ ਸੱਚਾਈ ਸਾਹਮਣੇ ਲਿਆ ਸਕਦੀ ਹੈ।

ਪੜ੍ਹੋ ਇਹ ਵੀ ਖ਼ਬਰ - CM ਚੰਨੀ ਦੇ ਨਵੇਂ ਫ਼ੈਸਲਿਆਂ ਤੋਂ ਨਵਜੋਤ ਸਿੱਧੂ ਹੀ ਨਹੀਂ ਸਗੋਂ ਮਾਝਾ ਬ੍ਰਿਗੇਡ ਵੀ ਖੁਸ਼ ਨਹੀਂ, ਜਾਣੋ ਕੀ ਹੈ ਕਾਰਨ

ਇਸ ਮਾਮਲੇ 'ਚ ਕਾਂਗਰਸ ਸਰਕਾਰ ਦੀ ਚੁੱਪੀ ਦੀ ਨਿਖੇਧੀ ਕਰਦਿਆਂ ਸਰਦਾਰ ਮਜੀਠੀਆ ਨੇ ਮੰਗ ਕੀਤੀ ਕਿ ਸਾਰੀ ਪ੍ਰਕਿਰਿਆ ਨਵੇਂ ਸਿਰੇ ਤੋਂ ਵਿੱਢੀ ਜਾਵੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਪਹਿਲਾਂ ਪ੍ਰੀਖਿਆ ਦਿੱਤੀ ਹੈ, ਉਨ੍ਹਾਂ ਨੁੰ ਮੁੜ ਪ੍ਰੀਖਿਆ ਦੇਣ ਦਾ ਮੌਕਾ ਦਿੱਤਾ ਜਾਵੇ ਅਤੇ ਉਨ੍ਹਾਂ ਤੋਂ ਮੁੜ ਟੈਸਟ ਦੇਣ ਦੀ ਕੋਈ ਫੀਸ ਨਾ ਲਈ ਜਾਵੇ। ਉਨ੍ਹਾ ਇਹ ਵੀ ਮੰਗ ਕੀਤੀ ਕਿ ਪੰਜਾਬ ਸਰਕਾਰ ਆਪਣੀਆਂ ਏਜੰਸੀਆਂ ਰਾਹੀਂ ਪੇਪਰ ਲਵੇ ਅਤੇ ਇਹ ਕਿਸੇ ਹੋਰ ਏਜੰਸੀ ਨੁੰ ਆਊਟਸੋਰਸ ਨਾ ਕੀਤਾ ਜਾਵੇ। 1 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰ ਕਰਨ ਦੇ ਹੁਕਮਾਂ ਦੇ ਮੱਦੇਨਜ਼ਰ ਮੰਡੀਆਂ 'ਚ ਝੋਨੇ ਲਿਆਉਣ ਵਾਸਤੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਸਵਾਲਾਂ ਦੇ ਜਵਾਬ 'ਚ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਸੂਬਾ ਸਰਕਾਰ ਇਸ ਮਾਮਲੇ ’ਤੇ ਸੁੱਤੀ ਪਈ ਹੈ।

ਪੜ੍ਹੋ ਇਹ ਵੀ ਖ਼ਬਰ - ਕਾਂਗਰਸ ’ਚ ਚੱਲ ਰਹੇ ਕਲਾਈਮੈਕਸ ’ਚ ਦੋਆਬਾ ਦੇ 2 ਕੈਬਨਿਟ ਮੰਤਰੀਆਂ ’ਚ ਖਿੱਚੀਆਂ ਜਾ ਸਕਦੀਆਂ ਨੇ ਤਲਵਾਰਾਂ!

ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ 1 ਅਕਤੂਬਰ ਤੋਂ ਝੋਨੇ ਦੀ ਸੁਖਾਲੀ ਖਰੀਦ ਦੇ ਪ੍ਰਬੰਧ ਲਈ ਕੋਈ ਯਤਨ ਨਹੀਂ ਕੀਤਾ ਗਿਆ ਕਿਉਂਕਿ ਕਾਂਗਰਸੀ ਲੀਡਰਸ਼ਿਪ ਸਿਖ਼ਰਲੀ ਕੁਰਸੀ ਦੀ ਲੜਾਈ 'ਚ ਰੁੱਝੀ ਸੀ। ਉਨ੍ਹਾਂ ਕਿਹਾ ਕਿ ਹੁਣ ਜਦੋਂ ਕੇਂਦਰ ਸਰਕਾਰ ਨੇ ਖਰੀਦ 10 ਦਿਨਾਂ ਲਈ ਮੁਲਤਵੀ ਕਰ ਦਿੱਤੀ ਹੈ ਤਾਂ ਸੂਬਾ ਸਰਕਾਰ ਨੁੰ ਆਪਣੀਆਂ ਏਜੰਸੀਆਂ ਨੂੰ ਝੋਨੇ ਦੀ ਖਰੀਦ ਤੁਰੰਤ ਸ਼ੁਰੂ ਕਰਨ ਦੀ ਹਦਾਇਤ ਦੇਣੀ ਚਾਹੀਦੀ ਹੈ। ਇਕ ਹੋਰ ਸਵਾਲ ਦੇ ਜਵਾਬ 'ਚ ਸਰਦਾਰ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਤੇ ਉਨ੍ਹਾਂ ਦੇ ਵਜ਼ਾਰਤੀ ਸਾਥੀ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ 'ਚ ਨਾਕਾਮ ਰਹਿਣ ਦੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸੂਬੇ ਦੇ ਐਸ ਸੀ ਵਰਗ ਦੇ ਪਹਿਲੀ ਵਾਰ ਮੁੱਖ ਮੰਤਰੀ ਬਣੇ ਵਿਅਕਤੀ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਕੰਮ ਨਹੀਂ ਕਰਨ ਦੇ ਰਿਹਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਾਂਗਰਸ ਪਾਰਟੀ ਦੀ ਅੰਦਰੂਨੀ ਲੜਾਈ ਬਾਰੇ ਕੋਈ ਚਿੰਤਾ ਨਹੀਂ ਹੈ ਪਰ ਉਹ ਚਾਹੁੰਦੇ ਹਨ ਕਿ ਉਨਾਂ ਦੇ ਮਸਲੇ ਹੱਲ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੂੰ ਸੂਬੇ ਦੇ ਸਰੋਤਾਂ ਦੀ ਲੁੱਟ ਕਰਨ ਨਾਲੋਂ ਇਹ ਮਸਲੇ ਹੱਲ ਕਰਨ ’ਤੇ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਸੀਨੀਅਰ ਆਗੂ ਅਨਿਲ ਜੋਸ਼ੀ ਵੀ ਹਾਜ਼ਰ ਸਨ।

ਪੜ੍ਹੋ ਇਹ ਵੀ ਖ਼ਬਰ - ਸਾਵਧਾਨ! ਸਰਟੀਫਿਕੇਟ ਦੇਣ ਬਦਲੇ ਮਾਪਿਆਂ ਦੀ ਜੇਬ ’ਚੋਂ ਕਰੋੜਾਂ ਰੁਪਏ ਖਿਸਕਾਏਗਾ ਪੰਜਾਬ ਸਿੱਖਿਆ ਬੋਰਡ


author

rajwinder kaur

Content Editor

Related News