ਪੰਜਾਬ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਜੇਲ੍ਹ ਵਾਰਡਨ ਸਮੇਤ ਤਿੰਨ ਨਸ਼ਾ ਤਸਕਰ ਗ੍ਰਿਫਤਾਰ

Friday, Oct 11, 2024 - 05:09 AM (IST)

ਪੰਜਾਬ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਜੇਲ੍ਹ ਵਾਰਡਨ ਸਮੇਤ ਤਿੰਨ ਨਸ਼ਾ ਤਸਕਰ ਗ੍ਰਿਫਤਾਰ

ਚੰਡੀਗੜ੍ਹ/ਅੰਮ੍ਰਿਤਸਰ: ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਦੌਰਾਨ ਸਰਹੱਦ ਪਾਰ ਤੋਂ ਨਸ਼ਾ ਤਸਕਰੀ ਕਰਨ ਵਾਲੇ ਨੈੱਟਵਰਕਾਂ ਵਿਰੁੱਧ ਇੱਕ ਹੋਰ ਵੱਡੀ ਸਫ਼ਲਤਾ ਦਰਜ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਦੋ ਭਰਾਵਾਂ ਨੂੰ 4.5 ਕਿਲੋ ਹੈਰੋਇਨ , 4.32 ਲੱਖ ਰੁਪਏ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ । ਇਸ ਤੋਂ ਇਲਵਾ ਉਕਤ ਤਸਕਰਾਂ ਕੋਲੋਂ ਹੈਰੋਇਨ ਪ੍ਰਾਪਤ ਕਰਕੇ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਸਪਲਾਈ  ਕਰਨ ਵਾਲੇ ਜੇਲ੍ਹ ਵਾਰਡਨ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ) ਗੌਰਵ ਯਾਦਵ ਨੇ ਵੀਰਵਾਰ ਨੂੰ ਦੱਸਿਆ ਕਿ  ਫੜੇ ਗਏ ਨਸ਼ਾ ਤਸਕਰਾਂ ਦੀ ਪਛਾਣ ਅਕਾਸ਼ਦੀਪ ਸਿੰਘ ਉਰਫ ਆਕਾਸ਼ ਅਤੇ ਸਤਵਿੰਦਰਪਾਲ ਸਿੰਘ ਉਰਫ ਸੱਤੀ ਦੋਵੇਂ ਵਾਸੀ ਗੁਰੂ ਹਰਗੋਬਿੰਦਪੁਰਾ, ਛੇਹਰਟਾ, ਅੰਮ੍ਰਿਤਸਰ ਵਜੋਂ ਹੋਈ ਹੈ, ਜਦਕਿ ਜੇਲ ਵਾਰਡਨ  ਦੀ ਪਛਾਣ ਗੁਰਮੇਜ ਸਿੰਘ ਵਾਸੀ ਪਿੰਡ ਕੋਟ ਸਦਰ ਖਾਂ ਮੋਗਾ ਵਜੋਂ ਕੀਤੀ ਗਈ ਹੈ।  ਉਕਤ ਜੇਲ੍ਹ ਵਾਰਡਨ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਬੰਦ ਕੈਦੀਆਂ ਨੂੰ ਹੈਰੋਇਨ ਸਪਲਾਈ ਕਰਦਾ ਸੀ।

ਇਹ ਵੀ ਪੜ੍ਹੋ- ਹਵਸ 'ਚ ਅੰਨ੍ਹੇ ਵਿਅਕਤੀ ਨੇ 6 ਸਾਲਾ ਬੱਚੀ ਨੂੰ ਬਣਾਇਆ ਸ਼ਿਕਾਰ, ਖੂਨ 'ਚ ਲੱਥਪੱਥ ਵੇਖ ਪਰਿਵਾਰ ਦੇ ਉੱਡੇ ਹੋਸ਼

ਇਹ ਕਾਰਵਾਈ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਵੱਲੋਂ ਤਿੰਨ ਨਸ਼ਾ ਤਸਕਰਾਂ ਨੂੰ 5 ਕਿੱਲੋ ਹੈਰੋਇਨ ਅਤੇ 3.95 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕਰਨ ਤੋਂ ਇੱਕ ਦਿਨ ਬਾਅਦ ਅਮਲ ਵਿਚ ਆਈ ਹੈ।  ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਅਕਾਸ਼ਦੀਪ ਸਿੰਘ ਅਤੇ ਸਤਿੰਦਰਪਾਲ ਸਿੰਘ ਪਾਕਿਸਤਾਨ ਸਥਿਤ ਨਸ਼ਾ ਤਸਕਰਾਂ, ਜੋ ਡਰੋਨ ਦੀ ਵਰਤੋਂ ਕਰਕੇ ਸਰਹੱਦ ਪਾਰੋਂ ਨਸ਼ਿਆਂ ਦੀ ਸਪਲਾਈ ਕਰਦੇ ਸਨ, ਦੇ ਸਿੱਧੇ ਸੰਪਰਕ ਵਿੱਚ ਸਨ ।

ਉਨ੍ਹਾਂ ਦੱਸਿਆ ਕਿ ਪੁੱਛ-ਗਿੱਛ ਦੌਰਾਨ ਫੜੇ ਗਏ ਮੁਲਜ਼ਮਾਂ ਨੇ ਖੁਲਾਸਾ ਕੀਤਾ ਹੈ ਕਿ ੳਹ ਜੇਲ੍ਹ ਵਾਰਡਨ ਗੁਰਮੇਜ ਸਿੰਘ ਨੂੰ ਹੈਰੋਇਨ ਸਪਲਾਈ ਕਰਦੇ ਸਨ, ਜੋ ਅੱਗੇ ਜੇਲ੍ਹ ’ਚ ਬੈਠੇ ਨਸ਼ਾ ਤਸਕਰਾਂ ਤੱਕ ਨਸ਼ੇ ਦੀ ਸਪਲਾਈ ਪਹੁੰਚਾਉਂਦਾ ਸੀ । ਉਨ੍ਹਾਂ ਦੱਸਿਆ ਕਿ ਇੱਕ ਪੇਸ਼ੇਵਰਾਨਾ  ਅਤੇ ਤਕਨੀਕੀ ਜਾਂਚ ਉਪਰੰਤ ਐੱਨ. ਡੀ. ਪੀ. ਐੱਸ ਐਕਟ ਦੇ ਤਹਿਤ ਐੱਫ਼. ਆਈ. ਆਰ. ਦਰਜ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੇ-ਪਿਛਲੇਰੇ ਸਬੰਧ ਸਥਾਪਤ ਕਰਨ ਲਈ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ- ਅਣਖ ਖਾਤਰ ਕੀਤੀ ਵੱਡੀ ਵਾਰਦਾਤ, ਭਰਾ ਨੇ ਭੈਣ ਤੇ ਪ੍ਰੇਮੀ ਦਾ ਕਰ 'ਤਾ ਕਤਲ

ਆਪ੍ਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਪੁਲਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੀ.ਆਈ.ਏ. ਸਟਾਫ-2 ਦੀਆਂ ਟੀਮਾਂ ਨੂੰ ਭਰੋਸੇਯੋਗ ਸੂਤਰਾਂ ਤੋਂ ਇਤਲਾਹ  ਮਿਲੀ ਸੀ ਕਿ ਦੋ ਭਰਾਵਾਂ ਨੇ ਸਰਹੱਦ ਪਾਰ ਤੋਂ ਡਰੋਨ ਦੀ ਵਰਤੋਂ ਕਰਕੇ ਸੁੱਟੀ ਗਈ ਨਸ਼ੀਲੇ ਪਦਾਰਥਾਂ ਦੀ ਇੱਕ ਵੱਡੀ ਖੇਪ ਪ੍ਰਾਪਤ ਕੀਤੀ ਹੈ ਅਤੇ ਇਸ ਖੇਪ ਨੂੰ ਆਪਣੀ ਰਿਹਾਇਸ਼  ਗੁਰੂ ਹਰਗੋਬਿੰਦਪੁਰਾ, ਛੇਹਰਟਾ ਵਿਖੇ ਛੁਪਾਇਆ ਹੋਇਆ ਹੈ। ਇਤਲਾਹ  ਤੇ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਡੀਸੀਪੀ ਸਿਟੀ ਅੰਮ੍ਰਿਤਸਰ ਅਭਿਮਨਿਊ ਰਾਣਾ ਆਈਪੀਐਸ, ਡੀਸੀਪੀ ਇਨਵੈਸਟੀਗੇਸ਼ਨ ਹਰਪ੍ਰੀਤ ਮੰਡੇਰ ਅਤੇ ਏ.ਸੀ.ਪੀ. ਵੈਸਟ ਸ਼ਿਵਦਰਸ਼ਨ ਸਿੰਘ ਦੀ ਅਗਵਾਈ ਹੇਠ ਥਾਣਾ ਛੇਹਰਟਾ ਅੰਮ੍ਰਿਤਸਰ ਦੀਆਂ ਪੁਲੀਸ ਟੀਮਾਂ ਨੇ ਗੁਰੂ ਹਰਗੋਬਿੰਦਪੁਰਾ, ਛੇਹਰਟਾ ਅੰਮ੍ਰਿਤਸਰ ਵਿੱਚ ਸਥਿਤ ਡੇਰਾ ਰਾਧਾ ਸੁਆਮੀ ਨੇੜੇ ਇੱਕ ਘਰ ਵਿੱਚੋਂ ਦੋਵਾਂ ਨਸ਼ਾ ਤਸਕਰਾਂ ਨੂੰ ਕਾਬੂ ਕਰ ਲਿਆ। 

ਇਹ ਵੀ ਪੜ੍ਹੋ-  ਸੋਸ਼ਲ ਮੀਡੀਆ ਇਨਫਲੂਏਂਸਰ ਹਨੀ ਸੇਠੀ ਗ੍ਰਿਫ਼ਤਾਰ

ਉਨ੍ਹਾਂ ਦੱਸਿਆ ਕਿ ਜੇਲ੍ਹ ਵਾਰਡਨ ਦੀ ਮਿਲੀਭੁਗਤ ਸਬੰਧੀ ਖੁਲਾਸੇ ਤੋਂ ਬਾਅਦ ਪੁਲਿਸ ਟੀਮਾਂ ਨੇ ਅੰਮ੍ਰਿਤਸਰ ਦੇ ਫਤਿਹਪੁਰ ਇਲਾਕੇ ਤੋਂ ਗੁਰਮੇਜ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਜੇਲ੍ਹ ਵਾਰਡਨ ਜੇਲ੍ਹ ਅੰਦਰ ਬੈਠੇ ਨਸ਼ਾ ਤਸਕਰ ਵਿਚਕਾਰ ਵਿਚੋਲੇ ਦਾ ਕੰਮ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਜੇਲ੍ਹ ਵਿੱਚ ਨਸ਼ਾ ਤਸਕਰਾਂ, ਜਿਨ੍ਹਾਂ ਨੂੰ ਹੈਰੋਇਨ ਸਪਲਾਈ ਕੀਤੀ ਜਾ ਰਹੀ ਸੀ ,ਦੀ ਪਛਾਣ ਕਰਨ ਲਈ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਸਬੰਧੀ ਥਾਣਾ ਛੇਹਰਟਾ, ਅੰਮ੍ਰਿਤਸਰ ਵਿਖੇ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ 21-ਸੀ ਅਤੇ 29 ਤਹਿਤ ਐੱਫ.ਆਈ.ਆਰ. ਨੰਬਰ 184, ਮਿਤੀ 09/10/2024 ਨੂੰ ਕੇਸ ਦਰਜ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News