ਲੋਹੜੀ ਮੰਗਣ ''ਤੇ ਥਾਣੇਦਾਰ ਨੇ ਸਾਧੂ ਨੂੰ ਕੁੱਟ-ਕੁੱਟ ਜਾਨੋਂ ਮਾਰ ਦਿੱਤਾ
Sunday, Jan 13, 2019 - 09:36 PM (IST)

ਅਜਨਾਲਾ, (ਵਰਿੰਦਰ)- ਸ਼ਹਿਰ 'ਚ ਪੰਜਾਬ ਪੁਲਸ ਦਾ ਖੂਨੀ ਚਿਹਰਾ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਇਕ ਸਾਧੂ ਨੇ ਪੰਜਾਬ ਪੁਲਸ ਦੇ ਥਾਣੇਦਾਰ ਕੋਲੋਂ ਲੋਹੜੀ ਮੰਗ ਲਈ ਤੇ ਸ਼ਾਇਦ ਸਾਧੂ ਨੂੰ ਵੀ ਨਹੀਂ ਸੀ ਪਤਾ ਕਿ ਉਸ ਨੇ ਇਹ ਇਕ ਅਪਰਾਧ ਕਰ ਲਿਆ ਹੈ, ਜਿਸ ਦੀ ਸਜ਼ਾ ਉਸ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਵੇਗੀ। ਜਾਣਕਾਰੀ ਮੁਤਾਬਕ ਇਕ ਸਾਧੂ ਰਾਤ ਸਮੇਂ ਅਜਨਾਲਾ 'ਚ ਲੋਹੜੀ ਮੰਗ ਰਿਹਾ ਸੀ ਤੇ ਜਦ ਉਹ ਪੁਲਸ ਥਾਣਾ ਅਜਨਾਲਾ ਕੋਲੋਂ ਲੰਘ ਰਿਹਾ ਸੀ ਤਾਂ ਉਥੇ ਸਾਦੀ ਵਰਦੀ 'ਚ ਇਕ ਪੁਲਸ ਮੁਲਾਜ਼ਮ ਆਪਣੀ ਕਾਰ 'ਚ ਨਸ਼ੇ ਦੀ ਹਾਲਤ 'ਚ ਬੈਠਾ ਸੀ, ਜਦੋਂ ਸਾਧੂ ਨੇ ਉਸ ਕੋਲੋਂ ਲੋਹੜੀ ਮੰਗੀ ਤਾਂ ਉਕਤ ਸ਼ਰਾਬੀ ਥਾਣੇਦਾਰ ਗੁੱਸੇ 'ਚ ਆ ਗਿਆ ਤੇ ਉਸ ਨੇ ਸਾਧੂ ਨੂੰ ਡੰਡਿਆਂ ਤੇ ਲੱਤਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਸਾਧੂ ਗੰਭੀਰ ਜ਼ਖਮੀ ਹੋ ਗਿਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਅਜਨਾਲਾ ਦੇ ਐੱਸ. ਐੱਚ. ਓ. ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਜ਼ਖਮੀ ਹਾਲਤ 'ਚ ਸਾਧੂ ਨੂੰ ਸਰਕਾਰੀ ਹਸਪਤਾਲ ਲਿਆਂਦਾ। ਉਸ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਐੱਸ. ਐੱਚ. ਓ. ਵਿਰਦੀ ਨੇ ਦੱਸਿਆ ਕਿ ਸਾਧੂ ਦੀ ਕੁੱਟ-ਮਾਰ ਕਰਨ ਵਾਲੇ ਥਾਣੇਦਾਰ ਅਤਰ ਸਿੰਘ ਪੁੱਤਰ ਕੁਲਤਾਰ ਸਿੰਘ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਰਵਾਈ ਆਰੰਭ ਕਰ ਦਿੱਤੀ ਗਈ ਹੈ।