ਘਰੇਲੂ ਝਗੜਿਆਂ ਨੂੰ ਸੁਲਝਾ ਕੇ ਪਰਿਵਾਰ ਵਸਾਉਣ ’ਚ ਅਹਿਮ ਭੂਮਿਕਾ ਨਿਭਾਅ ਰਹੀ ਹੈ ਪੰਜਾਬ ਪੁਲਸ
Saturday, Sep 04, 2021 - 06:15 PM (IST)
ਅੰਮ੍ਰਿਤਸਰ (ਦਲਜੀਤ ਸ਼ਰਮਾ) : ਘਰੇਲੂ ਝਗੜਿਆਂ ਨੂੰ ਸੁਲਝਾ ਕੇ ਪਰਵਾਰ ਵਸਾਉਣ ਵਿਚ ਪੰਜਾਬ ਪੁਲਸ ਆਪਣੀ ਅਹਿਮ ਭੂਮਿਕਾ ਨਿਭਾਅ ਰਹੀ ਹੈ। ਕਰਾਈਮ ਅਗੇਂਸਟ ਵੂਮੈਨ ਵਿੰਗ ਵੱਲੋਂ ਹੁਣ ਲੋਕ ਮੇਲੇ ਲਗਾ ਕੇ ਪਤੀ-ਪਤਨੀ ਅਤੇ ਪਰਿਵਾਰਿਕ ਮੈਂਬਰਾਂ ਵਿਚ ਮਾਮੂਲੀ ਗੱਲਾਂ ਨੂੰ ਲੈ ਕੇ ਪੈਦਾ ਹੋਈ ਦੂਰੀ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਹੁਣ ਤਕ ਇਸ ਵਿੰਗ ਵੱਲੋਂ ਲੱਖਾਂ ਪਰਿਵਾਰਾਂ ਨੂੰ ਉਜੜਨ ਤੋਂ ਜਿੱਥੇ ਬਚਾ ਲਿਆ ਗਿਆ ਹੈ, ਉਥੇ ਹੀ ਘਰੇਲੂ ਝਗੜਿਆਂ ਨਾਲ ਸਬੰਧਤ 50 ਸ਼ਿਕਾਇਤਾਂ ਵਿੱਚੋਂ 40 ਦਾ ਨਿਪਟਾਰਾ ਕਰਕੇ ਲੜਕੀਆਂ ਨੂੰ ਵਾਪਸ ਉਨ੍ਹਾਂ ਦੇ ਪਤੀ ਦੇ ਘਰ ਭੇਜ ਦਿੱਤਾ ਗਿਆ ਹੈ। ਉਥੇ ਹੀ ਪੈਂਡਿੰਗ 10 ਕੇਸਾਂ ਦੀ ਕਾਊਸਲਿੰਗ ਕਰਕੇ ਦੋਵਾਂ ਧਿਰਾਂ ਨੂੰ ਸਮਝਾਉਣ ਦੇ ਯਤਨ ਕੀਤੇ ਜਾ ਰਹੇ ਹਨ।
ਜਾਣਕਾਰੀ ਅਨੁਸਾਰ ਪੰਜਾਬ ਪੁਲਸ ਵੱਲੋਂ ਔਰਤਾਂ ਅਤੇ ਬੱਚਿਆਂ ਦੀ ਰਾਖੀ ਲਈ ਕਰਾਈਮ ਅਗੇਂਸਟ ਵੂਮੈੱਨ ਐਂਡ ਚਾਇਲਡ ਵਿੰਗ ਦੀ ਸਥਾਪਨਾ ਕੀਤੀ ਗਈ ਹੈ। ਇਸ ਵਿੰਗ ਦੇ ਅਧੀਨ ਮਹਿਲਾ ਮੰਡਲ ਥਾਣਾ 1 ਅਤੇ ਥਾਣਾ 2 ਆਉਂਦੇ ਹਨ। ਰੋਜ਼ਾਨਾ ਹੀ ਦਰਜਨਾਂ ਕੇਸਾਂ ਦੀਆਂ ਸ਼ਿਕਾਇਤਾਂ ਲੈ ਕੇ ਮਹਿਲਾਵਾਂ ਵੱਲੋਂ ਥਾਣੇ ਵਿਚ ਪਾਇਆ ਜਾਂਦਾ ਹੈ। ਪੁਲਸ ਵੱਲੋਂ ਜਨਾਨੀਆਂ ਦੀ ਸ਼ਿਕਾਇਤ ਸੁਣਨ ਲਈ ਖਾਸ ਤੌਰ ’ਤੇ ਜਨਾਨਾ ਮੁਲਾਜ਼ਮ ਅਤੇ ਅਧਿਕਾਰੀ ਜਿੱਥੇ ਲਗਾਏ ਗਏ ਹਨ, ਉਥੇ ਹੀ ਤਜ਼ਰਬੇਕਾਰ ਕਈ ਮਰਦ ਮੁਲਾਜ਼ਮ ਅਤੇ ਅਧਿਕਾਰੀ ਵੀ ਤੈਨਾਤ ਕੀਤੇ ਗਏ ਹਨ।
ਮੁਲਾਜ਼ਮਾ ਅਤੇ ਅਧਿਕਾਰੀਆਂ ਵੱਲੋਂ ਸ਼ਿਕਾਇਤਾਂ ਦਾ ਨਿਪਟਾਰਾ ਕਰਦੇ ਸਮੇਂ ਦੋਵਾਂ ਧਿਰਾਂ ਆਪਸੀ ਰਜ਼ਾਮੰਦੀ ਅਨੁਸਾਰ ਪਰਿਵਾਰ ਨੂੰ ਮੁੜ ਵਸਾਉਣ ਦੇ ਯਤਨ ਕੀਤੇ ਜਾਂਦੇ ਹਨ ਜੇਕਰ ਦੋਵੇਂ ਧਿਰਾਂ ਵਿਚ ਜ਼ਿਆਦਾ ਮਸਲਾ ਖੜ੍ਹਾ ਹੋ ਜਾਵੇ ਤਾਂ ਕਾਊਂਸਲਿੰਗ ਕਰਨ ਦੀ ਵੀ ਰੂਪ-ਰੇਖਾ ਉਲੀਕੀ ਗਈ ਹੈ। ਇਸ ਤੋਂ ਇਲਾਵਾ ਥਾਣਿਆਂ ਵਿਚ ਆਉਣ ਵਾਲੇ ਮਾਮਲਿਆਂ ਨੂੰ ਹੱਲ ਕਰਨ ਲਈ ਬੜੀ ਗੰਭੀਰਤਾ ਨਾਲ ਏਸੀਪੀ ਮੈਡਮ ਕਵਲਦੀਪ ਕੌਰ ਵੱਲੋਂ ਸਮੇਂ ਸਮੇਂ ’ਤੇ ਮਾਮਲਿਆਂ ਦੀ ਸੁਣਵਾਈ ਕੀਤੀ ਜਾਂਦੀ ਹੈ। ਥਾਣਾ 1 ਦੇ ਐੱਸ ਐੱਚ ਓ ਮੈਡਮ ਪਰਮਦੀਪ ਕੌਰ ਅਤੇ ਥਾਣਾ ਦੋ ਦੇ ਐੱਸ. ਐੱਚ. ਓ ਰਾਜਵਿੰਦਰ ਕੌਰ ਵੱਲੋਂ ਹਮੇਸ਼ਾਂ ਹੀ ਦੋਵਾਂ ਧਿਰਾਂ ਦੇ ਸਿਰ ਜੋੜਨ ਵਿਚ ਅਹਿਮ ਭੂਮਿਕਾ ਅਦਾ ਕੀਤੀ ਜਾਂਦੀ ਹੈ।