ਸਰਕਾਰੀ ਕਾਲਜ ਦੀ ਪ੍ਰਧਾਨਗੀ ਲੈਣ ਆਏ ਨੌਜਵਾਨਾਂ ਨੇ ਸਹੇੜ ਲਈ ਨਵੀਂ ਮੁਸੀਬਤ, ਮਾਮਲਾ ਦਰਜ
Wednesday, Nov 23, 2022 - 11:58 AM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਪੰਜਾਬ ਪੁਲਸ ਪੰਜਾਬ ਵਿਚ ਲਗਾਤਾਰ ਗੰਨ ਕਲਚਰ ਖ਼ਿਲਾਫ਼ ਸਖ਼ਤੀ ਵਿਖਾ ਰਹੀ ਹੈ। ਅਜਿਹਾ ਹੀ ਮਾਮਲਾ ਟਾਂਡਾ ਵਿਚ ਵੇਖਣ ਨੂੰ ਮਿਲਿਆ ਜਦੋਂ ਸਰਕਾਰੀ ਕਾਲਜ ਟਾਂਡਾ ਦੀ ਪ੍ਰਧਾਨਗੀ ਲੈਣ ਆਏ ਨੌਜਵਾਨਾਂ ਦੇ ਇਕੱਠ ਦੌਰਾਨ ਕਿਸ ਅਣਪਛਾਤੇ ਨੌਜਵਾਨ ਵੱਲੋਂ ਗੰਨ ਦਾ ਪ੍ਰਦਰਸ਼ਨ ਕੀਤੇ ਜਾਣ 'ਤੇ ਟਾਂਡਾ ਪੁਲਸ ਨੇ 7 ਨੌਜਵਾਨਾਂ ਖ਼ਿਲਾਫ਼ ਅਸਲਾ ਐਕਟ ਅਤੇ ਬਿਨਾਂ ਮਨਜ਼ੂਰੀ ਇਕੱਠ ਕਰਨ ਤਹਿਤ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ DGP ਦੀ ਗੈਰ-ਕਾਨੂੰਨੀ ਹਥਿਆਰਾਂ ਤੇ ਭੜਕਾਊ ਭਾਸ਼ਣਾਂ ਖ਼ਿਲਾਫ਼ ਸਖ਼ਤੀ, ਸ਼ੁਰੂ ਹੋਵੇਗੀ 90 ਦਿਨਾਂ ਦੀ ਮੁਹਿੰਮ
ਥਾਣਾ ਮੁਖੀ ਟਾਂਡਾ ਐੱਸ. ਆਈ. ਮਲਕੀਅਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਹ ਮਾਮਲਾ ਨਵਨੀਤ ਸਿੰਘ ਨਵੀ ਪੁੱਤਰ ਸੁਖਦੇਵ ਸਿੰਘ ਵਾਸੀ ਬਿਜਲੀ ਘਰ ਕਲੋਨੀ ਟਾਂਡਾ, ਤਜਿੰਦਰ ਸਿੰਘ ਵਾਸੀ ਨੰਗਲ ਖੁੰਗਾ, ਸਿਮਰ ਥਿੰਦ ਵਾਸੀ ਬੋਦਲ, ਰਣ ਸਿੰਘ ਵਾਸੀ ਉੜਮੁੜ, ਬਿੰਦੀ ਗਾਖਲ ਵਾਸੀ ਤਲਵੰਡੀ ਜੱਟਾ ਅਤੇ ਅਤਿੰਦਰ ਸਿੰਘ ਵਾਸੀ ਢਡਿਆਲਾ ਖ਼ਿਲਾਫ਼ ਦਰਜ ਕੀਤਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਐੱਸ. ਆਈ. ਮਨਿੰਦਰ ਸਿੰਘ ਅਤੇ ਥਾਣੇਦਾਰ ਪਰਮਜੀਤ ਸਿੰਘ ਦੀ ਟੀਮ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਵੀਡੀਓ ਜਿਸ ਵਿਚ ਇਕ ਵਿਅਕਤੀ ਗੰਨ ਫੜ ਕੇ ਉਸ ਦਾ ਇਕੱਠ ਵਿਚ ਪ੍ਰਦਰਸ਼ਨ ਕਰ ਰਿਹਾ ਸੀ। ਜਦੋਂ ਪੁਲਸ ਵੱਲੋਂ ਇਸ ਦੀ ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ 21 ਨਵੰਬਰ ਨੂੰ ਸਰਕਾਰੀ ਕਾਲਜ ਟਾਂਡਾ ਦੇ ਸਾਹਮਣੇ ਨਵਨੀਤ ਸਿੰਘ ਨਵੀ ਨੂੰ ਕਾਲਜ ਦਾ ਪ੍ਰਧਾਨ ਬਣਾਉਣ ਲਈ ਨੌਜਵਾਨਾਂ ਨੇ ਬਿਨਾ ਕਿਸੇ ਮਨਜ਼ੂਰੀ ਇਕੱਠ ਕੀਤਾ ਸੀ ਅਤੇ ਉਸ ਵਿਚ ਅਣਪਛਾਤੇ ਵਿਅਕਤੀ ਵੱਲੋਂ ਗੰਨ ਫੜ ਕੇ ਹਥਿਆਰ ਦਾ ਪ੍ਰਦਰਸ਼ਨ ਕੀਤਾ ਗਿਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਬਿਹਾਰ ’ਚ ਪਈ ਰੰਜਿਸ਼ ਦਾ ਜਲੰਧਰ ’ਚ ਕਾਤਲ ਨੇ ਲਿਆ ਬਦਲਾ, 6 ਮਹੀਨਿਆਂ ਤੋਂ ਬਦਲਾ ਲੈਣ ਦੀ ਬਣਾ ਰਿਹਾ ਸੀ ਇਹ ਯੋਜਨਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।