ਵੱਡੀ ਖ਼ਬਰ : ਪੰਜਾਬ ਪੁਲਸ ਨੇ ਯੂ. ਪੀ. ਪੁਲਸ ਨੂੰ ਸੌਂਪਿਆ ਗੈਂਗਸਟਰ ਮੁਖਤਾਰ ਅੰਸਾਰੀ
Tuesday, Apr 06, 2021 - 05:20 PM (IST)
ਰੂਪਨਗਰ : ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੀ ਜੇਲ੍ਹ ਵਿਚ ਬੰਦ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਜੇਲ ਪ੍ਰਸ਼ਾਸਨ ਵਲੋਂ ਯੂ. ਪੀ. ਪੁਲਸ ਦੇ ਸਪੁਰਦ ਕਰ ਦਿੱਤਾ ਗਿਆ ਹੈ। ਅੰਸਾਰੀ ਦੀ ਸਪੁਰਦਗੀ ਤੋਂ ਬਾਅਦ ਯੂ. ਪੀ. ਪੁਲਸ ਉਸ ਨੂੰ ਲੈ ਕੇ ਰਵਾਨਾ ਹੋ ਗਈ ਹੈ। ਅੰਸਾਰੀ ਯੂ. ਪੀ. ਵਿਚ ਕਈ ਮਾਮਲਿਆਂ ’ਚ ਲੋੜੀਂਦਾ ਹੈ। ਪੁਲਸ ਅਧਿਕਾਰੀਆਂ ਮੁਤਾਬਕ ਯੂ. ਪੀ. ਪੁਲਸ ਦੇ ਮੁਲਾਜ਼ਮ ਮੰਗਲਵਾਰ ਸਵੇਰੇ ਹੀ ਸੱਤ ਗੱਡੀਆਂ ਵਿਚ ਰੂਪਨਗਰ ਪੁਲਸ ਲਾਈਨ ਪੁੱਜੇ, ਜੋ ਕਿ ਰੂਪਨਗਰ ਜੇਲ੍ਹ ਤੋਂ ਕਰੀਬ ਚਾਰ ਕਿਲੋਮੀਟਰ ਦੂਰ ਹੈ ਅਤੇ ਸਾਰੀ ਕਾਰਵਾਈ ਤੋਂ ਬਾਅਦ ਰੂਪਨਗਰ ਜ਼ੇਲ੍ਹ ਪ੍ਰਸ਼ਾਸਨ ਵਲੋਂ ਉਸ ਨੂੰ ਯੂ. ਪੀ. ਪੁਲਸ ਹਵਾਲੇ ਕਰ ਦਿੱਤਾ ਗਿਆ। ਇਥੇ ਇਹ ਵੀ ਦੱਸਣਯੋਗ ਹੈ ਕਿ ਅੰਸਾਰੀ ਰੰਗਦਾਰੀ ਦੇ ਇਕ ਮਾਮਲੇ ਵਿਚ ਜਨਵਰੀ 2019 ਤੋਂ ਪੰਜਾਬ ਦੀ ਜੇਲ੍ਹ ਵਿਚ ਬੰਦ ਹੈ।
ਇਹ ਵੀ ਪੜ੍ਹੋ : ਲੁਧਿਆਣਾ ’ਚ ਰੌਂਗਟੇ ਖੜ੍ਹੇ ਕਰਨ ਵਾਲੀ ਘਟਨਾ, ਨਾਬਾਲਗ ਕੁੜੀ ਦੇ ਹੱਥ-ਪੈਰ ਬੰਨ੍ਹ 5 ਦਿਨ ਬਣਾਇਆ ਹਵਸ ਦਾ ਸ਼ਿਕਾਰ
ਦੱਸਣਯੋਗ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਪੰਜਾਬ ਦੇ ਗ੍ਰਹਿ ਵਿਭਾਗ ਨੇ ਯੂ. ਪੀ. ਸਰਕਾਰ ਨੂੰ ਇਕ ਪੱਤਰ ਲਿਖ ਕੇ 8 ਅਪ੍ਰੈਲ ਜਾਂ ਉਸ ਤੋਂ ਪਹਿਲਾਂ ਅੰਸਾਰੀ ਨੂੰ ਰੂਪਨਗਰ ਜੇਲ੍ਹ ’ਚੋਂ ਹਿਰਾਸਤ ਵਿਚ ਲੈਣ ਲਈ ਕਿਹਾ ਸੀ। ਵਿਭਾਗ ਨੇ 26 ਮਾਰਚ ਦੇ ਸੁਪਰੀਮ ਕੋਰਟ ਦੇ ਫ਼ੈਸਲੇ ਮਗਰੋਂ ਯੂ. ਪੀ. ਦੇ ਵਧੀਕ ਮੁੱਖ ਸਕੱਤਰ ਗ੍ਰਹਿ ਨੂੰ ਉਪਰੋਕਤ ਪੱਤਰ ਲਿਖਿਆ ਸੀ। ਸੁਪਰੀਮ ਕੋਰਟ ਨੇ ਆਪਣੇ ਹੁਕਮਾਂ ਵਿਚ ਪੰਜਾਬ ਸਰਕਾਰ ਨੂੰ ਅੰਸਾਰੀ ਨੂੰ ਦੋ ਹਫ਼ਤਿਆਂ ਅੰਦਰ ਯੂ. ਪੀ. ਦੀ ਬਾਂਦਾ ਜੇਲ੍ਹ ਵਿਚ ਭੇਜਣ ਦੇ ਹੁਕਮ ਕੀਤੇ ਸਨ।
ਇਹ ਵੀ ਪੜ੍ਹੋ : ਦੁਖਦ ਘਟਨਾ, ਜਵਾਨੀ ਦੀ ਬਰੂਹੇ ਪਹੁੰਚ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਹਾਲੋ-ਬੇਹਾਲ ਹੋਇਆ ਪਰਿਵਾਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?