ਐਕਸ਼ਨ ਮੋਡ ਵਿਚ ਪੰਜਾਬ ਪੁਲਸ, ਸੀਲਿੰਗ ਨਾਕਿਆਂ ਰਾਹੀਂ ਕੀਤੀ ਚੈਕਿੰਗ
Wednesday, Apr 23, 2025 - 05:53 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਐੱਸਐੱਸਪੀ ਡਾ. ਅਖਿਲ ਚੌਧਰੀ (ਆਈ.ਪੀ.ਐੱਸ.) ਦੀ ਅਗਵਾਈ ਹੇਠ ਸ਼ਰਾਰਤੀ ਅਨਸਰਾਂ, ਨਸ਼ਾ ਤਸਕਰਾਂ ਅਤੇ ਗੈਰਕਾਨੂੰਨੀ ਗਤੀਵਿਧੀਆਂ ਵਿਰੁੱਧ ਨਕੇਲ ਕਸਦਿਆਂ “ਅਪਰੇਸ਼ਨ ਪਲਾਨ” ਤਹਿਤ ਵੱਡੀ ਮੁਹਿੰਮ ਚਲਾਈ ਗਈ। ਇਹ ਮੁਹਿੰਮ ਜ਼ਿਲ੍ਹੇ ਦੀਆਂ ਚਾਰੋਂ ਸਬ ਡਿਵੀਜ਼ਨਾਂ – ਸ਼੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ ਵਿਚ ਇਕੋ ਸਮੇਂ ’ਤੇ ਚਲਾਈ ਗਈ। ਐੱਸਐੱਸਪੀ ਨੇ ਦੱਸਿਆ ਕਿ ਜਨਤਾ ਦੀ ਸੁਰੱਖਿਆ ਅਤੇ ਨਸ਼ਿਆਂ ਦੇ ਨੈੱਟਵਰਕ ਨੂੰ ਤੋੜਨ ਲਈ ਇਹ ਚੌਕਸੀ ਮੁਹਿੰਮ ਚਲਾਈ ਗਈ।
ਇਸ ਦੌਰਾਨ ਸਤਨਾਮ ਸਿੰਘ (ਡੀਐੱਸਪੀ ਮੁਕਤਸਰ), ਨਵੀਨ ਕੁਮਾਰ ਡੀਐਸਪੀ, ਇਕਬਾਲ ਸਿੰਘ ਡੀਐਸਪੀ (ਮਲੋਟ) ਦੀ ਅਗਵਾਈ ਹੇਠ ਲਗਭਗ 150 ਪੁਲਸ ਮੁਲਾਜ਼ਮਾਂ ਨੂੰ ਡਿਊਟੀ ’ਤੇ ਤਾਇਨਾਤ ਕੀਤਾ ਗਿਆ। ਮੁਹਿੰਮ ਦੌਰਾਨ ਜ਼ਿਲ੍ਹੇ ਅੰਦਰ 27 ਨਾਕੇ ਵੱਖ-ਵੱਖ ਸਥਾਨਾਂ ’ਤੇ ਲਗਾ ਕੇ ਇਲਾਕਿਆਂ ਨੂੰ ਸੀਲ ਕੀਤਾ ਗਿਆ। ਇਸ ਦੌਰਾਨ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਪਾਇਸ ਐਪ ਰਾਹੀਂ ਸ਼ੱਕੀ ਵਿਅਕਤੀਆਂ ਦੇ ਪਿਛੋਕੜ ਅਤੇ ਕ੍ਰਿਮੀਨਲ ਰਿਕਾਰਡ ਦੀ ਜਾਂਚ ਕੀਤੀ ਗਈ ਅਤੇ ਵਾਹਨ ਐਪ ਰਾਹੀਂ ਚੋਰੀ ਦੇ ਵਾਹਨਾਂ ਜਾਂ ਮੁਕੱਦਮਿਆਂ ਵਿਚ ਲੋੜੀਂਦੇ ਵਾਹਨਾਂ ਦੀ ਤਸਦੀਕ ਕੀਤੀ ਗਈ। ਐੱਸਐੱਸਪੀ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਅਤੇ ਅਪਰਾਧ ਦੇ ਖਿਲਾਫ ਜੰਗ ਵਿਚ ਪੁਲਸ ਦਾ ਸਾਥ ਦਿਓ।