ਭੜਕਾਊ ਗੀਤ ਬਨਾਮ ਈਦ ਪਿੱਛੋਂ ਤੰਬਾ ਫੂਕਣ ਚੱਲੀ ਪੰਜਾਬ ਪੁਲਸ

02/20/2018 10:54:20 AM

ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ ਸਿੰਘ ਡੂਮੇਵਾਲ)-ਪੰਜਾਬ ਦਾ ਅਮੀਰ ਸੱਭਿਆਚਾਰ ਕਦੇ ਸੂਬੇ ਦੀ ਜਵਾਨੀ ਨੂੰ ਸੂਰਬੀਰ, ਸਿਹਤਮੰਦ, ਨਿਆਪ੍ਰਸਤ ਤੇ ਗੈਰਤਮੰਦ ਬਣਾਉਣ 'ਚ ਅਹਿਮ ਭੂਮਿਕਾ ਅਦਾ ਕਰਦਾ ਹੁੰਦਾ ਸੀ। ਸਮਾਜ ਦੀ ਸਿਰਜਣਾ 'ਚ ਗੀਤ ਬੇਜੋੜ ਤੇ ਅਤੁੱਟ ਸਾਂਝਾਂ ਸਿਰਜਦੇ ਸਨ। ਲੋਕ ਤੱਥਾਂ ਨੂੰ ਲੋਕ ਸਿਰ ਝੁਕਾ ਕੇ ਸਲਾਮਾਂ ਕਰਦੇ ਸਨ ਤੇ ਇਨ੍ਹਾਂ ਨੂੰ ਜ਼ਿੰਦਗੀ ਦਾ ਆਦਰਸ਼ ਮੰਨਦੇ ਸਨ ਪਰ ਅੱਜ ਇਸ ਸੱਚ ਦੇ ਅਰਥ ਉਲਟ ਹੋ ਗਏ ਹਨ। ਨਵੇਂ ਗੀਤ ਸੂਬੇ ਦੀ ਜਵਾਨੀ ਨੂੰ ਨਸ਼ੇੜੀ ਤੇ ਬਦਮਾਸ਼ ਬਣਾਉਣ 'ਚ ਬਦਤਰੀਨ ਭੂਮਿਕਾ ਨਿਭਾਅ ਰਹੇ ਹਨ। ਵਿਦਵਾਨ ਲੋਕਾਂ ਦਾ ਤਰਕ ਹੈ ਕਿ ਪੰਜਾਬ ਅੰਦਰ ਗੈਂਗਸਟਰਾਂ ਦਾ ਵਧਦਾ ਦੌਰ ਤੇ ਮਾਰਧਾੜ ਇਸੇ ਵਿਗੜੇ ਸੱਭਿਆਚਾਰ ਦੀ ਦੇਣ ਹਨ। ਅੱਜ ਜਦੋਂ ਅਪਰਾਧ ਤਮਾਮ ਹੱਦਾਂ ਤੋੜ ਗਏ ਹਨ ਤਾਂ ਪੁਲਸ ਨੂੰ ਅਜਿਹੀ ਗਾਇਕੀ ਨੂੰ ਰੰਗਤ ਦੇਣ ਵਾਲੇ ਅਖੌਤੀ ਗਾਇਕਾਂ ਖਿਲਾਫ ਸਖਤੀ ਕਰਨ ਦਾ ਖਿਆਲ ਵੀ ਆ ਗਿਆ ਹੈ। ਜ਼ਿਲਾ ਪੱਧਰ 'ਤੇ ਪੁਲਸ ਮੁਖੀ ਗਾਇਕਾਂ ਨਾਲ ਮੀਟਿੰਗਾਂ ਕਰਕੇ ਅਜਿਹੀ ਗਾਇਕੀ ਤੋਂ ਤੌਬਾ ਕਰਨ ਲਈ ਕਹਿ ਰਹੇ ਹਨ ਪਰ ਦੇਰ ਨਾਲ ਪੁੱਟਿਆ ਇਹ ਦਰੁਸਤ ਕਦਮ ਈਦ ਲੰਘੀ ਤੋਂ ਤੰਬਾ ਫੂਕਣ ਵਾਲੀ ਗੱਲ ਹੈ ਜਦਕਿ ਇਹ ਕਦਮ ਅੱਜ ਤੋਂ ਕਰੀਬ ਡੇਢ ਦਹਾਕਾ ਪਹਿਲਾਂ ਪੁੱਟ ਲੈਣਾ ਚਾਹੀਦਾ ਸੀ।

ਕੀ ਸੁਮੇਲ ਹੈ ਗੈਂਗਸਟਰਾਂ ਤੇ ਗਾਇਕੀ ਦਾ?
ਭਾਵੇਂਕਿ ਬਹੁਤੇ ਗਾਇਕਾਂ ਨੇ ਕੁੜੀਆਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਨੂੰ ਧੋਖੇਬਾਜ਼, ਬੇਵਫਾ ਤੇ ਮੱਕਾਰ ਸਾਬਤ ਕਰਨ ਦੀ ਮੁਹਿੰਮ ਬੀਤੇ ਲੰਮੇ ਅਰਸੇ ਤੋਂ ਵਿੱਢੀ ਹੋਈ ਹੈ ਪਰ ਵਰਤਮਾਨ ਗਾਇਕੀ 'ਚ ਖੁਦ ਨੂੰ ਵੈਲੀ, ਲਫੰਡਰ ਤੇ ਗੈਂਗ ਦਾ ਸਰਤਾਜ ਹੋਣ ਦੀ ਧੌਂਸ ਭਰਪੂਰ ਗਾਇਕੀ ਅਤੇ ਇਸ਼ਕ-ਮੁਸ਼ਕ ਦੇ ਮਾਮਲਿਆਂ 'ਚ ਕਿਸੇ ਨੂੰ ਕਤਲ ਕਰਨ, ਪੁਲਸ ਤੇ ਲੀਡਰਾਂ ਨਾਲ ਸਾਂਝ ਹੋਣ ਅਤੇ ਪਲਾਂ ਛਿਣਾਂ 'ਚ ਬੰਦੇ ਨੂੰ ਮੱਛਰ ਵਾਂਗ ਮਾਰ ਦੇਣ ਵਾਲੇ ਗੀਤ ਅੱਜ-ਕੱਲ ਲੋੜ ਤੋਂ ਵੱਧ ਅਸੱਭਿਅਕ ਪ੍ਰਦੂਸ਼ਣ ਫੈਲਾਅ ਰਹੇ ਹਨ। ਅਸਲੇ ਦੀ ਵਰਤੋਂ, ਕੁੜੀਆਂ ਨੂੰ ਦਿਨ-ਦਿਹਾੜੇ ਚੁੱਕ ਕੇ ਲੈ ਜਾਣ ਦੀਆਂ ਧਮਕੀਆਂ ਅੱਜ-ਕੱਲ ਦੀ ਬੇਸੁਰੀ ਗਾਇਕੀ ਦਾ ਮੁੱਖ ਵਿਸ਼ਾ ਬਣ ਚੁੱਕੀਆਂ ਹਨ। ਇਸ ਤੋਂ ਪ੍ਰਭਾਵਿਤ ਹੋ ਕੇ ਚੜ੍ਹਦੀ ਉਮਰ ਦੀ ਜਵਾਨੀ ਗੁੰਡਾਗਰਦੀ ਵੱਲ ਆਕਰਸ਼ਿਤ ਹੋ ਰਹੀ ਹੈ। ਬਦਮਾਸ਼ ਸੱਭਿਆਚਾਰ ਪ੍ਰਫੁੱਲਤ ਹੋਣ ਨਾਲ ਨਵੇਂ ਬਣੇ ਗਾਇਕਾਂ ਨੇ ਰਾਤੋ-ਰਾਤ ਸਟਾਰ ਬਣਨ ਦੀ ਹੋੜ 'ਚ ਅਜਿਹੀ ਤਰਜ਼ ਦੇ ਗੀਤ ਰਿਕਾਰਡ ਕਰਾਉਣ 'ਚ ਰੁਝਾਨ ਵਧਾ ਲਿਆ ਹੈ, ਜਿਸ ਤਹਿਤ ਇਖਲਾਕ ਤੋਂ ਡਿੱਗੀ ਗਾਇਕੀ ਜਵਾਨੀ ਨੂੰ ਪੁੱਠੀ ਲੱਤ ਲਾ ਰਹੀ ਹੈ। ਇਹੋ ਹਾਲ ਪੰਜਾਬੀ ਫਿਲਮਾਂ ਦਾ ਹੈ। ਚੋਟੀ ਦਾ ਗੈਂਗਸਟਰ ਫਿਲਮ 'ਚ ਜਦੋਂ ਹੀਰੋ ਬਣ ਕੇ ਸਰੋਤਿਆਂ ਦੇ ਰੂਬਰੂ ਹੁੰਦਾ ਹੈ ਤਾਂ ਹਰ ਨਵੀਂ ਉਮਰ ਦਾ ਗਭਰੇਟ ਖੁਦ ਨੂੰ ਗੈਂਗਸਟਰ ਬਣਨਾ ਲੋੜਦਾ ਹੈ। ਇਸ ਵਿਚ ਸਿਨੇਮੇ ਨਾਲੋਂ ਜ਼ਿਆਦਾ ਭੂਮਿਕਾ ਸੋਸ਼ਲ ਮੀਡੀਆ ਨਿਭਾਅ ਰਿਹਾ ਹੈ । 90 ਫੀਸਦੀ ਜੁਰਮ ਤੇ ਵਾਰਦਾਤਾਂ ਦਾ ਜ਼ਰੀਆ ਵਟਸਐਪ, ਯੂ-ਟਿਊਬ ਤੇ ਫੇਸਬੁੱਕ ਬਣ ਰਹੇ ਹਨ।  ਅਜਿਹੀ ਸਥਿਤੀ 'ਚ ਜਿੱਥੇ ਪੰਜਾਬ ਦਾ ਬੁੱਧੀਜੀਵੀ ਵਰਗ ਚਿੰਤਤ ਤੇ ਖਾਮੋਸ਼ ਬੈਠਾ ਹੈ, ਉਥੇ ਕੰਨੜ ਵਿਦਵਾਨ ਪ੍ਰੋ. ਪੰਡਿਤ ਰਾਓ ਧਰੇਨਵਰ ਲੱਚਰ ਤੇ ਬਦਮਾਸ਼ੀ ਗਾਇਕੀ ਖਿਲਾਫ ਪਿੰਡ-ਪਿੰਡ ਜਾ ਕੇ ਹੋਕਾ ਦੇ ਰਿਹਾ ਹੈ। 

ਖਾਕੀ 'ਚ ਛੁਪੇ ਗੈਂਗਸਟਰਾਂ ਹੱਥੋਂ ਹੋਇਆ ਸੀ ਦਿਲਸ਼ਾਦ ਦਾ ਕਤਲ
ਇਸ ਪੱਖ ਤੋਂ ਭਾਵੇਂ ਸਮੁੱਚੇ ਗਾਇਕਾਂ ਨੂੰ ਇਕੋ ਨਜ਼ਰੀਏ ਨਾਲ ਨਹੀਂ ਵੇਖਿਆ ਜਾ ਸਕਦਾ ਪਰ ਬਦਮਾਸ਼ੀ ਭਰਪੂਰ ਗਾਇਕੀ ਰੋਕਣ ਜਾ ਰਹੀ ਪੁਲਸ ਦਾ ਕਿਰਦਾਰ ਵੀ ਗੈਂਗਸਟਰਾਂ ਦੇ ਮੁਕਾਬਲੇ ਪੱਧਰਾ ਨਹੀਂ। ਸਮੇਂ-ਸਮੇਂ ਅਪਰਾਧਿਕ ਅਨਸਰਾਂ ਨਾਲ਼ ਪੁਲਸ ਦੀ ਮਿਲੀਭੁਗਤ ਦੇ ਦੋਸ਼ਾਂ ਨਾਲ ਇਤਿਹਾਸ ਦਾ ਕਾਲਾ ਪੰਨਾ 28 ਜਨਵਰੀ 1997 ਨੂੰ ਪੰਜਾਬ ਦੀ ਧਰਤੀ 'ਤੇ ਉਦੋਂ ਲਿਖਿਆ ਗਿਆ ਜਦੋਂ ਖਾਕੀ ਹੇਠ ਛੁਪੇ ਗੈਂਗਸਟਰ ਕਿਰਦਾਰਾਂ ਨੇ ਤਤਕਾਲੀ ਸਿਰਮੌਰ ਗਾਇਕ ਦਿਲਸ਼ਾਦ ਅਖਤਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਹ ਦੁਖਾਂਤ ਜ਼ਿਲਾ ਅੰਮ੍ਰਿਤਸਰ ਦੇ ਪਿੰਡ ਖਾਲਸ ਮਝੈਲਾਂ 'ਚ ਇਕ ਵਿਆਹ ਦੇ ਅਖਾੜੇ ਦੌਰਾਨ ਉਦੋਂ ਵਾਪਰਿਆ ਜਦੋਂ ਸਮਾਂ ਮੁੱਕਣ ਦੇ ਬਾਵਜੂਦ ਪਿਸਤੌਲ ਦੀ ਨੋਕ 'ਤੇ ਖਾਕੀ ਹੇਠ ਛੁਪਿਆ ਗੈਂਗਸਟਰ ਕਿਰਦਾਰ ਉਸ ਨੂੰ ਮੁੜ-ਮੁੜ ਗਾਉਣ ਲਈ ਮਜਬੂਰ ਕਰਦਾ ਰਿਹਾ। ਪ੍ਰੋਗਰਾਮ ਬੰਦ ਹੋਣ 'ਤੇ ਉਸ ਨੇ ਆਪਣੇ ਗੰਨਮੈਨ ਦੀ ਅਸਾਲਟ ਫੜ ਕੇ ਪੂਰੇ ਦਾ ਪੂਰਾ ਬਰੱਸਟ ਦਿਲਸ਼ਾਦ ਦੀ ਛਾਤੀ ਤੋਂ ਪਾਰ ਕਰ ਦਿੱਤਾ। ਇਹੋ ਕਿਰਦਾਰ ਸੀ ਜੋ ਕਾਲੇ ਦੌਰ ਦੌਰਾਨ ਅਜਿਹੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਕੇ ਖਾਕੀ ਨੂੰ ਦਾਗੀ ਕਰ ਚੁੱਕਿਆ ਸੀ।

ਅੱਜ ਵੀ ਗੂੰਜ ਰਹੀਆਂ ਹਨ ਮੋਏ ਸਰੀਰਾਂ ਦੀਆਂ ਬੁਲੰਦ ਆਵਾਜ਼ਾਂ
ਮੌਜੂਦਾ ਦੌਰ 'ਚ ਅਤਿ ਦਰਜੇ ਦੀ ਘਟੀਆ ਤੇ ਗੈਰ-ਮਿਆਰੀ ਗਾਇਕੀ ਨੇ ਅਨੇਕਾਂ ਗਾਇਕਾਂ ਦੇ ਸਿਰਨਾਵੇਂ ਖਤਮ ਕਰ ਦਿੱਤੇ ਹਨ। ਅੱਜ ਸਵੇਰੇ ਰਿਲੀਜ਼ ਹੋਣ ਵਾਲੇ ਗੀਤ ਦੀ ਹੋਂਦ ਲੱਖਾਂ ਰੁਪਏ ਰੋੜ੍ਹਨ ਦੇ ਬਾਵਜੂਦ ਸ਼ਾਮ ਤੱਕ ਖਤਮ ਹੋ ਜਾਂਦੀ ਹੈ। ਆਸ਼ਕੀ ਮਸ਼ੂਕੀ ਤੇ ਬਦਮਾਸ਼ੀ ਦੇ ਦੁਆਲੇ ਘੁੰਮਦੀ ਅਜਿਹੀ ਗਾਇਕੀ ਨੂੰ ਵਿਗੜੀ ਮੁੰਡੀਰ ਤੋਂ ਬਿਨਾਂ ਹੋਰ ਕੋਈ ਸੁਣਨਾ ਪਸੰਦ ਨਹੀਂ ਕਰਦਾ ਪਰ ਇਸ ਦੇ ਬਾਵਜੂਦ ਸਮਾਜ ਨੂੰ ਸੇਧ ਦੇਣ ਵਾਲੀਆਂ ਕੁੱਝ ਆਵਾਜ਼ਾਂ, ਜੋ ਲੰਮਾ ਅਰਸਾ ਪਹਿਲਾਂ ਭਾਵੇਂ ਸਾਨੂੰ ਜਿਸਮਾਨੀ ਰੂਪ 'ਚ ਵਿਛੋੜਾ ਦੇ ਚੁੱਕੀਆਂ ਹਨ ਪਰ ਉਹ ਪੰਜਾਬ ਦੀ ਫਿਜ਼ਾ 'ਚ ਅੱਜ ਵੀ ਗੂੰਜ ਰਹੀਆਂ ਹਨ। 
ਉਸਤਾਦ ਗਾਇਕ ਲਾਲ ਚੰਦ ਯਮਲਾ ਜੱਟ ਨੇ ਜੋ ਤਲਖ ਹਕੀਕਤਾਂ ਕਈ ਦਹਾਕੇ ਪਹਿਲਾਂ ਗਾਈਆਂ ਸਨ, ਉਹ ਅੱਜ ਵੀ ਆਲਮ ਲੋਕਾਂ ਦੀ ਪਹਿਲੀ ਪਸੰਦ ਹਨ। ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਆਵਾਜ਼ ਅੱਜ ਵੀ ਲੋਕ ਗਾਥਾਵਾਂ ਤੇ ਲੋਕ ਤੱਥਾਂ ਦਾ ਸੁਨੇਹਾ ਦੇ ਰਹੀ ਹੈ। ਨਰਿੰਦਰ ਬੀਬਾ ਦੀ ਸੰਸਾਰ ਪ੍ਰਸਿੱਧ ਲੰਮੀ ਹੇਕ ਨੂੰ ਲੋਕ ਅੱਜ ਵੀ ਪਸੰਦ ਕਰਦੇ ਹਨ। ਇਸੇ ਤਰ੍ਹਾਂ ਹੀ ਪੰਜਾਬ ਦੀ ਕੋਇਲ ਸੁਰਿੰਦਰ ਕੌਰ, ਗਾਇਕਾ ਜਗਮੋਹਣ ਕੌਰ, ਨਛੱਤਰ ਛੱਤਾ ਤੇ ਗੁਰਪਾਲ ਸਿੰਘ ਪਾਲ ਆਦਿ ਦੀ ਗਾਇਕੀ ਦਾ ਜਾਦੂ ਅੱਜ ਵੀ ਸਿਰ ਚੜ੍ਹ ਬੋਲਦਾ ਹੈ। ਸਮਾਜ ਨੂੰ ਸੇਧ ਦੇਣ ਵਾਲੀ ਇਸ ਗਾਇਕੀ ਦਾ ਅੱਜ ਵੀ ਵਿਲੱਖਣ ਮੁਕਾਮ ਹੈ।

Related News