ਪੰਜਾਬ ਪੁਲਸ ਵੱਲੋਂ ਸਰਹੱਦ ਪਾਰੋਂ ਚੱਲਦੇ ਰੈਕਟ ਦਾ ਪਰਦਾਫ਼ਾਸ਼, BSF ਦਾ ਜਵਾਨ ਵੀ ਗ੍ਰਿਫ਼ਤਾਰ
Monday, Aug 03, 2020 - 12:27 PM (IST)
![ਪੰਜਾਬ ਪੁਲਸ ਵੱਲੋਂ ਸਰਹੱਦ ਪਾਰੋਂ ਚੱਲਦੇ ਰੈਕਟ ਦਾ ਪਰਦਾਫ਼ਾਸ਼, BSF ਦਾ ਜਵਾਨ ਵੀ ਗ੍ਰਿਫ਼ਤਾਰ](https://static.jagbani.com/multimedia/2020_8image_12_25_398566875dinkargupta.jpg)
ਚੰਡੀਗੜ੍ਹ : ਪੰਜਾਬ ਪੁਲਸ ਨੇ ਨਸ਼ਿਆਂ ਖ਼ਿਲਾਫ਼ ਕੀਤੀ ਜਾ ਰਹੀ ਸਖ਼ਤ ਕਾਰਵਾਈ ਦੇ ਹਿੱਸੇ ਵਜੋਂ ਤਰਨਤਾਰਨ ਜ਼ਿਲ੍ਹੇ 'ਚ 2 ਤਸਕਰਾਂ ਸਮੇਤ ਪਾਕਿ ਸਰਹੱਦ 'ਤੇ ਤਾਇਨਾਤ ਇੱਕ ਬੀ. ਐਸ. ਐਫ. ਦੇ ਸਿਪਾਹੀ ਨੂੰ ਗ੍ਰਿਫ਼ਤਾਰ ਕਰਕੇ ਪਾਕਿ ਵੱਲੋਂ ਸਮਰਥਨ ਪ੍ਰਾਪਤ ਸਰਹੱਦ ਪਾਰੋਂ ਚੱਲਦੇ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਦੇ ਇਕ ਹੋਰ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਮਸਕਟ, ਓਮਾਨ ਤੋਂ ਫ਼ਰਾਰ ਹੋਏ ਸਰਗਣਾ ਸਤਨਾਮ ਸਿੰਘ ਉਰਫ ਸੱਤਾ ਦੀ ਹਵਾਲਗੀ ਲੈਣ ਲਈ ਕਾਰਵਾਈ ਕਰ ਰਹੀ ਹੈ, ਜਿੱਥੇ ਉਹ 2 ਤਸਕਰੀ ਦੇ ਮਾਮਲਿਆਂ 'ਚ ਭਗੌੜਾ ਅਪਰਾਧੀ ਘੋਸ਼ਿਤ ਕੀਤੇ ਜਾਣ ਤੋਂ ਬਾਅਦ ਭੱਜ ਗਿਆ ਸੀ। ਡੀ. ਜੀ. ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਉਸ ਨੇ ਗੁਰਮੀਤ ਸਿੰਘ ਦੇ ਨਾਮ 'ਤੇ ਜਾਰੀ ਕੀਤੇ ਗਏ ਜਾਅਲੀ ਪਾਸਪੋਰਟ ਅਤੇ ਆਧਾਰ ਕਾਰਡ ਦੀ ਵਰਤੋਂ ਕੀਤੀ ਸੀ। ਡੀ. ਜੀ. ਪੀ. ਨੇ ਦੱਸਿਆ ਕਿ ਮੁਲਜ਼ਮ 'ਤੇ ਪਹਿਲਾਂ ਵੀ ਤਸਕਰੀ ਦੇ ਪੰਜ ਕੇਸ ਦਰਜ ਹਨ।
ਇਹ ਵੀ ਪੜ੍ਹੋ : ਸੁਖਦੇਵ ਢੀਂਡਸਾ ਵੱਲੋਂ 6 ਨੂੰ ਹੰਗਾਮੀ ਬੈਠਕ, ਬਾਦਲਾਂ ਨੂੰ ਲੱਗ ਸਕਦੈ ਵੱਡਾ ਝਟਕਾ!
ਉਨ੍ਹਾਂ ਅੱਗੇ ਕਿਹਾ ਕਿ ਸੱਤਾ ਦੀ ਅਣਪਛਾਤੀ ਜਾਇਦਾਦ, ਜਿਸ ਨੂੰ ਉਸ ਨੇ ਸੰਧੂ ਕਾਲੋਨੀ, ਅੰਮ੍ਰਿਤਸਰ ਵਿਖੇ ਆਪਣੇ ਪਰਿਵਾਰ ਦੀ ਰਿਸ਼ਤੇਦਾਰ ਮਨਿੰਦਰ ਕੌਰ ਦੇ ਨਾਮ 'ਤੇ ਨਸ਼ਿਆਂ ਦੇ ਪੈਸੇ ਨਾਲ ਖਰੀਦਿਆ ਸੀ, ਨੂੰ ਜਾਮ (ਫ੍ਰੀਜ਼) ਕਰਾ ਲਿਆ ਗਿਆ ਹੈ। ਰੈਕੇਟ ਦਾ ਪਰਦਾਫਾਸ਼ ਕਰਨ ਵਾਲੀ ਜਲੰਧਰ ਪੁਲਸ (ਦਿਹਾਤੀ) ਨੇ ਗ੍ਰਿਫ਼ਤਾਰ ਕੀਤੇ 3 ਮੁਲਜ਼ਮਾਂ ਕੋਲੋਂ ਚੀਨ ਦੇ ਬਣੇ ਇੱਕ 0.30 ਬੋਰ ਪਿਸਤੌਲ ਸਮੇਤ 5 ਜ਼ਿੰਦਾ ਕਾਰਤੂਸ ਅਤੇ 24.50 ਲੱਖ ਰੁਪਏ ਬਰਾਮਦ ਕੀਤੇ ਸਨ। ਡੀ. ਜੀ. ਪੀ. ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਸੁਰਮੇਲ ਸਿੰਘ, ਗੁਰਜੰਟ ਸਿੰਘ ਅਤੇ ਰਾਜਸਥਾਨ ਦੇ ਗੰਗਾ ਨਗਰ ਜ਼ਿਲ੍ਹੇ 'ਚ ਰਾਵਲਾ ਮੰਡੀ ਦੇ ਵਸਨੀਕ ਬੀ. ਐਸ. ਐਫ. ਸਿਪਾਹੀ ਰਾਜਿੰਦਰ ਪ੍ਰਸਾਦ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਜ਼ਹਿਰੀਲੀ ਸ਼ਰਾਬ ਮਾਮਲੇ 'ਚ ਕੇਜਰੀਵਾਲ 'ਤੇ ਭੜਕੇ ਕੈਪਟਨ, ''ਕੀ ਤੁਹਾਨੂੰ ਕੋਈ ਸ਼ਰਮ-ਹਯਾ ਹੈ?''
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦਿਨਕਰ ਗੁਪਤਾ ਨੇ ਦੱਸਿਆ ਕਿ ਜਲੰਧਰ ਦਿਹਾਤੀ ਪੁਲਸ ਨੇ 26 ਜੁਲਾਈ ਨੂੰ ਇਤਲਾਹ ਦੇ ਅਧਾਰ 'ਤੇ ਕਾਰਵਾਈ ਕਰਦਿਆਂ 2 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜੋ ਦਿੱਲੀ ਤੋਂ ਵਰਨਾ ਕਾਰ 'ਚ ਆ ਰਹੇ ਸਨ। ਤਲਾਸ਼ੀ ਦੌਰਾਨ ਪੁਲਸ ਨੇ ਉਨ੍ਹਾਂ ਦੀ ਕਾਰ 'ਚੋਂ 25 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁੱਛਗਿੱਛ ਕਰਨ 'ਤੇ ਦੋਹਾਂ ਨੇ ਆਪਣੀ ਪਛਾਣ ਸੁਰਮੇਲ ਸਿੰਘ ਅਤੇ ਗੁਰਜੰਟ ਸਿੰਘ ਵਜੋਂ ਕੀਤੀ ਗਈ। ਹੋਰ ਪੁੱਛਗਿੱਛ ਤੋਂ ਬਾਅਦ ਪੁਲਸ ਨੇ ਸੁਰਮੇਲ ਕੋਲੋਂ .30 ਬੋਰ ਪਿਸਤੌਲ ਸਮੇਤ 5 ਜ਼ਿੰਦਾ ਕਾਰਤੂਸ ਅਤੇ 35 ਗ੍ਰਾਮ ਹੈਰੋਇਨ ਬਰਾਮਦ ਕੀਤੀ।
ਇਹ ਵੀ ਪੜ੍ਹੋ : ਬੀਮਾਰ ਭਰਾ ਨੂੰ ਬਚਾਉਣ ਲਈ ਪੰਡਿਤ ਪਿੱਛੇ ਲੱਗਿਆ ਅੰਧ-ਵਿਸ਼ਵਾਸੀ, ਗਊਸ਼ਾਲਾ 'ਚ ਕੀਤਾ ਵੱਡਾ ਕਾਂਡ
ਅਗਲੇਰੀ ਪੜਤਾਲ ਦੌਰਾਨ ਦੋਵਾਂ ਮੁਲਜ਼ਮਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਨਾਰਲੀ ਦੇ ਰਹਿਣ ਵਾਲੇ ਸਰਹੱਦ ਪਾਰ ਦੇ ਤਸਕਰ ਸਤਨਾਮ ਸਿੰਘ ਉਰਫ ਸੱਤਾ ਨਾਲ ਕੰਮ ਕਰਦੇ ਸਨ, ਜੋ ਕਿ ਹੈਰੋਇਨ ਅਤੇ ਹਥਿਆਰਾਂ ਦੀ ਤਸਕਰੀ ਲਈ ਪਾਕਿ ਆਧਾਰਿਤ ਤਸਕਰਾਂ ਨਾਲ ਨੇੜਿਓਂ ਜੁੜਿਆ ਹੋਇਆ ਸੀ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਬੀ. ਐਸ. ਐਫ. ਦਾ ਸਿਪਾਹੀ ਰਾਜਿੰਦਰ ਪ੍ਰਸਾਦ ਵੀ ਤਸਕਰੀ ਰੈਕੇਟ ਦਾ ਹਿੱਸਾ ਸੀ। ਬੀ. ਐਸ. ਐਫ. ਕਾਂਸਟੇਬਲ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਛੀਨਾ ਵਿਖੇ ਇੱਕ ਸਰਹੱਦੀ ਚੌਂਕੀ ਵਿਖੇ ਤਾਇਨਾਤ ਸੀ।
ਡੀ. ਜੀ. ਪੀ. ਨੇ ਕਿਹਾ ਕਿ ਉਨ੍ਹਾਂ ਨੇ ਬੀ. ਐਸ. ਐਫ. ਅਤੇ ਰਾਜਸਥਾਨ 'ਚ ਆਪਣੇ ਹਮਰੁਤਬਾ, ਡੀ. ਜੀ. ਪੀ. ਬੀ. ਐਸ. ਐਫ. ਅਤੇ ਡੀ. ਜੀ. ਪੀ. ਰਾਜਸਥਾਨ ਨਾਲ ਸੰਪਰਕ ਕੀਤਾ ਅਤੇ ਉਕਤ ਸਿਪਾਹੀ ਦੀ ਗ੍ਰਿਫ਼ਤਾਰੀ ਨੂੰ ਯਕੀਨੀ ਬਣਾਉਣ ਲਈ ਕੇਂਦਰੀ ਏਜੰਸੀਆਂ ਦਾ ਸਹਿਯੋਗ ਵੀ ਲਿਆ, ਜਿਸ ਨੂੰ 28 ਜੁਲਾਈ ਨੂੰ ਪੰਜਾਬ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ, ਜੋ ਕਿ ਰਾਵਲਾ ਮੰਡੀ ਸਥਿਤ ਆਪਣੀ ਰਿਹਾਇਸ਼ 'ਤੇ ਆਪਣੀ ਛੁੱਟੀ ਕੱਟ ਕਰ ਰਿਹਾ ਸੀ।
ਹੋਰ ਪੁੱਛਗਿੱਛ ਦੌਰਾਨ ਰਾਜਿੰਦਰ ਨੇ ਦੱਸਿਆ ਕਿ ਉਸ ਨੂੰ ਸਤਨਾਮ ਸਿੰਘ ਉਰਫ ਸੱਤਾ ਵੱਲੋਂ ਨਸ਼ਾ ਤਸਕਰੀ ਦੀ ਰੈਕੇਟ 'ਚ ਭਰਤੀ ਕੀਤਾ ਗਿਆ ਸੀ, ਜਿਸ ਨੇ ਆਪਣੀ ਬਾਰਡਰ ਪੋਸਟ ਰਾਹੀਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ 'ਚ ਮਦਦ ਦੇ ਬਦਲੇ ਉਸ ਨੂੰ ਪੈਸੇ ਦੇਣ ਦਾ ਵਾਅਦਾ ਕੀਤਾ ਸੀ। ਫਿਰ ਉਸ ਨੇ ਮਈ 'ਚ 17 ਕਿਲੋਗ੍ਰਾਮ ਹੈਰੋਇਨ ਅਤੇ 2 ਵਿਦੇਸ਼ੀ ਪਿਸਤੌਲ ਪ੍ਰਾਪਤ ਕਰਨ 'ਚ ਗਿਰੋਹ ਦੀ ਮਦਦ ਕੀਤੀ।