ਵੱਡੀ ਖ਼ਬਰ- ਪੰਜਾਬ ਪੁਲਸ ਅਕੈਡਮੀ ਦਾ ਡਰੱਗ ਰੈਕੇਟ: ਸੱਤੇ ਪੁਲਸ ਮੁਲਾਜ਼ਮ ਰਿਮਾਂਡ ਖਤਮ ਹੋਣ ’ਤੇ ਭੇਜੇ ਜੇਲ੍ਹ

Wednesday, May 25, 2022 - 01:41 AM (IST)

ਵੱਡੀ ਖ਼ਬਰ- ਪੰਜਾਬ ਪੁਲਸ ਅਕੈਡਮੀ ਦਾ ਡਰੱਗ ਰੈਕੇਟ: ਸੱਤੇ ਪੁਲਸ ਮੁਲਾਜ਼ਮ ਰਿਮਾਂਡ ਖਤਮ ਹੋਣ ’ਤੇ ਭੇਜੇ ਜੇਲ੍ਹ

ਫਿਲੌਰ (ਭਾਖੜੀ) : ਪੁਲਸ ਅਕੈਡਮੀ ’ਚ ਚੱਲ ਰਹੇ ਡਰੱਗ ਰੈਕੇਟ ਦਾ ਪਰਦਾਫਾਸ਼ ਹੋਣ ਤੋਂ ਬਾਅਦ ਫੜੇ ਗਏ 7 ਪੁਲਸ ਮੁਲਾਜ਼ਮਾਂ ਨੂੰ ਅਦਾਲਤ ਨੇ 2-2 ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਸੀ। ਰਿਮਾਂਡ ਲੈਣ ਤੋਂ ਬਾਅਦ ਵੀ ਸਥਾਨਕ ਪੁਲਸ ਦੇ ਹੱਥ ਖਾਲੀ ਹਨ। ਪੁਲਸ ਨੇ ਬਰਾਮਦਗੀ ’ਚ ਸਿਰਫ ਨਸ਼ਾ ਕਰਨ ਵਾਲੀ ਇਕ ਪੰਨੀ ਅਤੇ ਫੋਇਲ ਪੇਪਰ ਦਿਖਾਇਆ ਹੈ। ਅੱਜ ਰਿਮਾਂਡ ਖਤਮ ਹੋਣ ਤੋਂ ਬਾਅਦ ਸੱਤੇ ਮੁਲਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ : ਵਿਅਕਤੀ ਦੀ ਭੇਤਭਰੀ ਹਾਲਤ 'ਚ ਮੌਤ, ਖਾਲੀ ਪਲਾਟ 'ਚੋਂ ਮਿਲੀ ਲਾਸ਼

ਪੁਲਸ ਚਾਹੁੰਦੀ ਤਾਂ ਮੁਲਜ਼ਮਾਂ ਤੋਂ ਹੋ ਸਕਦੀ ਸੀ ਹੈਵੀ ਰਿਕਵਰੀ

PunjabKesari

ਸਥਾਨਕ ਪੁਲਸ ਨੇ ਮੁਕੱਦਮਾ ਦਰਜ ਕਰਕੇ ਪਹਿਲਾਂ 2 ਮੁਲਜ਼ਮਾਂ ਸ਼ਕਤੀ ਅਤੇ ਜੈ ਨੂੰ ਫੜਿਆ, ਜਦੋਂਕਿ ‘ਜਗ ਬਾਣੀ’ ਨੇ 7 ਮਈ ਨੂੰ ਹੀ ਖੁਲਾਸਾ ਕਰ ਦਿੱਤਾ ਸੀ ਕਿ ਅਕੈਡਮੀ ’ਚ 10 ਦੇ ਕਰੀਬ ਪੁਲਸ ਮੁਲਾਜ਼ਮ ਹੋਰ ਹਨ, ਜੋ ਨਸ਼ੇ ਦੇ ਆਦੀ ਹਨ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਜਾਗਣ ’ਚ 3 ਹਫਤੇ ਲਗਾ ਦਿੱਤੇ ਅਤੇ ਬੀਤੇ ਦਿਨ 5 ਹੋਰ ਪੁਲਸ ਮੁਲਾਜ਼ਮਾਂ ਨੂੰ ਫੜ ਕੇ ਸਾਰੇ ਸੱਤੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ 2 ਦਿਨ ਦੇ ਰਿਮਾਂਡ ’ਤੇ ਲੈ ਲਿਆ ਸੀ।

ਮ੍ਰਿਤਕ ਹੌਲਦਾਰ ਹਰਮਨ ਬਾਜਵਾ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਮੁਲਜ਼ਮਾਂ ਦੇ ਲਏ ਗਏ ਰਿਮਾਂਡ ਤੋਂ ਬਾਅਦ ਹਰਮਨ ਦੀ ਇਕ ਸਵਿਫਟ ਕਾਰ, 2 ਐਕਟਿਵਾ ਜੋ ਸ਼ਕਤੀ ਕੋਲ ਗਹਿਣੇ ਪਏ ਹਨ, ਬਰਾਮਦ ਕੀਤੇ ਜਾਣੇ ਸਨ। ਇਸ ਤੋਂ ਇਲਾਵਾ ਇਕ ਸਿਪਾਹੀ ਨੇ ਆਪਣੇ ਬਿਆਨਾਂ ’ਚ ਦੱਸਿਆ ਕਿ ਉਹ ਸ਼ਕਤੀ ਤੋਂ ਹੁਣ ਤੱਕ 10 ਤੋਂ 12 ਲੱਖ ਦਾ ਚਿੱਟਾ ਲੈ ਕੇ ਪੀ ਚੁੱਕਾ ਹੈ, ਜਿਸ ਦੇ ਰੁਪਏ ਉਸ ਨੇ ਸ਼ਕਤੀ ਦੇ ਖਾਤੇ ’ਚ ਪਵਾਏ ਹਨ। ਸਥਾਨਕ ਪੁਲਸ ਨੇ ਮੁਲਜ਼ਮ ਪੁਲਸ ਮੁਲਾਜ਼ਮਾਂ ਦੀ ਸਿੱਧੇ ਤੌਰ ’ਤੇ ਮਦਦ ਕਰਦਿਆਂ ਨਾ ਤਾਂ ਮ੍ਰਿਤਕ ਹੌਲਦਾਰ ਦੀ ਕਾਰ, ਸਕੂਟਰ ਬਰਾਮਦ ਕੀਤੇ ਤੇ ਨਾ ਹੀ ਸਿਪਾਹੀ ਦੇ 10 ਤੋਂ 12 ਲੱਖ ਰੁਪਏ। ਸਿਰਫ ਇਕ ਫੋਇਲ ਪੇਪਰ ਅਤੇ ਇਕ ਪੰਨੀ ਉਨ੍ਹਾਂ ਤੋਂ ਬਰਾਮਦ ਕਰਕੇ ਅਦਾਲਤ ਵਿੱਚ ਪੇਸ਼ ਕਰ ਦਿੱਤੀ।

ਇਹ ਵੀ ਪੜ੍ਹੋ : ਜੰਗਲਾਤ ਹੇਠਲੇ ਰਕਬੇ 'ਚ ਵਾਧਾ ਕਰਨਾ ਸੂਬਾ ਸਰਕਾਰ ਦੀ ਤਰਜੀਹ : ਕਟਾਰੂਚੱਕ

ਮੁਲਜ਼ਮ ਪੁਲਸ ਮੁਲਾਜ਼ਮਾਂ ਦੇ ਬਾਹਰ ਸਮੱਗਲਰਾਂ ਨਾਲ ਸਬੰਧ ਕਿਵੇਂ ਬਣੇ, ਸਥਾਨਕ ਪੁਲਸ ਇਸ ਰਹੱਸ ਤੋਂ ਵੀ ਪਰਦਾ ਨਹੀਂ ਚੁੱਕ ਸਕੀ

PunjabKesari

ਹੈਰਾਨੀ ਦੀ ਗੱਲ ਹੈ ਕਿ ਜਾਂਚ ਅਧਿਕਾਰੀਆਂ ਦੀ ਰਿਪੋਰਟ ’ਚ ਹਰ ਉਸ ਚੀਜ਼ ਦਾ ਜ਼ਿਕਰ ਹੈ ਕਿ ਮੁਲਜ਼ਮ ਪੁਲਸ ਅਧਿਕਾਰੀ ਕਿਵੇਂ ਅਕੈਡਮੀ ’ਚ ਮਾਲ ਲਿਆਉਂਦੇ ਸਨ ਤੇ ਕਿਵੇਂ ਅੱਗੇ ਵੇਚਦੇ ਸਨ। ਉਨ੍ਹਾਂ ਰਿਪੋਰਟ 'ਚ ਇਹ ਵੀ ਲਿਖਿਆ ਹੈ ਕਿ ਇਹ ਬਹੁਤ ਵੱਡੀ ਜਾਂਚ ਦਾ ਵਿਸ਼ਾ ਹੈ। ਇਸ ਦੇ ਬਾਵਜੂਦ ਪੁਲਸ ਇਕ ਵੀ ਰਹੱਸ ਤੋਂ ਪਰਦਾ ਨਹੀਂ ਚੁੱਕ ਸਕੀ ਕਿ ਸ਼ਕਤੀ ਅਤੇ ਉਸ ਦੇ 6 ਸਾਥੀ ਪੁਲਸ ਮੁਲਾਜ਼ਮਾਂ ਦੇ ਬਾਹਰ ਬੈਠੇ ਨਸ਼ਾ ਸਮੱਗਲਰਾਂ ਨਾਲ ਸਬੰਧ ਕਿਵੇਂ ਸਥਾਪਿਤ ਹੋਏ ਅਤੇ ਉਹ ਉਨ੍ਹਾਂ ਤੋਂ ਕਿਵੇਂ ਮਾਲ ਖਰੀਦਦੇ ਸਨ। ਪੁਲਸ ਨਾ ਤਾਂ ਸਮੱਗਲਰਾਂ ਨੂੰ ਫੜ ਸਕੀ ਤੇ ਨਾ ਹੀ ਇਕ ਵੀ ਘਟਨਾ ਤੋਂ ਪਰਦਾ ਚੁੱਕ ਸਕੀ, ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਪੁਲਸ ਫੜੇ ਗਏ ਮੁਲਾਜ਼ਮਾਂ ਨੂੰ ਬਚਾਉਣ ’ਚ ਲੱਗੀ ਹੋਈ ਹੈ, ਜਿਸ ਨਾਲ ਕਿਸੇ ਹੋਰ ਵੱਡੇ ਅਧਿਕਾਰੀ ਦਾ ਨਾਂ ਨਾ ਸਾਹਮਣੇ ਆਵੇ।

ਇਹ ਵੀ ਪੜ੍ਹੋ : ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਏ 2 ਵਿਅਕਤੀਆਂ ਦੀ ਮੌਤ, 5 ਮਜ਼ਦੂਰ ਝੁਲਸੇ

ਘਟਨਾ ਤੋਂ ਪਰਦਾ ਉੱਠਣ ਤੋਂ ਬਾਅਦ ਅਕੈਡਮੀ ਦੀ ਡਾਇਰੈਕਟਰ ਨੇ ਨਹੀਂ ਚੁੱਕਿਆ ਕੋਈ ਠੋਸ ਕਦਮ

PunjabKesari

ਇਹ ਸਭ ਕੁਝ ਪੰਜਾਬ ਪੁਲਸ ਅਕੈਡਮੀ ’ਚ ਖੁੱਲ੍ਹੇਆਮ ਚੱਲ ਰਿਹਾ ਸੀ। ਉਸ ਤੋਂ ਬਾਅਦ ਪਰਦਾਫਾਸ਼ ਹੋਇਆ ਤਾਂ ਜਾਂਚ ਟੀਮ ਬਿਠਾ ਦਿੱਤੀ। ਜਾਂਚ ਟੀਮ ਨੇ ਹਰ ਪਹਿਲੂ ਤੋਂ ਪਰਦਾ ਉਠਾ ਦਿੱਤਾ। ਉਸ ਤੋਂ ਬਾਅਦ ਪਹਿਲਾਂ ਸਥਾਨਕ ਪੁਲਸ ਨੇ 2 ਪੁਲਸ ਮੁਲਾਜ਼ਮਾਂ ਨੂੰ ਨਸ਼ਾ ਪੀਣ ਅਤੇ ਸਮੱਗਲਿੰਗ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ। ਮੀਡੀਆ 'ਚ ਹੋ ਰਹੀ ਕਿਰਕਿਰੀ ਤੋਂ ਬਾਅਦ 5 ਹੋਰ ਪੁਲਸ ਮੁਲਾਜ਼ਮਾਂ ਨੂੰ ਫੜਿਆ ਗਿਆ। ਇੰਨਾ ਸਭ ਕੁਝ ਹੋਣ ਤੋਂ ਬਾਅਦ ਵੀ ਅਕੈਡਮੀ ਦੀ ਡਾਇਰੈਕਟਰ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ, ਜਿਸ ਨਾਲ ਦੂਜਿਆਂ ਨੂੰ ਸਬਕ ਮਿਲ ਜਾਂਦਾ ਅਤੇ ਉਹ ਭਵਿੱਖ ’ਚ ਅਜਿਹੀ ਗਲਤੀ ਨਾ ਕਰਦੇ।

ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News