ਬਰਗਾੜੀ ਕਾਂਡ : ਕੀ ਪੰਜਾਬ ਪੁਲਸ ਸੀ. ਬੀ. ਆਈ. ''ਤੇ ਹਾਵੀ ਹੋ ਰਹੀ ਹੈ?

Saturday, Jun 16, 2018 - 06:27 AM (IST)

ਬਰਗਾੜੀ ਕਾਂਡ : ਕੀ ਪੰਜਾਬ ਪੁਲਸ ਸੀ. ਬੀ. ਆਈ. ''ਤੇ ਹਾਵੀ ਹੋ ਰਹੀ ਹੈ?

ਬਠਿੰਡਾ(ਬਲਵਿੰਦਰ)- ਬਰਗਾੜੀ ਕਾਂਡ ਨੂੰ ਲੈ ਕੇ ਅੱਜਕਲ ਪੰਜਾਬ ਦੀ ਵਿਸ਼ੇਸ਼ ਜਾਂਚ ਟੀਮ ਖਾਸੀ ਸਰਗਰਮ ਨਜ਼ਰ ਆ ਰਹੀ ਹੈ ਤੇ ਕਈ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਹੁਣ ਮਹਿਸੂਸ ਹੋਣ ਲੱਗਾ ਹੈ ਕਿ ਪੰਜਾਬ ਪੁਲਸ ਸੀ. ਬੀ. ਆਈ. 'ਤੇ ਹਾਵੀ ਹੋ ਰਹੀ ਹੈ ਕਿਉਂਕਿ ਬਰਗਾੜੀ ਕਾਂਡ ਦੀ ਮੁੱਖ ਜਾਂਚ ਏਜੰਸੀ ਸੀ. ਬੀ. ਆਈ. ਸ਼ਾਂਤ ਹੈ ਤੇ ਪੁਲਸ ਨਿੱਤ ਦਿਨ ਨਵੇਂ ਖੁਲਾਸੇ ਕਰ ਰਹੀ ਹੈ। ਸੰਭਾਵਨਾ ਹੈ ਕਿ ਪੁਲਸ ਦੀ ਜਾਂਚ ਲੋਕ ਸਭਾ ਚੋਣਾਂ 2019 ਤੱਕ ਇਸੇ ਤਰ੍ਹਾਂ ਜਾਰੀ ਰਹਿ ਸਕਦੀ ਹੈ।
ਬਰਗਾੜੀ ਕਾਂਡ ਦੀ ਜਾਂਚ ਪੁਲਸ ਕੋਲ ਨਹੀਂ ਹੈ 
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਬਰਗਾੜੀ ਕਾਂਡ ਦੀ ਜਾਂਚ ਪਹਿਲਾਂ ਪੰਜਾਬ ਪੁਲਸ ਕੋਲ ਹੀ ਸੀ ਪਰ ਬਾਅਦ 'ਚ ਪੰਜਾਬ ਸਰਕਾਰ ਨੇ ਇਹ ਜਾਂਚ ਸੀ. ਬੀ. ਆਈ. ਨੂੰ ਸੌਂਪ ਦਿੱਤੀ ਸੀ। ਇਸਦੇ ਨਾਲ ਹੀ ਬੁਰਜ ਜਵਾਹਰ ਸਿੰਘ ਵਾਲਾ ਤੇ ਪੋਸਟਰ ਕਾਂਡ ਵੀ ਸੀ. ਬੀ. ਆਈ. ਨੂੰ ਹੀ ਦਿੱਤੇ ਗਏ ਸਨ। 
ਸੀ. ਬੀ. ਆਈ. ਇਸ ਮਾਮਲੇ 'ਚ ਕੁਝ ਖਾਸ ਨਹੀਂ ਕਰ ਸਕੀ।ਦੂਜੇ ਪਾਸੇ ਹੋਰ ਬੇਅਦਬੀ ਮਾਮਲੇ ਮੱਲ ਕੇ, ਗੁਰੂਸਰ ਤੇ ਭਗਤਾ ਪੰਜਾਬ ਪੁਲਸ ਦੀ ਵਿਸ਼ੇਸ਼ ਜਾਂਚ ਟੀਮ ਨੂੰ ਸੌਂਪੇ ਗਏ, ਜਿਸ ਦੀ ਅਗਵਾਈ ਡੀ. ਆਈ. ਜੀ. ਰਣਬੀਰ ਸਿੰਘ ਖਟੜਾ ਕਰ ਰਹੇ ਹਨ। ਪੰਜਾਬ ਪੁਲਸ ਵਲੋਂ ਆਪਣੇ ਹਿੱਸੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤਹਿਤ ਮਹਿੰਦਰਪਾਲ ਬਿੱਟੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜੋ ਕਿ ਡੇਰਾ ਸਿਰਸਾ ਦੀ 11 ਮੈਂਬਰੀ ਕਮੇਟੀ ਦਾ ਮੈਂਬਰ ਹੈ। ਦੱਸਿਆ ਜਾ ਰਿਹਾ ਹੈ ਕਿ ਬਿੱਟੂ ਹੀ ਸਾਰੇ ਮਾਮਲਿਆਂ ਦਾ ਮਾਸਟਰਮਾਈਂਡ ਹੈ, ਜਿਸ ਨਾਲ ਕਈ ਹੋਰ ਬੰਦੇ ਜੁੜੇ ਹੋਏ ਹਨ।
ਸਿੱਧੇ-ਅਸਿੱਧੇ ਸ਼ਬਦਾਂ 'ਚ ਪੁਲਸ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਬਰਗਾੜੀ ਕਾਂਡ ਲਈ ਵੀ ਬਿੱਟੂ ਐਂਡ ਪਾਰਟੀ ਹੀ ਜ਼ਿੰਮੇਵਾਰ ਹੈ। ਇਸ ਤਰ੍ਹਾਂ ਪੁਲਸ ਨੇ ਸੀ. ਬੀ. ਆਈ. ਦੀ ਜਾਂਚ 'ਤੇ ਪਾਣੀ ਫੇਰ ਦਿੱਤਾ ਹੈ ਕਿਉਂਕਿ ਪੁਲਸ ਅਧਿਕਾਰੀ ਕਹਿ ਚੁੱਕੇ ਹਨ ਕਿ ਬੇਅਦਬੀ ਦੇ ਸਾਰੇ ਮਾਮਲੇ ਲਗਭਗ ਹੱਲ ਹੋ ਚੁੱਕੇ ਹਨ। 
ਪੁਲਸ ਤੇ ਸੀ. ਬੀ. ਆਈ. ਦੀ ਮੀਟਿੰਗ ਹੋਈ 
ਸੂਤਰਾਂ ਦੀ ਮੰਨੀਏ ਤਾਂ ਅੱਜ ਚੰਡੀਗੜ੍ਹ ਵਿਖੇ ਸੀ. ਬੀ. ਆਈ. ਤੇ ਪੁਲਸ ਟੀਮਾਂ ਦੀ ਮੀÎਟਿੰਗ ਹੋਈ, ਜਿਸ ਵਿਚ ਬਰਗਾੜੀ ਕਾਂਡ ਆਦਿ ਮਾਮਲੇ ਵਿਚਾਰੇ ਗਏ ਪਰ ਡੀ. ਆਈ. ਜੀ. ਰਣਬੀਰ ਸਿੰਘ ਖਟੜਾ ਦਾ ਕਹਿਣਾ ਹੈ ਕਿ ਅਜਿਹੀ ਕੋਈ ਮੀÎਟਿੰਗ ਨਹੀਂ ਹੋਈ। ਸ. ਖਟੜਾ ਨੇ ਕਿਹਾ ਕਿ ਬਰਗਾੜੀ ਕਾਂਡ ਆਦਿ ਮਾਮਲਿਆਂ ਦੀ ਜਾਂਚ ਹੁਣ ਵੀ ਸੀ. ਬੀ. ਆਈ. ਕੋਲ ਹੀ ਹੈ। ਪੁਲਸ ਨੇ ਆਪਣੇ ਮਾਮਲਿਆਂ ਦੀ ਜਾਂਚ 'ਚ ਜਿਸ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਉਸ ਦਾ ਸਬੰਧ ਬਰਗਾੜੀ ਕਾਂਡ ਨਾਲ ਵੀ ਹੈ।


Related News