ਪੰਜਾਬ ਪੁਲਸ ਦੇ ਗ੍ਰਿਫ਼ਤਾਰ ਕਾਂਸਟੇਬਲ ਕਰਨਬੀਰ ਸਿੰਘ ਨੂੰ ਲੈ ਕੇ ਸਨਸਨੀਖੇਜ਼ ਖ਼ੁਲਾਸਾ

Monday, Oct 19, 2026 - 04:53 PM (IST)

ਪੰਜਾਬ ਪੁਲਸ ਦੇ ਗ੍ਰਿਫ਼ਤਾਰ ਕਾਂਸਟੇਬਲ ਕਰਨਬੀਰ ਸਿੰਘ ਨੂੰ ਲੈ ਕੇ ਸਨਸਨੀਖੇਜ਼ ਖ਼ੁਲਾਸਾ

ਅੰਮ੍ਰਿਤਸਰ (ਨੀਰਜ) : ਪਾਕਿਸਤਾਨ ਨਾਲ ਲੱਗਦੇ 553 ਕਿਲੋਮੀਟਰ ਲੰਬੇ ਬਾਰਡਰ ’ਤੇ ਮੁੱਖ ਰੂਪ ਵਿਚ ਫਿਰੋਜ਼ਪੁਰ, ਫਾਜ਼ਿਲਕਾ, ਤਰਨਤਾਰਨ, ਅੰਮ੍ਰਿਤਸਰ ਤੇ ਗੁਰਦਾਸਪੁਰ ਵਰਗੇ ਸਰਹੱਦੀ ਜ਼ਿਲ੍ਹਿਆਂ ਵਿਚ ਡਰੋਨ ਦੀ ਮੂਵਮੈਂਟ ਰੋਕਣ ਅਤੇ ਡਰੋਨ ਨੂੰ ਫੜਨ ਲਈ ਪੰਜਾਬ ਸਰਕਾਰ ਵਲੋਂ ਤਾਇਨਾਤ ਕੀਤੀ ਗਈ ‘ਬਾਜ਼ ਅੱਖ’ (ਐਂਟੀ ਡਰੋਨ ਸਿਸਟਮ) ਹੀ ਡੋਪ ਟੈਸਟ ਵਿਚ ਹੈਰੋਇਨ ਪਾਜ਼ੇਟਿਵ ਨਿਕਲੀ ਹੈ। ਜਾਣਕਾਰੀ ਅਨੁਸਾਰ 15 ਕਿਲੋ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਨਾਲ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਪੰਜਾਬ ਪੁਲਸ ਦਾ ਕਾਂਸਟੇਬਲ ਕਰਨਬੀਰ ਸਿੰਘ ਹੈਰੋਇਨ ਪੀਣ ਦਾ ਆਦੀ ਹੈ, ਜਿਸ ਦਾ ਖੁਲਾਸਾ ਐੱਨ.ਸੀ.ਬੀ. ਵਲੋਂ ਸ਼ੁਰੂ ਕੀਤੀ ਗਈ ਜਾਂਚ ਦੌਰਾਨ ਕਰਨਬੀਰ ਦੇ ਡੋਪ ਟੈਸਟ ਤੋਂ ਹੋਇਆ ਹੈ। ਐੱਨ.ਸੀ.ਬੀ. ਨੇ ਜਾਂਚ ਸ਼ੁਰੂ ਕਰਨ ਤੋਂ ਪਹਿਲਾਂ ਉਕਤ ਮੁਲਾਜ਼ਮ ਦਾ ਡੋਪ ਟੈਸਟ ਕਰਵਾਇਆ, ਜਿਸ ਵਿਚ ਉਹ ਹੈਰੋਇਨ ਪਾਜ਼ੇਟਿਵ ਮਿਲਿਆ। ਕਾਫ਼ੀ ਲੰਬੇ ਸਮੇਂ ਤੋਂ ਕਰਨਬੀਰ ਹੈਰੋਇਨ ਪੀ ਰਿਹਾ ਸੀ ਅਤੇ ਇਸ ਦੀ ਪੂਰਤੀ ਕਰਨ ਲਈ ਉਸ ਨੇ ਐਂਟੀ ਡਰੋਨ ਸਿਸਟਮ ਵਿੰਗ ਵਿਚ ਆਪਣਾ ਤਬਾਦਲਾ ਕਰਵਾ ਲਿਆ ਅਤੇ ਖ਼ਾਕੀ ਦੀ ਆੜ ਵਿਚ ਹੈਰੋਇਨ ਦੀ ਇਕ ਵੱਡੀ ਖੇਪ ਨੂੰ ਟਿਕਾਣੇ ਲਾਉਣ ਲਈ ਨਿਕਲ ਪਿਆ ਪਰ ਬੀ.ਐੱਸ.ਐੱਫ. ਦੇ ਸ੍ਰੋਤਾਂ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਬੀ.ਐੱਸ.ਐੱਫ. ਦੇ ਟਰੈਪ ਵਿਚ ਕਰਨਬੀਰ ਫਸ ਗਿਆ। ਫਿਲਹਾਲ ਐੱਨ.ਸੀ.ਬੀ. ਦੀ ਟੀਮ ਕਰਨਬੀਰ ਦੇ ਪੂਰੇ ਨੈੱਟਵਰਕ ਨੂੰ ਟ੍ਰੇਸ ਕਰਨ ਲਈ ਦਿਨ-ਰਾਤ ਕੰਮ ਕਰ ਰਹੀ ਹੈ ਅਤੇ ਵਿਭਾਗ ਨੂੰ ਇਸ ਵਿਚ ਕਾਫ਼ੀ ਸਫ਼ਲਤਾ ਵੀ ਮਿਲ ਰਹੀ ਹੈ।

ਇਹ ਵੀ ਪੜ੍ਹੋ : ਅਧਿਆਪਕਾਂ ਵੱਲੋਂ 21 ਅਕਤੂਬਰ ਨੂੰ ਪੰਜਾਬ 'ਚ ਛੁੱਟੀ ਕਰਨ ਦਾ ਐਲਾਨ, ਜਾਣੋ ਕਿਉਂ ਲਿਆ ਗਿਆ ਫ਼ੈਸਲਾ

ਕਈ ਥਾਵਾਂ ’ਤੇ ਕੀਤੀ ਰੇਡ

ਐੱਨ.ਸੀ.ਬੀ. ਦੀ ਟੀਮ ਬੀ.ਐੱਸ.ਐੱਫ. ਦੀ ਟੀਮ ਨਾਲ ਕਰਨਬੀਰ ਦੇ ਕਈ ਟਿਕਾਣਿਆਂ ’ਤੇ ਲਗਾਤਾਰ ਰੇਡ ਕਰ ਰਹੀ ਹੈ। ਕਰਨਬੀਰ ਦੇ ਪਿੰਡ ਵਿਚ ਵੀ ਸਰਚ ਆਪ੍ਰੇਸ਼ਨ ਜੁਆਇੰਟ ਟੀਮ ਵਲੋਂ ਕੀਤਾ ਗਿਆ ਹੈ ਪਰ ਅਜੇ ਤਕ ਕੋਈ ਨਵੀਂ ਖੇਪ ਵਿਭਾਗ ਨੂੰ ਨਹੀਂ ਮਿਲੀ ਹੈ। ਜਾਂਚ ਟੀਮ ਇਹ ਵੀ ਪਤਾ ਲਾਉਣ ਦਾ ਯਤਨ ਕਰ ਰਹੀ ਹੈ ਕਿ ਕਰਨਬੀਰ ਨਾਲ ਕੀ ਕੋਈ ਹੋਰ ਪੁਲਸ ਅਧਿਕਾਰੀ ਜਾਂ ਮੁਲਾਜ਼ਮ ਸ਼ਾਮਲ ਹੈ ਜਾਂ ਨਹੀਂ। ਇੰਨਾ ਤੈਅ ਹੈ ਕਿ ਇਕੱਲਾ ਕਰਨਬੀਰ ਹੀ ਇਹ ਕੰਮ ਨਹੀਂ ਕਰ ਸਕਦਾ। ਕਰਨਬੀਰ ਹੈਰੋਇਨ ਦੀ ਖੇਪ ਨੂੰ ਕਿੱਥੇ ਡਿਲਿਵਰ ਕਰਨ ਜਾ ਰਿਹਾ ਸੀ, ਇਸ ਦਾ ਵੀ ਪਤਾ ਲਾਉਣ ਦਾ ਯਤਨ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਅਮਿਤ ਸ਼ਾਹ ਦੇ ਮਾਨਸਾ ਦੌਰੇ ਨੂੰ ਲੈ ਕੇ ਵਿਵਾਦ, ਪਰਵਿੰਦਰ ਦੇ ਪਿਤਾ ਨੇ ਦਿੱਤਾ ਵੱਡਾ ਬਿਆਨ

ਸ਼ੁਰੂਆਤ ’ਚ ਹੈਰੋਇਨ ਐਡਿਕਸ਼ਨ, ਬਾਅਦ ’ਚ ਸਮੱਗਲਿੰਗ

ਹੈਰੋਇਨ ਅਤੇ ਹਥਿਆਰਾਂ ਦੀ ਸਮੱਗਲਿੰਗ ਦੇ ਮਾਮਲੇ ਵਿਚ ਆਮ ਤੌਰ ’ਤੇ ਦੇਖਿਆ ਗਿਆ ਹੈ ਕਿ ਸ਼ੁਰੂਆਤ ਵਿਚ ਹੈਰੋਇਨ ਸਮੱਗਲਰ ਕਿਸੇ ਵਿਅਕਤੀ ਨੂੰ ਆਪਣੇ ਜਾਲ ਵਿਚ ਫਸਾਉਣ ਲਈ ਪਹਿਲਾਂ ਹੈਰੋਇਨ ਐਡਿਕਟ ਬਣਾਉਂਦੇ ਹਨ ਅਤੇ ਹੌਲੀ-ਹੌਲੀ ਐਡਿਕਸ਼ਨ ਜਦੋਂ ਵਧ ਜਾਂਦੀ ਹੈ ਤਾਂ ਉਸ ਤੋਂ ਹੈਰੋਇਨ ਅਤੇ ਹਥਿਆਰਾਂ ਦੀ ਸਮੱਗਲਿੰਗ ਕਰਵਾਉਣਾ ਸ਼ੁਰੂ ਕਰ ਦਿੰਦੇ ਹਨ। ਕਾਫ਼ੀ ਕੇਸਾਂ ਵਿਚ ਸੁਰੱਖਿਆ ਏਜੰਸੀਆਂ ਵਲੋਂ ਗ੍ਰਿਫ਼ਤਾਰ ਕੀਤੇ ਗਏ ਸਮੱਗਲਰ ਹੈਰੋਇਨ ਜਾਂ ਹੋਰ ਨਸ਼ੀਲੇ ਪਦਾਰਥਾਂ ਦੇ ਐਡਿਕਟ ਹੁੰਦੇ ਹਨ, ਜੋ ਨਸ਼ਾ ਕਰਨ ਲਈ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ।

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦਾ ਵੱਡਾ ਕਦਮ, ਲਿਆ ਗਿਆ ਇਹ ਅਹਿਮ ਫ਼ੈਸਲਾ

ਕਈ ਵਾਰ ਹੈਰੋਇਨ ਦੀ ਖੇਪ ਨਾਲ ਫੜੇ ਜਾ ਚੁੱਕੇ ਹਨ ਸੁਰੱਖਿਆ ਏਜੰਸੀਆਂ ਦੇ ਅਧਿਕਾਰੀ

ਪੰਜਾਬ ਪੁਲਸ ਦਾ ਕਾਂਸਟੇਬਲ ਹੈਰੋਇਨ ਦੀ ਖੇਪ ਨਾਲ ਗ੍ਰਿਫ਼ਤਾਰ ਹੋਣ ਤੋਂ ਬਾਅਦ ਜਿੱਥੇ ਪੂਰੇ ਬਾਰਡਰ ਰੇਂਜ ਵਿਚ ਸੁਰੱਖਿਆ ਏਜੰਸੀਆਂ ਅਲਰਟ ਹੋ ਚੁੱਕੀਆਂ ਹਨ, ਉਥੇ ਹੀ ਇਹ ਵੀ ਸੱਚ ਹੈ ਕਿ ਸਿਰਫ਼ ਸਟੇਟ ਏਜੰਸੀਆਂ ਹੀ ਨਹੀਂ ਬਲਕਿ ਕੇਂਦਰੀ ਏਜੰਸੀਆਂ ਦੇ ਅਧਿਕਾਰੀ ਵੀ ਕਈ ਵਾਰ ਸਮੱਗਲਰਾਂ ਨਾਲ ਮਿਲੀਭੁਗਤ ਵਿਚ ਗ੍ਰਿਫ਼ਤਾਰ ਹੋ ਚੁੱਕੇ ਹਨ। ਡੀ.ਆਰ.ਆਈ. ਦਾ ਇੰਸਪੈਕਟਰ ਮਨਜੀਤ ਸਿੰਘ ਅਤੇ ਉਸ ਦਾ ਸਾਥੀ ਕਸਟਮ ਵਿਭਾਗ ਦਾ ਇੰਸਪੈਕਟਰ ਹੈਰੋਇਨ ਤਸਕਰੀ ਦੇ ਕੇਸ ਵਿਚ ਫੜੇ ਜਾ ਚੁੱਕੇ ਹਨ। ਪੰਜਾਬ ਪੁਲਸ ਦਾ ਐੱਸ.ਐੱਚ.ਓ. ਸੀਸ਼ਪਾਲ ਸਿੰਘ ਅਤੇ ਥਾਣਾ ਛੇਹਰਟਾ ਦਾ ਐੱਸ.ਐੱਚ.ਓ. ਹੈਰੋਇਨ ਸਮੱਗਲਰਾਂ ਨਾਲ ਮਿਲੀਭੁਗਤ ਦੇ ਕੇਸ ਵਿਚ ਗ੍ਰਿਫ਼ਤਾਰ ਹੋ ਚੁੱਕੇ ਹਨ। ਸੀਸ਼ਪਾਲ ਨੇ ਤਾਂ ਪਾਕਿਸਤਾਨ ਤੋਂ ਆਈ ਖੇਪ ਨੂੰ ਹੀ ਖ਼ੁਰਦ-ਬੁਰਦ ਕਰ ਦਿੱਤਾ ਸੀ। ਪਿਛਲੇ ਸਾਲਾਂ ਦੌਰਾਨ ਬੀ.ਐੱਸ.ਐੱਫ. ਦੇ ਕੁਝ ਮੁਲਾਜ਼ਮ ਵੀ ਫੜੇ ਜਾ ਚੁੱਕੇ ਹਨ। ਕੁਝ ਮਹੀਨੇ ਪਹਿਲਾਂ ਹੀ ਐੱਨ.ਸੀ.ਬੀ. ਨੇ ਵੀ ਹੈਰੋਇਨ ਸਮੱਗਲਰਾਂ ਨਾਲ ਮਿਲੀਭੁਗਤ ਕਰਨ ਵਾਲੇ ਇਕ ਮੁਲਾਜ਼ਮ ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਸੀ। ਸੀ.ਆਈ.ਡੀ. ਵਿਭਾਗ ਦਾ ਇਕ ਅਧਿਕਾਰੀ ਵੀ ਸਮੱਗਲਰਾਂ ਨਾਲ ਸੌਦੇਬਾਜ਼ੀ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਹੋ ਚੁੱਕਾ ਹੈ, ਜੋ ਇਸ ਸਮੇਂ ਜ਼ਮਾਨਤ ’ਤੇ ਹੈ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ, ਇਨ੍ਹਾਂ ਤਾਰੀਖਾਂ ਨੂੰ ਪੰਜਾਬ ਆਵੇਗਾ ਚੋਣ ਕਮਿਸ਼ਨ

ਅੰਮ੍ਰਿਤਸਰ ਬਾਰਡਰ ਦੀ ‘ਬਾਜ਼ ਅੱਖ’ ’ਤੇ ਵੀ ਤਿੱਖੀ ਨਜ਼ਰ

ਤਰਨਤਾਰਨ ਜ਼ਿਲੇ ਵਿਚ ‘ਬਾਜ਼ ਅੱਖ’ ਦੇ ਮੁਲਾਜ਼ਮ ਦੀ ਹੈਰੋਇਨ ਨਾਲ ਗ੍ਰਿਫ਼ਤਾਰੀ ਤੋਂ ਬਾਅਦ ਅੰਮ੍ਰਿਤਸਰ ਬਾਰਡਰ ’ਤੇ ਤਾਇਨਾਤ ‘ਬਾਜ਼ ਅੱਖ’ ’ਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਅੰਮ੍ਰਿਤਸਰ ਦਾ ਲਗਭਗ 153 ਕਿਲੋਮੀਟਰ ਲੰਬਾ ਬਾਰਡਰ ਪਾਕਿਸਤਾਨ ਨਾਲ ਲੱਗਦਾ ਹੈ ਅਤੇ ਇੱਥੇ ਵੀ ਕੇਂਦਰ ਤੇ ਸੂਬਾ ਸਰਕਾਰ ਵਲੋਂ ਐਂਟੀ ਡਰੋਨ ਸਿਸਟਮ ਲਾਏ ਗਏ ਹਨ। ਇਨ੍ਹਾਂ ਵਿਚ ਤਾਇਨਾਤ ਮੁਲਾਜ਼ਮਾਂ ’ਤੇ ਵੀ ਖ਼ੁਫ਼ੀਆ ਏਜੰਸੀਆਂ ਤਿੱਖੀ ਨਜ਼ਰ ਰੱਖ ਰਹੀਆਂ ਹਨ। ਇਹ ਵੀ ਦੇਖਿਆ ਜਾ ਰਿਹਾ ਹੈ ਕਿ ਕਿਤੇ ਕੋਈ ਮੁਲਾਜ਼ਮ ਲੰਬੇ ਸਮੇਂ ਤੋਂ ਤਾਂ ਇਸ ਵਿਚ ਤਾਇਨਾਤ ਨਹੀਂ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News