ਪੰਜਾਬ ਪੁਲਸ ਨੇ ਗੁਰਦਾਸਪੁਰ ''ਚੋਂ ਏ.ਕੇ.-47 ਤੇ ਜ਼ਿੰਦਾ ਕਾਰਤੂਸ ਕੀਤੇ ਬਰਾਮਦ : ਦਿਨਕਰ ਗੁਪਤਾ

Tuesday, Dec 22, 2020 - 08:39 PM (IST)

ਚੰਡੀਗੜ੍ਹ : ਪੰਜਾਬ ਪੁਲਸ ਨੇ 11 ਐਚਜੀ ਆਰਗੇਜ 84 ਹੱਥ ਗੋਲੇ ਦੀ ਬਰਾਮਦਗੀ ਤੋਂ ਤਕਰੀਬਨ 48 ਘੰਟਿਆਂ ਬਾਅਦ ਅੱਜ ਇਕ ਏ.ਕੇ. 47 ਰਾਈਫਲ ਅਤੇ 30 ਜ਼ਿੰਦਾ ਕਾਰਤੂਸਾਂ ਨਾਲ ਇਕ ਮੈਗਜ਼ੀਨ ਬਰਾਮਦ ਕੀਤੀ। ਇਹ ਬਰਮਾਦਗੀ ਸਪੱਸ਼ਟ ਤੌਰ 'ਤੇ ਉਸੇ ਖੇਪ ਦਾ ਇਕ ਹਿੱਸਾ ਹੈ ਜਿਸ ਨੂੰ ਐਤਵਾਰ ਵਾਲੇ ਦਿਨ ਗੁਰਦਾਸਪੁਰ ਜ਼ਿਲ੍ਹੇ ਦੇ ਬੀਓਪੀ ਚਕਰੀ (ਥਾਣਾ ਦੋਰਾਂਗਲਾ) ਵਿਚ ਪਾਕਿਸਤਾਨੀ ਡਰੋਨ ਨੇ ਸੁੱਟਿਆ ਸੀ। 
ਇਹ ਬਰਾਮਦਗੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਹੱਦੀ ਸੂਬੇ ਦੀ ਸ਼ਾਂਤੀ ਭੰਗ ਕਰਨ ਲਈ ਪਾਕਿਸਤਾਨ ਅਧਾਰਤ ਅੱਤਵਾਦੀਆਂ ਵੱਲੋਂ ਕੀਤੇ ਜਾ ਰਹੇ ਤਾਜ਼ਾ ਯਤਨਾਂ ਨੂੰ ਲੈ ਕੇ ਉਭਰੀਆਂ ਚਿੰਤਾਵਾਂ ਸਦਕਾ ਹੋਈ ਹੈ। ਇਸ ਸਬੰਧੀ ਹਾਲ ਹੀ ਮੁੱਖ ਮੰਤਰੀ ਵਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕੀਤੀ ਗਈ।
ਪੰਜਾਬ ਦੇ ਡੀਜੀਪੀ ਸ੍ਰੀ ਦਿਨਕਰ ਗੁਪਤਾ ਅਨੁਸਾਰ ਗੁਰਦਾਸਪੁਰ ਪੁਲਸ ਵਲੋਂ ਉਸ ਖੇਤਰ ਵਿੱਚ ਇੱਕ ਵਿਆਪਕ ਜਾਂਚ ਮੁਹਿੰਮ ਚਲਾਈ ਗਈ ਜਿਥੇ ਪੁਲਸ ਅਤੇ ਬੀਐਸਐਫ ਨੇ ਡਰੋਨ ਨੂੰ ਵੇਖ ਕੇ ਗੋਲੀਆਂ ਦਾਗੀਆਂ ਸਨ। ਉਨ੍ਹਾਂ ਕਿਹਾ ਕਿ ਅਸਾਲਟ ਰਾਈਫਲ ਵਾਲਾ ਇਕ ਪੈਕੇਜ਼ ਪਿੰਡ ਵਜ਼ੀਰ ਚੱਕ ਦੇ ਖੇਤਰ ਵਿੱਚ ਕਣਕ ਦੇ ਖੇਤਾਂ ਵਿੱਚ ਸੁੱਟਿਆ ਗਿਆ ਸੀ ਜੋ ਕਿ ਪਿੰਡ ਸਲਾਚ ਥਾਣਾ ਦੋਰਾਂਗਲਾ (ਗੁਰਦਾਸਪੁਰ) ਤੋਂ 1.5 ਕਿਲੋਮੀਟਰ ਦੀ ਦੂਰੀ ‘ਤੇ ਹੈ।
ਸ੍ਰੀ ਗੁਪਤਾ ਨੇ ਕਿਹਾ ਕਿ ਐਤਵਾਰ ਨੂੰ ਪਿੰਡ ਸਲਾਚ ਤੋਂ ਬਰਾਮਦ ਕੀਤੇ ਹੱਥ ਗੋਲਿਆਂ ਦੀ ਤਰ੍ਹਾਂ ਹੀ ਅੱਜ ਬਰਾਮਦ ਕੀਤੀ ਗਈ ਅਸਾਲਟ ਰਾਈਫਲ ਅਤੇ 30 ਜਿੰਦਾ ਕਾਰਤੂਸਾਂ ਨਾਲ ਮੈਗਜ਼ੀਨ ਨੂੰ ਵੀ ਇੱਕ ਲੱਕੜ ਦੇ ਫਰੇਮ ਨਾਲ ਜੋੜਿਆ ਗਿਆ ਸੀ ਅਤੇ ਨਾਈਲੋਨ ਦੀ ਰੱਸੀ ਨਾਲ ਡਰੋਨ ਤੋਂ ਹੇਠਾਂ ਉਤਾਰਿਆ ਗਿਆ ਸੀ।  
ਉਹਨਾਂ ਕਿਹਾ ਕਿ ਇਹ ਪੈਕੇਜ ਉਸੇ ਖੇਪ ਦਾ ਹਿੱਸਾ ਜਾਪਦਾ ਹੈ ਜਿਸ ਨੂੰ 19.12.2020 ਦੀ ਰਾਤ ਨੂੰ ਡਰੋਨ ਵਲੋਂ ਸੁੱਟਿਆ ਗਿਆ ਸੀ। ਉਹਨਾਂ ਦੱਸਿਆ ਕਿ ਜਿਸ ਥਾਂ ਤੋਂ ਹੱਥ ਗੋਲੇ ਮਿਲੇ ਸਨ ਇਸ ਤੋਂ ਕਰੀਬ 1.5 ਕਿਲੋਮੀਟਰ ਦੀ ਦੂਰੀ ਤੋਂ ਇਹ ਅਸਾਲਟ ਰਾਈਫਲ ਮਿਲੀ ਹੈ। 
ਸ੍ਰੀ ਗੁਪਤਾ ਨੇ ਕਿਹਾ ਕਿ ਇਸ ਸਬੰਧੀ ਐਤਵਾਰ ਨੂੰ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3, 4, 5 ਤਹਿਤ ਥਾਣਾ ਦੋਰਾਂਗਲਾ ਵਿਖੇ ਐਫਆਈਆਰ (159) ਤਹਿਤ ਦਰਜ ਕੀਤੀ ਗਈ ਸੀ ਅਤੇ ਅਗਲੀ ਕਾਰਵਾਈ ਵਜੋਂ ਜਾਂਚ ਅਭਿਆਨ ਅਜੇ ਵੀ ਜਾਰੀ ਹੈ।


Bharat Thapa

Content Editor

Related News