ਚੋਣ ਨਤੀਜਿਆਂ ਤੋਂ ਪਹਿਲਾਂ ਖੂਫੀਆ ਵਿਭਾਗ ਨੇ ਪੂਰੇ ਪੰਜਾਬ ''ਚ ਜਾਰੀ ਕੀਤਾ ਅਲਰਟ

03/05/2017 7:32:09 PM

ਕਪੂਰਥਲਾ (ਭੂਸ਼ਣ) : ਖੂਫੀਆ ਤੰਤਰ ਵੱਲੋਂ ਸੂਬੇ ਵਿਚ 11 ਮਾਰਚ ਨੂੰ ਹੋਣ ਵਾਲੀ ਗਿਣਤੀ ਤੋਂ ਪਹਿਲਾਂ ਅੱਤਵਾਦੀਆਂ ਵਲੋਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਚਿਤਾਵਨੀ ਦਿੱਤੀ ਗਈ ਹੈ। ਜਿਸ ਤੋਂ ਬਾਅਦ ਪੰਜਾਬ ਪੁਲਸ ਨੇ ਪੂਰੇ ਸੂਬੇ ਵਿਚ ਸੁਰੱਖਿਆ ਦੇ ਸਖਤ ਪ੍ਰਬੰਧ ਕਰ ਦਿੱਤੇ ਹਨ। ਉਥੇ ਹੀ ਇਸ ਤਰਜ਼ ''ਤੇ ਕਪੂਰਥਲਾ ਪੁਲਸ ਨੇ ਪੂਰੇ ਜ਼ਿਲੇ ਵਿਚ ਪੈਂਦੀਆ ਸਬ ਡਿਵੀਜ਼ਨਾਂ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਸਖ਼ਤ ਕਰ ਦਿੱਤਾ ਹੈ। ਇਸ ਦੌਰਾਨ ਵਿਸ਼ੇਸ਼ ਤੌਰ ''ਤੇ ਫਗਵਾੜਾ,  ਜਲੰਧਰ, ਕਰਤਾਰਪੁਰ, ਅੰਮ੍ਰਿਤਸਰ ਰਾਸ਼ਟਰੀ ਰਾਜ ਮਾਰਗ ''ਤੇ ਪੁਲਸ ਨਾਕਿਆਂ ਵਿਚ ਵਾਧਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਕੁੱਝ ਅਣਪਛਾਤੇ ਵਿਅਕਤੀਆ ਵਲੋਂ ਗੋਲੀਆ ਮਾਰ ਕੇ 2 ਡੇਰਾ ਪ੍ਰੇਮੀਆਂ ਦੇ ਕਤਲ ਕਰਨ ਦੀ ਵਾਰਦਾਤ ਤੋਂ ਬਾਅਦ ਸੂਬੇ ਵਿਚ ਇਕ ਵਾਰ ਫਿਰ ਅੱਤਵਾਦ ਦੇ ਸਿਰ ਚੁੱਕਣ ਦਾ ਡਰ ਪੈਦਾ ਹੋਣ ਲੱਗਾ ਹੈ।
ਉੁਥੇ ਹੀ ਖੂਫੀਆ ਤੰਤਰ ਦੇ ਅਲਰਟ ਤੋਂ ਬਾਅਦ ਡੀ. ਜੀ. ਪੀ. ਸੁਰੇਸ਼ ਅਰੋੜਾ ਦੇ ਹੁਕਮਾ ''ਤੇ ਪੰਜਾਬ ਪੁਲਸ ਨੇ ਸਾਰੇ ਜ਼ਿਲਿਆਂ ਵਿਚ ਚੈਕਿੰਗ ਦਾ ਦੌਰ ਤੇਜ਼ ਕਰ ਦਿੱਤਾ ਹੈ। ਇਸ ਨੂੰ ਲੈ ਕੇ ਜਦੋਂ ''ਜਗ ਬਾਣੀ'' ਨੇ ਜ਼ਿਲੇ ਦੇ ਰਾਸ਼ਟਰੀ ਰਾਜ ਮਾਰਗਾਂ ਦਾ ਦੌਰਾ ਕੀਤਾ ਤਾਂ ਫਗਵਾੜਾ ਜਲੰਧਰ ਰਾਸ਼ਟਰੀ ਰਾਜ ਮਾਰਗ ''ਤੇ ਜਿਥੇ ਮਸ਼ੀਨ ਗੰਨ ਨਾਲ ਲੈਸ ਸਕਿਓਰਿਟੀ ਟੀਮ ਤੈਨਾਤ ਨਜ਼ਰ ਆਈ, ਉਥੇ ਹੀ ਵੱਡੀ ਗਿਣਤੀ ਵਿਚ ਪੁਲਸ ਮੁਲਾਜ਼ਮਾਂ ਨੂੰ ਰਾਸ਼ਟਰੀ ਰਾਜ ਮਾਰਗ ''ਤੇ ਵਾਹਨਾਂ ਦੀ ਚੈਕਿੰਗ ਕਰਦੇ ਵੇਖਿਆ ਗਿਆ। ਇਸ ਦੌਰਾਨ ਫਗਵਾੜਾ, ਹੁਸ਼ਿਆਰਪੁਰ, ਕਪੂਰਥਲਾ ਸੁਲਤਾਨਪੁਰ ਲੋਧੀ, ਕਪੂਰਥਲਾ-ਸੁਭਾਨਪੁਰ ਅਤੇ ਬੇਗੋਵਾਲ ਟਾਂਡਾ ਦੇ ਸੜਕੀ ਮਾਰਗ ''ਤੇ ਵਡੇ ਪੱਧਰ ''ਤੇ ਚੈਕਿੰਗ ਦਾ ਦੌਰ ਦੇਖਣ ਨੂੰ ਮਿਲਿਆ।  

ਕੀ ਕਹਿੰਦੇ ਹਨ ਐੱਸ. ਐੱਸ. ਪੀ
ਇਸ ਸੰਬੰਧ ''ਚ ਜਦੋਂ ਐੱਸ. ਐੱਸ. ਪੀ ਅਲਕਾ ਮੀਨਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜ਼ਿਲੇ ਭਰ ਵਿਚ ਲਗਾਤਾਰ ਚੈਕਿੰਗ ਦੇ ਹੁਕਮ ਦਿੱਤੇ ਗਏ ਹਨ।  ਉਥੇ ਹੀ ਕਪੂਰਥਲਾ ਅਤੇ ਫਗਵਾੜਾ ਵਿਚ ਸਕਿਓਰਿਟੀ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ।


Gurminder Singh

Content Editor

Related News