ਪੰਜਾਬ ਪੁਲਸ ‘ਤੇ ਲੱਗੇ ਦੋਸ਼ : ਅਕਾਲੀ ਆਗੂ ‘ਤੇ ਵਰ੍ਹਾਇਆ ਡਾਂਗਾਂ ਦਾ ਮੀਂਹ, ਨੱਕ ਦੀ ਤੋੜੀ ਹੱਡੀ

06/25/2019 1:59:55 AM

ਪਟਿਆਲਾ, (ਬਲਜਿੰਦਰ)-ਪਿਛਲੇ ਸਾਲ ਲੜਕਿਆਂ ’ਤੇ ਟਾਰਚਰ ਦਾ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ ਕਿ ਥਾਣਾ ਸਨੌਰ ਦੀ ਪੁਲਸ ’ਤੇ ਇਕ ਵਾਰ ਫਿਰ ਤੋਂ ਥਰਡ ਡਿਗਰੀ ਟਾਰਚਰ ਦੇ ਦੋਸ਼ ਲੱਗੇ ਹਨ। ਇਸ ’ਚ ਅਕਾਲੀ ਆਗੂ ਸੁਖਵਿੰਦਰ ਸਿੰਘ ਦੇ ਨੱਕ ’ਤੇ ਸੱਟ ਲੱਗੀ ਹੋਈ ਹੈ। ਕੰਨ ਦੇ ਪਰਦੇ ਨੂੰ ਨੁਕਸਾਨ ਪਹੁੰਚਿਆ ਹੈ। ਉਸ ਦੀ ਪਿੱਠ ’ਤੇ ਡਾਂਗਾਂ ਦਾ ਮੀਂਹ ਵਰ੍ਹਾਇਆ ਗਿਆ। ਫਿਲਹਾਲ ਪੁਲਸ ਅਧਿਕਾਰੀ ਇਸ ਥਾਣੇ ਤੋਂ ਬਾਹਰ ਦਾ ਮਾਮਲਾ ਦੱਸ ਕੇ ਜਾਂਚ ਦੀ ਗੱਲ ਆਖ ਰਹੇ ਹਨ। ਸਰਕਾਰੀ ਰਾਜਿੰਦਰਾ ਹਸਪਤਾਲ ’ਚ ਜ਼ੇਰੇ-ਇਲਾਜ ਅਕਾਲੀ ਆਗੂ ਸੁਖਵਿੰਦਰ ਸਿੰਘ ਬੀਤੀ ਰਾਤ ਦੀ ਘਟਨਾ ਤੋਂ ਹੁਣ ਵੀ ਸਹਿਮੇ ਹੋਏ ਹਨ। ਜ਼ਿਆਦਾ ਬੋਲ ਵੀ ਨਹੀਂ ਸਕਦੇ। ਇਕ ਉਮਰ ਦਾ ਤਕਾਜ਼ਾ ਅਤੇ ਦੂਜਾ ਪਿੱਠ ’ਤੇ ਪਏ ਨਿਸ਼ਾਨ ਕਾਫੀ ਕੁਝ ਬਿਆਨ ਕਰ ਰਹੇ ਹਨ। ਸੁਖਵਿੰਦਰ ਸਿੰਘ ਦੇ ਪੁੱਤਰ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ’ਤੇ ਕੁਝ ਕਾਂਗਰਸੀ ਆਗੂਆਂ ਨੇ ਹਮਲਾ ਕਰ ਦਿੱਤਾ ਸੀ। ਇਸ ਦੀ ਸ਼ਿਕਾਇਤ ਉਨ੍ਹਾਂ ਥਾਣਾ ਸਨੌਰ ਦੀ ਪੁਲਸ ਨੂੰ ਕਰ ਦਿੱਤੀ। ਇਹ ਘਟਨਾ ਸ਼ਨੀਵਾਰ ਦੀ ਹੈ। ਐਤਵਾਰ ਨੂੰ ਹਮਲਾਵਰ ਫਿਰ ਤੋਂ ਦੁਕਾਨ ’ਤੇ ਆਏ। ਰਿਵਾਲਵਰ ਤਾਣ ਕੇ ਧਮਕੀਆਂ ਦੇਣ ਲੱਗੇ ਪਏ। ਇਥੇ ਦੋਵਾਂ ਧਿਰਾਂ ’ਚ ਹੱਥੋਪਾਈ ਹੋਈ।

ਇਸ ਤੋਂ ਬਾਅਦ ਸ਼ਾਮ ਨੂੰ 2 ਪੁਲਸ ਵਾਲੇ ਸਿਵਲ ਵਰਦੀ ਵਿਚ ਆਏ। ਉਸ ਦੇ ਪਿਤਾ ਸੁਖਵਿੰਦਰ ਸਿੰਘ ਨੂੰ ਬਿਠਾ ਕੇ ਲੈ ਗਏ। ਉਨ੍ਹਾਂ ਨੂੰ ਜਾਂਚ ਅਧਿਕਾਰੀ ਦੇ ਕਮਰੇ ਵਿਚ ਲਿਆਂਦਾ ਗਿਆ। ਉਥੇ ਪਹਿਲਾਂ ਹੀ ਸ਼ਿਕਾਇਤਕਰਤਾ ਧਿਰ ਮੌਜੂਦ ਸੀ। ਇੱਥੇ ਸ਼ਿਕਾਇਤਕਰਤਾ ਧਿਰ ਅਤੇ ਏ. ਐੈੱਸ. ਆਈ. (ਜਾਂਚ ਅਧਿਕਾਰੀ) ਨੇ ਉਸ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ। ਨੱਕ ’ਤੇ ਬੱਟ ਮਾਰੇ। ਕੰਨ ਦਾ ਪਰਦਾ ਪਾੜ ਦਿੱਤਾ। ਪਿੱਠ ’ਤੇ ਡਾਂਗਾਂ ਦਾ ਮੀਂਹ ਵਰ੍ਹਾ ਦਿੱਤਾ। ਉਸ ਦੇ ਪਿਤਾ ਬੇਹੋਸ਼ ਹੋ ਗਏ। ਇਸ ਤੋਂ ਬਾਅਦ ਸ਼ਿਕਾਇਤਕਰਤਾ ਧਿਰ ਉਥੋਂ ਫਰਾਰ ਹੋ ਗਈ। ਉਨ੍ਹਾਂ ਨੂੰ ਇਕ ਹੌਲਦਾਰ ਦਾ ਫੋਨ ਆਇਆ ਕਿ ਉਸ ਦੇ ਪਿਤਾ ਸੁਖਵਿੰਦਰ ਸਿੰਘ ਨੂੰ ਇੱਥੋਂ ਲੈ ਜਾਓ। ਜਦੋਂ ਉਸ ਦੇ ਚਾਚੇ ਅਤੇ ਹੋਰਨਾਂ ਵਿਅਕਤੀਆਂ ਨੇ ਦੇਖਿਆ ਤਾਂ ਉਸ ਦੇ ਪਿਤਾ ਸੁਖਵਿੰਦਰ ਸਿੰਘ ਥਾਣੇ ਵਿਚ ਬੇਹੋਸ਼ ਲਹੂ-ਲੁਹਾਣ ਪਏ ਸਨ। ਜਦੋਂ ਉਸ ਦੇ ਚਾਚੇ ਅਤੇ ਰਿਸ਼ਤੇਦਾਰਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਏ. ਐੈੱਸ. ਆਈ. ਨੇ ਫਿਰ ਤੋਂ ਧਮਕੀਆਂ ਦਿੱਤੀਆਂ। ਇਸ ਤੋਂ ਬਾਅਦ ਉਸ ਦੇ ਪਿਤਾ ਨੂੰ ਰਾਜਿੰਦਰਾ ਹਸਪਤਾਲ ’ਚ ਇਲਾਜ ਲਈ ਭਰਤੀ ਕਰਵਾਇਆ ਗਿਆ। ਪੁਲਸ ਨੇ ਫਿਰ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ। ਜਦੋਂ ਮਾਮਲਾ ਮੀਡੀਆ ਵੱਲੋਂ ਉਠਾਇਆ ਗਿਆ ਤਾਂ ਜਾ ਕੇ ਪੁਲਸ ਨੇ ਬਿਆਨ ਦਰਜ ਕੀਤੇ ਹਨ।

ਸੀ. ਸੀ. ਟੀ. ਵੀ. ਕੈਮਰੇ ਤੋਂ ਹੋਵੇਗਾ ਖੁਲਾਸਾ

ਇਸ ਮਾਮਲੇ ਵਿਚ ਪੁਲਸ ਅਤੇ ਸ਼ਿਕਾਇਤਕਰਤਾ ਧਿਰ ਵੱਲੋਂ ਰੱਖੇ ਗਏ ਪੱਖਾਂ ’ਚ ਸਚਾਈ ਕੀ ਹੈ? ਇਸ ਦਾ ਖੁਲਾਸਾ ਸੀ. ਸੀ. ਟੀ. ਵੀ. ਫੁਟੇਜ ’ਚ ਹੋਵੇਗਾ। ਐੈੱਸ. ਪੀ. ਸਿਟੀ ਵੱਲੋਂ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਥੇ ਇਹ ਦੱਸਣਯੋਗ ਹੈ ਕਿ ਸਨੌਰ ਪੁਲਸ ਪਿਛਲੇ ਸਾਲ ਵੀ ਥਰਡ ਡਿਗਰੀ ਟਾਰਚਰ ਦੇ ਮਾਮਲੇ ’ਚ ਕਾਫੀ ਸੁਰਖੀਆਂ ਵਿਚ ਰਹੀ ਹੈ।

ਘਟਨਾ ਥਾਣੇ ਤੋਂ ਬਾਹਰ ਵਾਪਰੀ : ਐੈੱਸ. ਪੀ. ਸਿਟੀ

ਕਾਰਜਕਾਰੀ ਐੈੱਸ. ਐੈੱਸ. ਪੀ. ਡਾ. ਰਵਜੋਤ ਕੌਰ ਗਰੇਵਾਲ ਨੇ ਇਸ ਮਾਮਲੇ ਦੀ ਜਾਂਚ ਐੈੱਸ. ਪੀ. ਸਿਟੀ ਐੈੱਚ. ਐੈੱਸ. ਹਾਂਸ ਨੂੰ ਸੌਂਪ ਦਿੱਤੀ ਹੈ। ਐੈੱਸ. ਪੀ. ਸਿਟੀ ਹਾਂਸ ਦਾ ਕਹਿਣਾ ਹੈ ਕਿ ਇਹ ਘਟਨਾ ਥਾਣੇ ਤੋਂ ਬਾਹਰ ਵਾਪਰੀ ਹੈ। ਇਹ ਝਗੜਾ ਦੋਵਾਂ ਧਿਰਾਂ ਵਿਚਕਾਰ ਹੋਇਆ ਹੈ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਮੈਡੀਕਲ ਰਿਪੋਰਟ ਮੰਗਵਾ ਲਈ ਗਈ ਹੈ। ਥਾਣੇ ਦੀ ਸੀ. ਸੀ. ਟੀ. ਵੀ. ਫੁਟੇਜ ਮੰਗਵਾ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਕਸੂਰਵਾਰ ਪਾਇਆ ਗਿਆ, ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

 


Arun chopra

Content Editor

Related News