ਪੰਜਾਬ ਪੁਲਸ ਨੇ ਮਾਸਕ ਨਾ ਪਾਉਣ ਵਾਲੇ 4400 ਲੋਕਾਂ ਦਾ ਕਰਵਾਇਆ ਕੋਵਿਡ ਟੈਸਟ, 1800 ਨੂੰ ਕੀਤਾ ਜੁਰਮਾਨਾ
Saturday, Mar 20, 2021 - 11:13 PM (IST)
ਚੰਡੀਗੜ੍ਹ, (ਰਮਨਜੀਤ)- ਸੂਬੇ ਵਿਚ ਕੋਵਿਡ-19 ਦੇ ਮੁੜ ਪਸਾਰ ਦੇ ਮੱਦੇਨਜ਼ਰ ਸ਼ਨਿਚਰਵਾਰ ਨੂੰ ਪੰਜਾਬ ਪੁਲਸ ਦੀਆਂ ਸਾਂਝੀਆਂ ਟੀਮਾਂ ਨੇ 4400 ਤੋਂ ਵੱਧ ਫੇਸ ਮਾਸਕ ਦੀ ਉਲੰਘਣਾ ਕਰਨ ਵਾਲਿਆਂ ਨੂੰ ਆਰ. ਟੀ-ਪੀ. ਸੀ. ਆਰ. ਟੈਸਟ ਕਰਵਾਉਣ ਲਈ ਭੇਜਿਆ। ਇਸ ਤੋਂ ਇਲਾਵਾ ਮਾਸਕ ਨਾ ਪਹਿਨਣ ਵਾਲੇ 1800 ਲੋਕਾਂ ਦੇ ਚਲਾਨ ਵੀ ਕੀਤੇ ਗਏ। ਪੁਲਸ ਨੇ 12,000 ਤੋਂ ਵੱਧ ਲੋਕਾਂ ਨੂੰ ਮੁਫਤ ਫੇਸ ਮਾਸਕ ਵੰਡੇ।
ਇਹ ਕਦਮ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਵਿਚ ਫੇਸ ਮਾਸਕ ਲਾਉਣ ਸਬੰਧੀ ਦਿੱਤੇ ਹੁਕਮ ਤੋਂ ਇਕ ਦਿਨ ਬਾਅਦ ਚੁੱਕਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਲੰਘੇ ਕੱਲ, ਮੁੱਖ ਮੰਤਰੀ ਨੇ ਪੁਲਸ ਅਤੇ ਸਿਹਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਜਨਤਕ ਖੇਤਰਾਂ ਵਿਚ ਅਤੇ ਸੜਕਾਂ ਅਤੇ ਗਲੀਆਂ ’ਤੇ ਬਿਨਾਂ ਫੇਸ ਮਾਸਕ ਤੋਂ ਇੱਧਰ-ਉੱਧਰ ਘੁੰਮਣ ਵਾਲੇ ਸਾਰੇ ਲੋਕਾਂ ਨੂੰ ਨੇੜੇ ਦੇ ਆਰ.ਟੀ-ਪੀ. ਸੀ. ਆਰ. ਜਾਂਚ ਕੇਂਦਰ ਵਿਚ ਲਿਜਾਣ ਤਾਂ ਜੋ ਕੋਵਿਡ ਸਬੰਧੀ ਜਾਂਚ ਕੀਤੀ ਜਾ ਸਕੇ।
ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ ਦਿਨਕਰ ਗੁਪਤਾ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਅਤੇ ਹੋਰ ਨਾਗਰਿਕਾਂ ਦੀ ਸੁਰੱਖਿਆ ਲਈ ਫੇਸ ਮਾਸਕ ਪਾਉਣ, ਸਮਾਜਿਕ ਇਕੱਠਾਂ, ਸਮਾਜਿਕ ਦੂਰੀ ਦੀ ਪਾਲਣਾ ਕਰਨ ਅਤੇ ਭੀੜ ਵਾਲੀਆਂ ਥਾਵਾਂ ’ਤੇ ਜਾਣ ਤੋਂ ਬਚਣ।
ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਨੇ ਸੂਬੇ ਵਿਚ ਕੋਵਿਡ-19 ਦੇ ਮੁੜ ਉਭਾਰ ਕਾਰਨ ਵੱਧ ਰਹੇ ਮਾਮਲਿਆਂ ਦੌਰਾਨ ਸੁਰੱਖਿਆ ਪ੍ਰੋਟੋਕੋਲ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਸੁੁਚੇਤ ਕਰਨ ਲਈ ਮੁਹਿੰਮ ਸੁਰੂ ਕੀਤੀ ਹੈ। ਕਈ ਜਿਲਿਆਂ ਵਿੱਚ ਪੁਲਸ ਨੇ ਮੋਬਾਈਲ ਹੈਲਥ ਟੀਮਾਂ ਦਾ ਸਹਿਯੋਗ ਲਿਆ ਹੈ ਅਤੇ ਅਜਿਹੀਆਂ 31 ਟੀਮਾਂ ਮੌਕੇ ’ਤੇ ਆਰ.ਟੀ.-ਪੀ.ਸੀ.ਆਰ. ਟੈਸਟ ਕਰਵਾਉਣ ਲਈ ਪੁਲਸ ਟੀਮਾਂ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ।
ਉਨ੍ਹਾਂ ਕਿਹਾ “ਜਲੰਧਰ ਦਿਹਾਤੀ ਅਤੇ ਐੱਸ. ਬੀ. ਐੱਸ. ਨਗਰ ਵਿਚ ਉਲੰਘਣਾ ਕਰਨ ਵਾਲਿਆਂ ਦੇ ਇਕ ਦਿਨ ਵਿਚ ਹੀ ਕ੍ਰਮਵਾਰ 800 ਅਤੇ 154 ਆਰ.ਟੀ.-ਪੀ.ਸੀ.ਆਰ. ਟੈਸਟ ਕਰਵਾ ਕੇ ਮੋਹਰੀ ਰਹੇ ਹਨ।”
ਡੀ. ਜੀ. ਪੀ. ਨੇ ਕਿਹਾ ਕਿ ਪੰਜਾਬ ਪੁਲਸ ਵਲੋਂ ਲੋਕਾਂ ਦੇ ਕੋਵਿਡ ਟੈਸਟ ਕਰਵਾਉਣ ਅਤੇ ਚਲਾਨ ਕੱਟਣ ਤੋਂ ਇਲਾਵਾ ਸੂਬੇ ਵਿਚ ਉਲੰਘਣਾ ਕਰਨ ਵਾਲਿਆਂ ਖਿਲਾਫ 7 ਐੱਫ.ਆਈ. ਆਰਜ਼ ਵੀ ਦਰਜ ਕੀਤੀਆਂ ਗਈਆਂ ਹਨ।