ਪੰਜਾਬ ਪੁਲਸ ਲਈ ਮੁਸੀਬਤ ਬਣਿਆਂ ਦੂਜੇ ਸੂਬਿਆਂ ਤੋਂ ਆਉਣ ਵਾਲਾ ਨਾਜਾਇਜ਼ ਅਸਲਾ

01/08/2019 11:37:28 AM

ਕਪੂਰਥਲਾ  (ਭੂਸ਼ਣ)—ਬੀਤੇ 2 ਸਾਲਾਂ ਤੋਂ ਸੂਬੇ 'ਚ ਅਪਰਾਧ ਵਿਰੋਧੀ ਮੁਹਿੰਮ ਨੂੰ ਚਲਾ ਰਹੀ ਪੰਜਾਬ ਪੁਲਸ ਲਈ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਸਮੱਗਲ ਹੋ ਕੇ ਆ ਰਹੇ ਨਾਜਾਇਜ਼ ਹਥਿਆਰ (ਅਸਲਾ) ਇਕ ਵੱਡੀ ਸਮੱਸਿਆ ਬਣਦੇ ਜਾ ਰਹੇ ਹਨ।  ਆਲਮ ਤਾਂ ਇਹ ਹੈ ਕਿ ਸੂਬੇ ਨਾਲ ਜੁੜੇ ਸਾਰੇ ਬਾਰਡਰਾਂ 'ਤੇ ਪੁਲਸ ਦੀ ਸਖ਼ਤ ਚੈਕਿੰਗ  ਦੇ ਬਾਵਜੂਦ ਵੀ ਸੂਬੇ  ਦੇ ਵੱਖ-ਵੱਖ ਜ਼ਿਲਿਆਂ 'ਚ ਨਾਜਾਇਜ਼ ਅਸਲੇ ਦਾ (ਹਥਿਆਰਾਂ) ਦਾ ਆਉਣਾ-ਜਾਣਾ ਜਾਰੀ ਹੈ। ਉਥੇ ਹੀ ਕਪੂਰਥਲਾ ਪੁਲਸ ਵੱਲੋਂ ਬੀਤੇ ਦਿਨੀਂ ਤਲਵੰਡੀ ਚੌਧਰੀਆਂ ਖੇਤਰ 'ਚ ਫੜੇ 2 ਪਿਸਤੌਲ  ਇਸ ਸੱਚਾਈ ਦੀ ਪੁਸ਼ਟੀ ਕਰਦੇ ਹਨ। 

ਜ਼ਿਕਰਯੋਗ ਹੈ ਕਿ ਪੰਜਾਬ ਪੁਲਸ ਵੱਲੋਂ ਬੀਤੇ 2 ਸਾਲਾਂ ਤੋਂ ਗੈਂਗਸਟਰਾਂ ਅਤੇ ਡਰੱਗ ਮਾਫੀਆ  ਦੇ ਖਿਲਾਫ ਇਕ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ।  ਜਿਸ  ਦੇ ਤਹਿਤ ਕਈ ਵੱਡੇ ਅਪਰਾਧੀ ਫੜੇ ਜਾ ਚੁੱਕੇ ਹਨ ਪਰ ਇਸ  ਦੇ ਬਾਵਜੂਦ ਸੂਬੇ 'ਚ ਸਰਗਰਮ ਛੋਟੇ ਵੱਡੇ ਅਪਰਾਧੀਆਂ ਤੋਂ ਲਗਾਤਾਰ ਨਾਜਾਇਜ਼ ਹਥਿਆਰਾਂ ਦੀ ਬਰਾਮਦਗੀ ਹੋ ਰਹੀ ਹੈ, ਜਿਸ 'ਚ ਕੁਝ ਅਜਿਹੇ ਅਪਰਾਧੀ ਵੀ ਸ਼ਾਮਲ ਹਨ, ਜੋ ਅਪਰਾਧ ਦੀ ਦੁਨੀਆ 'ਚ ਨਵੇਂ-ਨਵੇਂ ਸ਼ਾਮਲ ਹੋਏ ਹਨ। ਜੇਕਰ ਪੁਲਸ ਰਿਕਾਰਡ 'ਤੇ ਨਜ਼ਰ ਮਾਰੀ ਜਾਵੇ ਤਾਂ ਬੀਤੇ ਇਕ ਸਾਲ ਦੌਰਾਨ ਸੂਬੇ ਭਰ 'ਚ 300  ਦੇ ਕਰੀਬ ਨਾਜਾਇਜ਼ ਹਥਿਆਰ ਬਰਾਮਦ ਕੀਤੇ ਜਾ ਚੁੱਕੇ ਹਨ। ਗੌਰ ਹੋਵੇ ਕਿ ਉੱਤਰ ਪ੍ਰਦੇਸ਼ ਅਤੇ ਬਿਹਾਰ  ਵਿਚ ਸਰਗਰਮ ਕੁਝ ਨਾਜਾਇਜ਼ ਹਥਿਆਰ ਬਣਾਉਣ ਵਾਲੇ ਲੋਕ 5 ਹਜ਼ਾਰ ਰੁਪਏ ਤੋਂ ਲੈ ਕੇ 25 ਹਜ਼ਾਰ ਰੁਪਏ ਤਕ 'ਚ ਨਾਜਾਇਜ਼ ਪਿਸਤੌਲ  ਉਪਲਬਧ ਕਰ ਰਹੇ ਹਨ।  ਇਨ੍ਹਾਂ ਸੂਬਿਆਂ ਵਿਚ ਸਰਗਰਮ ਨਾਜਾਇਜ਼ ਹਥਿਆਰ ਮਾਫੀਆ  ਦੇ ਤਾਰ ਪੰਜਾਬ  ਦੇ ਕਈ ਜ਼ਿਲਿਆਂ 'ਚ ਝੁੱਗੀਆਂ ਪਾ ਕੇ ਬੈਠੇ ਉਨ੍ਹਾਂ ਸ਼ੱਕੀ ਲੋਕਾਂ ਨਾਲ ਜੁੜੇ  ਹੋਏ ਹਨ, ਜਿਨ੍ਹਾਂ  ਦੇ ਖਿਲਾਫ ਉੱਤਰ ਪ੍ਰਦੇਸ਼ ਅਤੇ ਬਿਹਾਰ 'ਚ ਮਾਮਲੇ ਦਰਜ ਹਨ। ਗੌਰ ਹੋਵੇ ਕਿ ਸੂਬੇ 'ਚ ਕਈ ਜ਼ਿਲਿਆਂ ਦੀ ਪੁਲਸ ਝੁੱਗੀ ਝੌਂਪੜੀਆਂ 'ਚ ਚੈਕਿੰਗ  ਦੇ ਦੌਰਾਨ ਨਾਜਾਇਜ਼ ਹਥਿਆਰ ਬਰਾਮਦ ਕਰ ਚੁੱਕੀ  ਹੈ। ਜਿਨ੍ਹਾਂ ਵਿਚ ਲੁਧਿਆਣਾ ਪੁਲਸ ਵੱਲੋਂ ਕੀਤੀ ਗਈ ਚੈਕਿੰਗ ਵਿਚ ਸਭ ਤੋਂ ਜ਼ਿਆਦਾ ਹਥਿਆਰ ਬਰਾਮਦ ਹੋਏ ਹਨ।  ਉਥੇ ਹੀ ਬੀਤੇ ਦਿਨੀ ਸੂਬੇ ਦੇ ਵੱਖ-ਵੱਖ ਥਾਣਾ ਖੇਤਰਾਂ ਦੀ ਪੁਲਸ ਵੱਲੋਂ ਫੜੇ ਗਏ ਨਾਜਾਇਜ਼  ਹਥਿਆਰ ਯੂ. ਪੀ. ਅਤੇ ਬਿਹਾਰ ਤੋਂ ਲਿਆਉਣ ਦੀ ਪੁਸ਼ਟੀ ਹੋਈ ਹੈ,  ਜੋ ਕਿਤੇ ਨਾ ਕਿਤੇ ਪੰਜਾਬ ਪੁਲਸ ਦੀ ਚਿੰਤਾ ਵਧਾ ਰਹੀ ਹੈ। 


Shyna

Content Editor

Related News