ਸਰਹਾਲੀ ਥਾਣੇ ’ਤੇ ਹਮਲੇ ਤੋਂ ਬਾਅਦ ਐਕਸ਼ਨ ’ਚ ਪੰਜਾਬ ਪੁਲਸ, ਚੁੱਕੇ ਜਾ ਰਹੇ ਇਹ ਸਖ਼ਤ ਕਦਮ

Sunday, Dec 11, 2022 - 06:20 PM (IST)

ਲੁਧਿਆਣਾ (ਰਾਜ) : ਕੁਝ ਦਿਨ ਪਹਿਲਾਂ ਹੀ ਖੁਫੀਆ ਏਜੰਸੀਆਂ ਨੇ ਇਨਪੁਟਸ ਦਿੱਤੇ ਸਨ ਕਿ ਪੰਜਬਾ ਦੇ ਕਿਸੇ ਥਾਣੇ ਜਾਂ ਸਰਕਾਰੀ ਇਮਾਰਤ ’ਤੇ ਅੱਤਵਾਦੀ ਹਮਲਾ ਹੋ ਸਕਦਾ ਹੈ। ਦੇਰ ਰਾਤ ਇਨਪੁਟਸ ਸੱਚ ਸਾਬਤ ਹੋਏ ਅਤੇ ਅੱਤਵਾਦੀਆਂ ਨੇ ਤਰਨਤਾਰਨ ਦੇ ਸਰਹਾਲੀ ਥਾਣੇ ਵਿਚ ਬਣੇ ਸਾਂਝ ਕੇਂਦਰ ’ਤੇ ਰਾਕੇਟ ਲਾਂਚਰ ਨਾਲ ਹਮਲਾ ਕਰ ਦਿੱਤਾ। ਹਾਲਾਂਕਿ ਇਸ ਹਮਲੇ ’ਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਤਰ੍ਹਾਂ ਸ਼ਰੇਆਮ ਹਮਲਾ ਕਰ ਕੇ ਅੱਤਵਾਦੀਆਂ ਨੇ ਫਿਰ ਪੰਜਾਬ ਪੁਲਸ ਨੂੰ ਚੁਣੌਤੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਡੀ. ਜੀ. ਪੀ. ਵੱਲੋਂ ਫਿਰ ਪੰਜਾਬ ਦੇ ਸਾਰੇ ਅਧਿਕਾਰੀਆਂ ਨੂੰ ਥਾਣਿਆਂ ਅਤੇ ਸਰਕਾਰੀ ਇਮਾਰਤਾਂ ਦੀ ਸੁਰੱਖਿਆ ਵਧਾਉਣ ਦਾ ਫਰਮਾਨ ਜਾਰੀ ਕਰ ਦਿੱਤਾ ਹੈ। ਇਸੇ ਤਹਿਤ ਲੁਧਿਆਣਾ ਕਮਿਸ਼ਨਰੇਟ ਪੁਲਸ ਵੀ ਹਰਕਤ ਵਿਚ ਆ ਗਈ ਹੈ। ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਉੱਚ ਅਧਿਕਾਰੀਆਂ ਨਾਲ ਵਿਸ਼ੇਸ਼ ਬੈਠਕ ਕਰ ਕੇ ਸਾਰੇ ਥਾਣਿਆਂ ’ਤੇ 24 ਘੰਟੇ ਨਜ਼ਰ ਰੱਖਣ ਦੇ ਹੁਕਮ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਹਾਈਵੇ ’ਤੇ ਬਣੇ ਥਾਣਿਆਂ ਅਤੇ ਚੌਕੀਆਂ ’ਤੇ ਐਕਸਟ੍ਰਾ ਫੋਰਸ ਤਾਇਨਾਤ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਭਿਆਨਕ ਹਾਦਸੇ ਵਿਚ ਦੋ ਬੱਚੇ ਗੁਆਉਣ ਵਾਲੀ ਮਾਂ ਨੇ ਲੋਕਾਂ ਅੱਗੇ ਲਗਾਈ ਮਦਦ ਦੀ ਗੁਹਾਰ

ਅਸਲ ਵਿਚ ਪੰਜਾਬ ਵਿਚ ਲਗਾਤਾਰ ਅੱਤਵਾਦੀ ਹਮਲੇ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਸਭ ਤੋਂ ਪਹਿਲਾਂ ਨਵਾਂਸ਼ਹਿਰ ਦੇ ਸੀ. ਆਈ. ਏ. ਥਾਣੇ ’ਚ ਹੈਂਡ ਗ੍ਰਨੇਡ ਹਮਲਾ ਹੋਇਆ ਸੀ। ਉਸ ਤੋਂ ਬਾਅਦ ਮੋਹਾਲੀ ਹੈੱਡ ਕੁਆਰਟਰ ਵਿਚ ਰਾਕੇਟ ਲਾਂਚਰ ਨਾਲ ਹਮਲਾ ਹੋਇਆ ਸੀ। ਹਾਲਾਂਕਿ ਦੋਵੇਂ ਹੀ ਕੇਸਾਂ ’ਚ ਪੁਲਸ ਮੁਲਜ਼ਮਾਂ ਤੱਕ ਪੁੱਜ ਗਈ ਸੀ ਅਤੇ ਕਾਫੀ ਹੱਦ ਤੱਕ ਮਾਮਲਾ ਹੱਲ ਕਰ ਲਿਆ ਸੀ ਪਰ ਬਾਵਜੂਦ ਇਸ ਦੇ ਪੰਜਾਬ ’ਚ ਅੱਤਵਾਦੀ ਹਮਲੇ ਦਾ ਖਤਰਾ ਮੰਡਰਾ ਰਿਹਾ ਸੀ। ਕੁਝ ਦਿਨ ਪਹਿਲਾਂ ਫਿਰ ਖੁਫੀਆ ਏਜੰਸੀਆਂ ਨੇ ਇਨਪੁਟਸ ਦਿੱਤੇ ਸਨ ਕਿ ਥਾਣਿਆਂ ਜਾਂ ਸਰਕਾਰੀ ਇਮਾਰਤ ਨੂੰ ਅੱਤਵਾਦੀ ਨਿਸ਼ਾਨਾ ਬਣਾ ਸਕਦੇ ਹਨ। ਇਸੇ ਕਾਰਨ ਪੰਜਾਬ ਵਿਚ ਅਲਰਟ ਜਾਰੀ ਕਰ ਦਿੱਤਾ ਸੀ ਪਰ ਅੱਤਵਾਦੀ ਆਪਣੇ ਮਨਸੂਬਿਆਂ ਵਿਚ ਕਾਮਯਾਬ ਹੋ ਗਏ ਅਤੇ ਉਨ੍ਹਾਂ ਨੇ ਸ਼ੁੱਕਰਵਾਰ ਦੇਰ ਰਾਤ ਨੂੰ ਤਰਨਤਾਰਨ ਦੇ ਸਰਹਾਲੀ ਥਾਣੇ ’ਚ ਅਟੈਕ ਕਰ ਦਿੱਤਾ।

ਇਹ ਵੀ ਪੜ੍ਹੋ : ਸੀਨੀਅਰ ਆਗੂ ਜਗਮੀਤ ਬਰਾੜ ਨੂੰ ਅਕਾਲੀ ਦਲ ਨੇ ਪਾਰਟੀ ’ਚੋਂ ਕੱਢਿਆ ਬਾਹਰ

PunjabKesari

ਥਾਣਿਆਂ ਦੇ ਬਾਹਰ ਬਣੇ ਬੰਕਰ

ਕਮਿਸ਼ਨਰੇਟ ਪੁਲਸ ਨੇ ਥਾਣਿਆਂ ਦੀ ਸੁਰੱਖਿਆ ਵਧਾ ਦਿੱਤੀ ਹੈ। ਇਸ ਦੇ ਨਾਲ ਹੀ ਹਾਈਵੇ ’ਤੇ ਬਣੇ ਥਾਣਿਆਂ ਦੀ ਸੁਰੱਖਿਆ ਖਾਸ ਤੌਰ ’ਤੇ ਸਖਤ ਕੀਤੀ ਗਈ ਹੈ ਕਿਉਂਕਿ ਅੱਤਵਾਦੀਆਂ ਦੇ ਨਿਸ਼ਾਨੇ ’ਤੇ ਜ਼ਿਆਦਾਤਰ ਹਾਈਵੇ ’ਤੇ ਬਣੇ ਥਾਣੇ ਹੁੰਦੇ ਹਨ, ਜਿਥੇ ਵਾਰਦਾਤ ਤੋਂ ਬਾਅਦ ਭੱਜਣਾ ਸੌਖਾ ਹੁੰਦਾ ਹੈ। ਇਸੇ ਹੀ ਤਰ੍ਹਾਂ ਸ਼ਹਿਰ ਦੇ ਥਾਣਾ ਲਾਡੋਵਾਲ ਦੇ ਬਾਹਰ ਪੁਲਸ ਪ੍ਰਸ਼ਾਸਨ ਵੱਲੋਂ ਪੱਕੇ ਬੰਕਰ ਬਣਾਏ ਜਾ ਰਹੇ ਹਨ। ਇੱਟਾਂ ਅਤੇ ਸੀਮੈਂਟ ਦੇ ਨਾਲ ਬੰਕਰ ਬਣਾ ਕੇ ਥਾਣੇ ਦੀ ਸੁਰੱਖਿਆ ਵਿਵਸਥਾ ਮਜ਼ਬੂਤ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸਰਹਾਲੀ ਥਾਣੇ ’ਤੇ ਰਾਕੇਟ ਲਾਂਚਰ ਹਮਲਾ, ਸੁਖਬੀਰ ਬਾਦਲ ਦੇ ਨਿਸ਼ਾਨੇ ’ਤੇ ਪੰਜਾਬ ਸਰਕਾਰ

ਥਾਣਿਆਂ ਦੇ ਬਾਹਰ ਲਵਾਏ ਜਾ ਰਹੇ ਨੈੱਟ

ਥਾਣਿਆਂ ਦੇ ਬਾਹਰ ਨੈੱਟ ਆਦਿ ਲਵਾਏ ਜਾ ਰਹੇ ਹਨ। ਕੁਝ ਥਾਣਿਆਂ ਦੇ ਬਾਹਰ ਪਹਿਲਾਂ ਤੋਂ ਨੈੱਟ ਲਾਏ ਗਏ ਸਨ। ਕੁਝ ਕੁ ਥਾਣਿਆਂ ’ਤੇ ਅੱਜ ਸੁਰੱਖਿਆ ਮਜ਼ਬੂਤ ਕੀਤੀ ਗਈ। ਜ਼ਿਲ੍ਹਾ ਲੁਧਿਆਣਾ ’ਚ ਮੁੱਖ ਸੜਕਾਂ ’ਤੇ ਮੌਜੂਦ ਥਾਣਾ ਲਾਡੋਵਾਲ, ਥਾਣਾ ਸਾਹਨੇਵਾਲ, ਥਾਣਾ ਡੇਹਲੋਂ, ਥਾਣਾ ਸਲੇਮ ਟਾਬਰੀ, ਥਾਣਾ ਬਸਤੀ ਜੋਧੇਵਾਲ, ਥਾਣਾ ਡਵੀ. ਨੰ.3, ਥਾਣਾ ਦੁੱਗਰੀ, ਥਾਣਾ ਡਵੀ. ਨੰ.6, ਥਾਣਾ ਸਰਾਭਾ ਨਗਰ, ਥਾਣਾ ਡਵੀ. ਨੰ.5, ਥਾਣਾ ਜਮਾਲਪੁਰ, ਥਾਣਾ ਮਿਹਰਬਾਨ, ਇਸ਼ਵਰ ਨਗਰ ਚੌਕੀ, ਕਟਾਣੀ ਕਲਾਂ, ਮਿਲਰਗੰਜ ਚੌਕੀ ਅਤੇ ਮਰਾਡੋ ਚੌਕੀ ਆਦਿ ਹਨ।

ਇਹ ਵੀ ਪੜ੍ਹੋ : ਤਰਨਤਾਰਨ ਦੇ ਪੁਲਸ ਥਾਣੇ ’ਤੇ ਹੋਏ ਲਾਂਚਰ ਰਾਕਟ ਹਮਲੇ ’ਤੇ ਡੀ. ਜੀ. ਪੀ. ਦਾ ਵੱਡਾ ਖ਼ੁਲਾਸਾ

PunjabKesari

ਕੀ ਕਹਿਣਾ ਹੈ ਪੁਲਸ ਕਮਿਸ਼ਨਰ ਲੁਧਿਆਣਾ ਦਾ

ਇਸ ਸੰਬੰਧੀ ਪੁਲਸ ਕਮਿਸ਼ਨਰ ਲੁਧਿਆਣਾ ਮਨਦੀਪ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਪੁਲਸ ਵੱਲੋਂ ਪਹਿਲਾਂ ਹੀ ਚੌਕਸੀ ਵਰਤੀ ਜਾ ਰਹੀ ਹੈ। ਬੰਕਰ ਬਣਾਉਣ ਅਤੇ ਨੈੱਟ ਲਾਉਣ ਦੇ ਨਾਲ ਹੀ ਸੁਰੱਖਿਆ ਵਿਵਸਥਾ ਸਖ਼ਤ ਕਰਨ ਲਈ ਕਿਹਾ ਗਿਆ ਹੈ। ਲਗਭਗ ਸਾਰੇ ਥਾਣਿਆਂ ’ਚ ਇਹ ਕੰਮ ਪੂਰਾ ਹੋ ਚੁੱਕਾ ਹੈ। ਸਾਰੇ ਪੁਲਸ ਅਧਿਕਾਰੀਆਂ ਨੂੰ ਆਪਣੇ-ਆਪਣੇ ਇਲਾਕਿਆਂ ਵਿਚ ਥਾਣੇ ਚੈੱਕ ਕਰਨ ਲਈ ਕਿਹਾ ਗਿਆ ਹੈ। ਜੇਕਰ ਲੋੜ ਪਈ ਤਾਂ ਮੁਲਾਜ਼ਮਾਂ ਦੀ ਗਿਣਤੀ ਵੀ ਵਧਾਈ ਜਾਵੇਗੀ।

ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਵੱਡੀ ਘਟਨਾ, ਪਤੀ ਤੋਂ ਦੁਖੀ ਪਤਨੀ ਨੇ ਤੀਜੀ ਮੰਜ਼ਿਲ ਤੋਂ ਮਾਰੀ ਛਾਲ


Gurminder Singh

Content Editor

Related News