ਗੌਂਡਰ ਦਾ ਪਾਕਿ ਲਿੰਕ ਭਾਲ ਰਹੀ ਪੰਜਾਬ ਪੁਲਸ
Tuesday, Jan 30, 2018 - 05:23 AM (IST)
ਚੰਡੀਗੜ੍ਹ/ਜਲੰਧਰ, (ਰਮਨਜੀਤ, ਰਾਕੇਸ਼ ਬਹਿਲ, ਸੋਮਨਾਥ ਕੈਂਥ, ਰਿਮਾਂਸ਼ੂ)- ਪੁਲਸ ਦਾ ਦਾਅਵਾ ਹੈ ਕਿ ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ ਤੇ ਉਸ ਦੇ ਇਕ ਸਾਥੀ ਦੀ ਐਨਕਾਊਂਟਰ ਵਿਚ ਮੌਤ ਨਾਲ ਪੰਜਾਬ ਵਿਚੋਂ ਇਕ ਖਾਲਿਸਤਾਨੀ ਮਾਡਿਊਲ ਟੁੱਟ ਗਿਆ ਹੈ। ਉਥੇ ਹੀ ਲਖਵਿੰਦਰ ਲੱਖਾ ਦੀ ਢਾਣੀ, ਜਿਸ ਜਗ੍ਹਾ ਇਹ ਐਨਕਾਊਂਟਰ ਹੋਇਆ ਸੀ, ਪਾਕਿਸਤਾਨੀ ਸਰਹੱਦ ਤੋਂ 7 ਕਿਲੋਮੀਟਰ ਦੀ ਦੂਰੀ 'ਤੇ ਹੈ। ਇਸ ਦੇ ਕਾਰਨ ਪੁਲਸ ਇਸ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ ਕਿ ਕਿਤੇ ਗੌਂਡਰ ਅਤੇ ਉਸ ਦੇ ਸਾਥੀ ਉਥੇ ਪਾਕਿਸਤਾਨ ਤੋਂ ਹਥਿਆਰਾਂ ਦੀ ਸਪਲਾਈ ਹਾਸਲ ਕਰਨ ਲਈ ਤਾਂ ਨਹੀਂ ਪਹੁੰਚੇ ਸਨ। ਇੰਟੈਲੀਜੈਂਸ ਵਿੰਗ ਇਸ ਗੱਲ ਦੀ ਖੋਜ ਕਰਨ ਵਿਚ ਰੁਝ ਗਿਆ ਹੈ ਕਿ ਆਖਿਰਕਾਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਪੱਕੀ ਟਿੱਬੀ ਦੀ ਉਕਤ ਢਾਣੀ 'ਤੇ ਹੀ ਕਿਉਂ ਪਹੁੰਚੇ ਸਨ? ਹਾਲਾਂਕਿ ਸ਼ੁਰੂਆਤੀ ਤੌਰ 'ਤੇ ਇਹ ਸਾਹਮਣੇ ਆਇਆ ਸੀ ਕਿ ਲੱਖਾ ਦੀ ਢਾਣੀ 'ਤੇ ਉਨ੍ਹਾਂ ਨੂੰ ਨਸ਼ਾ ਅਤੇ ਟਿਕਾਣਾ ਮੁਹੱਈਆ ਹੋ ਰਿਹਾ ਸੀ ਪਰ ਪੁਲਸ ਦੀਆਂ ਖੁਫੀਆ ਏਜੰਸੀਆਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਹੈ ਕਿਉਂਕਿ ਗੈਂਗਸਟਰਾਂ ਦੇ ਲਿੰਕ ਸਮੱਗਲਰਾਂ ਨਾਲ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਸਪਲਾਈ ਲਈ ਖੁਦ ਕਿਤੇ ਜਾਣ ਦੀ ਲੋੜ ਨਹੀਂ ਰਹੀ।

ਖੁਫੀਆ ਵਿੰਗ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਕਿਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਗੌਂਡਰ ਗੈਂਗ ਨੂੰ ਪਾਕਿਸਤਾਨ ਤੋਂ ਹਥਿਆਰਾਂ ਆਦਿ ਦੀ ਸਪਲਾਈ ਤਾਂ ਨਹੀਂ ਹੋਣ ਵਾਲੀ ਸੀ। ਇਸਦਾ ਆਧਾਰ ਇਹ ਹੈ ਕਿ ਲੱਖਾ ਦੀ ਢਾਣੀ ਪਾਕਿਸਤਾਨੀ ਸਰਹੱਦ ਦੇ ਕਾਫੀ ਨੇੜੇ ਹੈ ਅਤੇ ਐਨਕਾਊਂਟਰ ਵੇਲੇ ਵੀ ਪ੍ਰੇਮਾ ਲਾਹੌਰੀਆ ਨੇ ਅਜਿਹੀ ਜੈਕੇਟ ਪਾਈ ਹੋਈ ਸੀ, ਜਿਸ ਨਾਲ ਫੌਜੀ ਜਾਂ ਬੀ. ਐੱਸ. ਐੱਫ. ਦੇ ਜਵਾਨ ਹੋਣ ਦਾ ਭਰਮ ਪੈਦਾ ਹੋਵੇ।
ਪੂਰੀ ਸੰਭਾਵਨਾ ਕਿ ਗੌਂਡਰ ਪਾਕਿ ਏਜੰਸੀਆਂ ਦੇ ਸੰਪਰਕ 'ਚ ਸੀ
ਇਸ ਦੀ ਪੂਰੀ ਸੰਭਾਵਨਾ ਹੈ ਕਿ ਰੋਮੀ ਰਾਹੀਂ ਗੌਂਡਰ ਜਿਹੇ ਗੈਂਗਸਟਰ ਪਾਕਿ ਏਜੰਸੀਆਂ ਦੇ ਸੰਪਰਕ ਵਿਚ ਸਨ। ਅਸੀਂ ਇਸ ਗੱਲ ਦੀ ਤਹਿ ਤਕ ਜਾਣ ਦੇ ਯਤਨ ਵਿਚ ਹਾਂ ਕਿ ਲਖਵਿੰਦਰ ਲੱਖਾ ਦੀ ਢਾਣੀ ਵਿਚ ਹੀ ਗੌਂਡਰ ਨੇ ਟਿਕਾਣਾ ਕਿਉਂ ਬਣਾਇਆ ਸੀ। ਜਿਵੇਂ ਹੀ ਕੋਈ ਸੂਚਨਾ ਪੁਖਤਾ ਹੋਵੇਗੀ, ਉਸ ਨੂੰ ਸਾਂਝਾ ਕੀਤਾ ਜਾਵੇਗਾ।
-ਸੁਰੇਸ਼ ਅਰੋੜਾ, ਡੀ. ਜੀ. ਪੀ.।
ਜੇਲ ਬ੍ਰੇਕ ਤੇ ਟਾਰਗੈੱਟ ਕਿਲਿੰਗ 'ਚ ਆਇਆ ਸੀ ਰੋਮੀ ਤੇ ਹਰਮੀਤ ਦਾ ਨਾਂ
ਖੁਫੀਆ ਵਿੰਗ ਦੀ ਟੀਮ ਇਸ ਜਾਂਚ ਨੂੰ ਇਸ ਐਂਗਲ ਤੋਂ ਅੱਗੇ ਵਧਾ ਰਹੀ ਹੈ ਕਿ ਨਾਭਾ ਜੇਲ ਬ੍ਰੇਕ ਮਾਮਲੇ ਵਿਚ ਹੁਣ ਤਕ ਹੋਈਆਂ ਗ੍ਰਿਫਤਾਰੀਆਂ ਤੋਂ ਬਾਅਦ ਜਾਂਚ ਵਿਚ ਇਹ ਤੱਥ ਸਥਾਪਿਤ ਹੋ ਚੁੱਕਾ ਹੈ ਕਿ ਜੇਲ ਬ੍ਰੇਕ ਨੂੰ ਅੰਜਾਮ ਦੇਣ ਲਈ ਹਥਿਆਰਾਂ ਤੇ ਹੋਰ ਸਾਮਾਨ ਲਈ ਪੈਸਾ ਹਾਂਗਕਾਂਗ ਵਿਚ ਬੈਠੇ ਰੋਮੀ ਰਾਹੀਂ ਪਹੁੰਚਿਆ ਸੀ। ਰੋਮੀ ਦਾ ਲਿੰਕ ਆਈ. ਐੱਸ. ਆਈ. ਤੇ ਖਾਲਿਸਤਾਨ ਹਮਾਇਤੀ ਤੇ ਪੁਲਸ ਲਈ ਵੱਡਾ ਚੈਲੇਂਜ ਬਣ ਚੁੱਕੇ ਪਾਕਿਸਤਾਨ ਵਿਚ ਬੈਠੇ ਅੱਤਵਾਦੀ ਹਰਮੀਤ ਪੀ. ਐੱਚ. ਡੀ. ਨਾਲ ਹੈ। ਹਰਮੀਤ ਪੀ. ਐੱਚ. ਡੀ. ਹੀ ਹੈ, ਜਿਸ ਦੀ ਭੂਮਿਕਾ ਪੰਜਾਬ ਵਿਚ ਦੋ ਸਾਲਾਂ ਦੌਰਾਨ ਹੋਈ ਟਾਰਗੈੱਟ ਕਿਲਿੰਗ ਵਿਚ ਦੱਸੀ ਗਈ ਹੈ। ਕੁਝ ਹੀ ਸਮਾਂ ਪਹਿਲਾਂ ਇਹ ਵੀ ਇਨਪੁਟ ਮਿਲੀ ਸੀ ਕਿ ਵਿੱਕੀ ਗੌਂਡਰ ਨੂੰ ਆਈ. ਐੱਸ. ਆਈ. ਰਾਹੀਂ ਅਸਾਲਟ ਰਾਈਫਲ ਦੀ ਸਪਲਾਈ ਹੋਈ ਹੈ ਪਰ ਅਜੇ ਤਕ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ।
