ਪੰਜਾਬ ਪੁਲਸ ਦੇ ਜਾਅਲੀ ਆਈ. ਕਾਰਡ ਸਮੇਤ 3 ਗ੍ਰਿਫਤਾਰ

11/14/2017 7:33:45 AM

ਜਲੰਧਰ, (ਮਹੇਸ਼)— ਪੰਜਾਬ ਪੁਲਸ ਦਾ ਜਾਅਲੀ ਆਈ. ਕਾਰਡ ਲੈ ਕੇ ਬੁਲਟ ਮੋਟਰਸਾਈਕਲ 'ਤੇ ਜਾ ਰਹੇ 3 ਸ਼ੱਕੀ ਨੌਜਵਾਨਾਂ ਨੂੰ ਥਾਣਾ ਰਾਮਾ ਮੰਡੀ ਦੇ ਮੁਖੀ ਇੰਸਪੈਕਟਰ ਰਾਜੇਸ਼ ਠਾਕੁਰ ਦੀ ਅਗਵਾਈ 'ਚ ਦਕੋਹਾ (ਨੰਗਲ ਸ਼ਾਮਾ) ਪੁਲਸ ਚੌਕੀ ਦੇ ਮੁਖੀ ਰਵਿੰਦਰ ਕੁਮਾਰ ਨੇ ਗ੍ਰਿਫਤਾਰ ਕੀਤਾ ਹੈ। ਢਿੱਲਵਾਂ ਰੋਡ 'ਤੇ ਕੀਤੀ ਗਈ ਵਿਸ਼ੇਸ਼ ਨਾਕਾਬੰਦੀ ਦੌਰਾਨ ਫੜੇ ਗਏ ਉਕਤ ਤਿੰਨਾਂ ਨੌਜਵਾਨਾਂ ਦੀ ਪਛਾਣ ਗੁਰਪਿੰਦਰ ਸਿੰਘ ਉਰਫ ਗੋਪੀ ਪੁੱਤਰ ਨਿਰਮਲ ਸਿੰਘ ਵਾਸੀ ਚੂਹੜ ਵਾਲੀ ਦਿਹਾਤੀ ਥਾਣਾ ਆਦਮਪੁਰ, ਗੁਰਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਤੇ ਕੁਲਵਿੰਦਰ ਸਿੰਘ ਉਰਫ ਮਨੀ ਵਾਸੀ ਪਿੰਡ ਬੁੱਢੀਆਣਾ ਦਿਹਾਤੀ ਪੁਲਸ ਥਾਣਾ ਪਤਾਰਾ ਜ਼ਿਲਾ ਜਲੰਧਰ ਵਜੋਂ ਹੋਈ ਹੈ। ਉਨ੍ਹਾਂ ਦੀ ਤਲਾਸ਼ੀ ਲੈਣ 'ਤੇ ਪੰਜਾਬ ਪੁਲਸ ਦਾ ਜਾਅਲੀ ਆਈ. ਕਾਰਡ, 10 ਰੌਂਦ (32 ਬੋਰ) ਤੇ 2 ਅੱਖਾਂ 'ਚ ਪਾਉਣ ਵਾਲੀਆਂ ਮਿਰਚੀ ਸਪ੍ਰੇਆਂ ਬਰਾਮਦ ਕੀਤੀਆਂ ਹਨ। ਉਨ੍ਹਾਂ ਦਾ ਬੁਲਟ ਮੋਟਰਸਾਈਕਲ ਵੀ ਪੁਲਸ ਨੇ ਆਪਣੇ ਕਬਜ਼ੇ 'ਚ ਲੈ ਲਿਆ ਹੈ। ਉਨ੍ਹਾਂ ਕੋਲੋਂ ਹੋਰ ਬਰਾਮਦਗੀ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ। ਐੱਸ. ਐੱਚ. ਓ. ਰਾਜੇਸ਼ ਠਾਕੁਰ ਨੇ ਦੱਸਿਆ ਕਿ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਫੜੇ ਗਏ ਨੌਜਵਾਨ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਅਤੇ ਇਸੇ ਫਿਰਾਕ 'ਚ ਹੀ ਉਹ ਰਾਤ ਸਮੇਂ ਨਿਕਲੇ ਸਨ। ਉਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਸ ਨੂੰ ਕੋਈ ਵੱਡਾ ਖੁਲਾਸਾ ਹੋਣ ਦੀ ਉਮੀਦ ਹੈ। ਦੇਰ ਰਾਤ ਨੂੰ ਥਾਣਾ ਰਾਮਾ ਮੰਡੀ 'ਚ ਤਿੰਨਾਂ ਖਿਲਾਫ ਕੇਸ ਦਰਜ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਸੀ।


Related News