ਪੰਜਾਬ ਪੁਲਸ ਨੇ ਟਾਰਗੈੱਟ ਕਿਲਿੰਗ ਦੀ ਯੋਜਨਾ ਨੂੰ ਕੀਤਾ ਨਾਕਾਮ, ਕਾਰ ਤੇ ਹਥਿਆਰਾਂ ਸਣੇ 3 ਸ਼ੂਟਰ ਗ੍ਰਿਫ਼ਤਾਰ

06/27/2024 8:02:27 PM

ਜੈਤੋ (ਰਘੂਨਦੰਨ ਪਰਾਸ਼ਰ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ ਬਠਿੰਡਾ ਦੀ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਨੇ ਜ਼ਿਲ੍ਹਾ ਪੁਲਸ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਮਸ਼ਹੂਰ ਗੈਂਗਸਟਰਾਂ ਨਾਲ ਸਬੰਧਤ ਤਿੰਨ ਸ਼ੂਟਰਾਂ ਨੂੰ ਗ੍ਰਿਫਤਾਰ ਕਰ ਕੇ ਸੂਬੇ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਦੀ ਯੋਜਨਾ ਨੂੰ ਨਾਕਾਮ ਕਰ ਦਿੱਤਾ ਹੈ। 

ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀ.ਜੀ.ਪੀ.) ਗੌਰਵ ਯਾਦਵ ਨੇ ਅਨੁਸਾਰ ਫੜੇ ਗਏ ਵਿਅਕਤੀਆਂ ਦੀ ਪਛਾਣ ਕਰਨਦੀਪ ਸਿੰਘ ਉਰਫ਼ ਕੰਨੂ ਵਾਸੀ ਨਵੀਂ ਬਸਤੀ ਮੌੜ ਮੰਡੀ, ਰਘੁਵੀਰ ਸਿੰਘ ਅਤੇ ਕੁਲਵਿੰਦਰ ਸਿੰਘ ਉਰਫ਼ ਬਿੱਟੂ ਦੋਵੇਂ ਵਾਸੀ ਪਿੰਡ ਕੋਟ ਸ਼ਮੀਰ ਬਠਿੰਡਾ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ 'ਚੋਂ 3 ਪਿਸਤੌਲ, ਜਿਨ੍ਹਾਂ ਵਿੱਚ ਇੱਕ 9 ਐੱਮ.ਐੱਮ. ਪਿਸਤੌਲ ਅਤੇ ਦੋ .32 ਬੋਰ ਦੇ ਪਿਸਤੌਲ ਸ਼ਾਮਲ ਹਨ, ਸਮੇਤ 6 ਜ਼ਿੰਦਾ ਕਾਰਤੂਸ ਅਤੇ 6 ਮੈਗਜ਼ੀਨ ਬਰਾਮਦ ਕਰਨ ਤੋਂ ਇਲਾਵਾ ਉਨ੍ਹਾਂ ਦੀ ਹੁੰਡਈ ਵਰਨਾ ਕਾਰ ਵੀ ਜ਼ਬਤ ਕਰ ਲਈ ਹੈ।

ਇਹ ਵੀ ਪੜ੍ਹੋ- ਅਕਾਲੀ ਦਲ 'ਚ ਬਾਗ਼ੀ ਸੁਰਾਂ ਨੇ ਫੜਿਆ ਜ਼ੋਰ, 'ਸ਼੍ਰੋਮਣੀ ਅਕਾਲੀ ਦਲ ਬਚਾਓ' ਲਹਿਰ ਦਾ ਕੀਤਾ ਜਾਵੇਗਾ ਆਗਾਜ਼

ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਪੁਲਸ ਨੂੰ ਖੁਫ਼ੀਆ ਜਾਣਕਾਰੀ ਮਿਲੀ ਸੀ ਕਿ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਇਹ ਸਾਥੀ ਜ਼ਿਲ੍ਹਾ ਬਠਿੰਡਾ, ਮੋਹਾਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ, ਜਿਸ ‘ਤੇ ਕਾਰਵਾਈ ਕਰਦਿਆਂ ਸੀ.ਆਈ. ਬਠਿੰਡਾ ਅਤੇ ਬਠਿੰਡਾ ਪੁਲਸ ਦੀਆਂ ਟੀਮਾਂ ਨੇ ਸ਼ੂਟਰਾਂ ਨੂੰ ਫੜਨ ਲਈ ਸਾਂਝੇ ਅਪ੍ਰੇਸ਼ਨ ਦੌਰਾਨ ਮੌੜ ਚੌਕ ਵਿਖੇ ਨਾਕਾ ਲਗਾਇਆ। 

ਉਨ੍ਹਾਂ ਦੱਸਿਆ ਕਿ ਪੁਲਸ ਟੀਮਾਂ ਨੇ ਤਿੰਨਾਂ ਮੁਲਜ਼ਮਾਂ ਨੂੰ ਉਸ ਵੇਲੇ ਕਾਬੂ ਕੀਤਾ ਜਦੋਂ ਉਹ ਆਪਣੀ ਹੁੰਡਈ ਵਰਨਾ ਕਾਰ ਵਿੱਚ ਮੌੜ ਤੋਂ ਬਠਿੰਡਾ ਵੱਲ ਆ ਰਹੇ ਸਨ ਅਤੇ ਉਨ੍ਹਾਂ ਦੇ ਕਬਜ਼ੇ ‘ਚੋਂ ਤਿੰਨ ਪਿਸਤੌਲਾਂ ਸਮੇਤ ਗੋਲੀ-ਸਿੱਕਾ ਬਰਾਮਦ ਕਰ ਲਿਆ। ਡੀ.ਜੀ.ਪੀ. ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਕਰਨਦੀਪ ਕਨੂ ਸਿੱਧੇ ਤੌਰ 'ਤੇ ਲਾਰੈਂਸ ਬਿਸ਼ਨੋਈ ਦੇ ਸੰਪਰਕ ਵਿੱਚ ਸੀ ਅਤੇ ਮੁਲਜ਼ਮਾਂ ਪਾਸੋਂ ਬਰਾਮਦ ਕੀਤੇ ਗਏ ਹਥਿਆਰਾਂ ਦੀ ਵਰਤੋਂ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਲਈ ਕੀਤੀ ਜਾਣੀ ਸੀ।

PunjabKesari

ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ। ਹੋਰ ਜਾਣਕਾਰੀ ਦਿੰਦਿਆਂ ਏ.ਆਈ.ਜੀ. ਸੀ.ਆਈ. ਬਠਿੰਡਾ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਇਸ ਮਾਡਿਊਲ ਦੇ ਦੋ ਹੋਰ ਸੰਚਾਲਕਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਐੱਸ.ਐੱਸ.ਪੀ. ਬਠਿੰਡਾ ਦੀਪਕ ਪਾਰੀਕ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਮੌੜ ਬਠਿੰਡਾ ਵਿਖੇ ਅਸਲਾ ਐਕਟ ਦੀ ਧਾਰਾ 25 ਤਹਿਤ ਐੱਫ.ਆਈ.ਆਰ. ਨੰਬਰ 72 ਮਿਤੀ 27-06-2024 ਦਰਜ ਕੀਤੀ ਗਈ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News