ਮਜੀਠਾ ਤੇ ਆਸ-ਪਾਸ ਦੇ ਇਲਾਕਿਆਂ ''ਚ ਪੰਜਾਬ ਬੰਦ ਦਾ ਅਸਰ, ਬਾਜ਼ਾਰ ਉਜਾੜ ਤੇ ਸੜਕਾਂ ਸੁੰਨਸਾਨ
Thursday, Oct 15, 2026 - 03:17 PM (IST)
ਮਜੀਠਾ (ਸਰਬਜੀਤ ਵਡਾਲਾ) : ਮਾਨਸਾ ਵਿਖੇ ਨਸ਼ਿਆਂ ਖਿਲਾਫ਼ ਸੰਘਰਸ਼ ਚਲਾ ਰਹੇ ਨੌਜਵਾਨ ਆਗੂ ਪਰਵਿੰਦਰ ਸਿੰਘ ਝੋਟਾ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੋਈ ਹੱਤਿਆ ਖਿਲਾਫ਼ ਉੱਠੀ ਰੋਸ ਲਹਿਰ ਨੇ ਅੱਜ ਪੰਜਾਬ ਭਰ ਵਿਚ ਬੰਦ ਦਾ ਰੂਪ ਧਾਰ ਲਿਆ। ਇਸ ਸੱਦੇ ਦਾ ਪ੍ਰਭਾਵ ਮਜੀਠਾ ਕਸਬੇ ਤੇ ਇਸਦੇ ਆਸ-ਪਾਸ ਦੇ ਇਲਾਕਿਆਂ ਵਿਚ ਵੀ ਸਪੱਸ਼ਟ ਤੌਰ ’ਤੇ ਦੇਖਣ ਨੂੰ ਮਿਲਿਆ। ਲੋਕਾਂ ਨੇ ਇਸ ਬੰਦ ਨੂੰ ਪੂਰੀ ਤਰ੍ਹਾਂ ਅਪਣਾ ਕੇ ਆਪਣਾ ਗੁੱਸਾ ਅਤੇ ਹਮਦਰਦੀ ਪ੍ਰਗਟਾਈ। ਬੰਦ ਕਾਰਨ ਮਜੀਠਾ ਦੇ ਬਾਜ਼ਾਰਾਂ ਵਿਚ ਲਗਭਗ ਸਾਰੀਆਂ ਦੁਕਾਨਾਂ ਬੰਦ ਰਹੀਆਂ। ਆਮ ਦਿਨਾਂ ਵਾਲੀ ਰੌਣਕ ਅਤੇ ਭੀੜ-ਭਾੜ ਅੱਜ ਬਿਲਕੁਲ ਗਾਇਬ ਸੀ। ਸੜਕਾਂ ਉੱਤੇ ਵਾਹਨਾਂ ਦੀ ਆਵਾਜਾਈ ਵੀ ਆਮ ਦਿਨਾਂ ਨਾਲੋਂ ਬਹੁਤ ਘੱਟ ਰਹੀ। ਵਪਾਰਕ ਅਦਾਰਿਆਂ ਤੋਂ ਲੈ ਕੇ ਆਮ ਜਨਜੀਵਨ ਤੱਕ ਇਸ ਬੰਦ ਦਾ ਅਸਰ ਸਾਫ਼ ਨਜ਼ਰ ਆਇਆ। ਸਰਕਾਰੀ ਤੇ ਨਿੱਜੀ ਸਕੂਲ ਵੀ ਬੰਦ ਰਹੇ, ਜਿਸ ਕਾਰਨ ਬੱਚਿਆਂ ਤੇ ਮਾਪਿਆਂ ਦੀ ਰੋਜ਼ਾਨਾ ਰੁਟੀਨ ਵੀ ਪ੍ਰਭਾਵਿਤ ਹੋਈ। ਬਾਜ਼ਾਰਾਂ ਵਿਚ ਸੁੰਨਸਾਨ ਛਾਈ ਰਹੀ ਅਤੇ ਰੋਜ਼ਾਨਾ ਦੇ ਕਾਰੋਬਾਰ ਲਗਭਗ ਰੁਕ ਗਏ।
ਇਸ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਪ੍ਰਿਤਪਾਲ ਸਿੰਘ ਬੱਲ ਅਤੇ ਉਨ੍ਹਾਂ ਦੇ ਸਾਥੀ ਵਰਕਰਾਂ ਨੇ ਰੋਸ ਪ੍ਰਗਟਾਉਂਦਿਆਂ ਕਤਲਕਾਂਡ ਦੀ ਨਿਰਪੱਖ ਤੇ ਪਾਰਦਰਸ਼ੀ ਜਾਂਚ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਘਟਨਾ ਪਿੱਛੇ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਣ। ਯਾਦ ਰਹੇ ਕਿ 13 ਅਕਤੂਬਰ ਨੂੰ ਮਾਨਸਾ ਵਿਖੇ ਨਸ਼ਿਆਂ ਤੇ ਨਸ਼ੀਲੀਆਂ ਦਵਾਈਆਂ ਦੀ ਕਥਿਤ ਗ਼ੈਰ-ਕਾਨੂੰਨੀ ਵਿਕਰੀ ਖਿਲਾਫ਼ ਆਵਾਜ਼ ਉਠਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਨੂੰ ਇਕ ਮੈਡੀਕਲ ਸਟੋਰ ਨੇੜੇ ਹੋਏ ਟਕਰਾਅ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਪੂਰੇ ਪੰਜਾਬ ਵਿਚ ਰੋਸ ਤੇ ਗੁੱਸੇ ਦੀ ਲਹਿਰ ਫੈਲ ਗਈ। ਮ੍ਰਿਤਕ ਦੇ ਪਿਤਾ ਭੀਮ ਸਿੰਘ ਅਤੇ ਸੰਘਰਸ਼ ਕਮੇਟੀ ਵੱਲੋਂ 15 ਅਕਤੂਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ, ਜਿਸ ਨੂੰ ਵੱਖ-ਵੱਖ ਕਿਸਾਨ, ਮਜ਼ਦੂਰ, ਸਮਾਜਿਕ ਤੇ ਸਿਆਸੀ ਜਥੇਬੰਦੀਆਂ ਨੇ ਖੁੱਲ੍ਹਾ ਸਮਰਥਨ ਦਿੱਤਾ।
ਪੁਲਸ ਮੁਤਾਬਕ ਇਸ ਕਤਲਕਾਂਡ ਵਿਚ ਮੁੱਖ ਮੁਲਜ਼ਮ ਮੈਡੀਕਲ ਸਟੋਰ ਦੇ ਸੰਚਾਲਕ ਅਸ਼ਵਨੀ ਕੁਮਾਰ ਨੂੰ ਰਾਜਸਥਾਨ ਦੇ ਸਾਲਾਸਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਫਿਰ ਵੀ ਮ੍ਰਿਤਕ ਦਾ ਪਰਿਵਾਰ ਤੇ ਸੰਘਰਸ਼ ਕਮੇਟੀ ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਉਣ ਦੀ ਮੰਗ ਕਰ ਰਹੇ ਹਨ। ਪਰਿਵਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਪੁਲਸ ਦੇ ਡੀ.ਜੀ.ਪੀ. ਗੌਰਵ ਯਾਦਵ ਦੇ ਅਸਤੀਫ਼ਿਆਂ ਸਮੇਤ ਸਬੰਧਤ ਅਧਿਕਾਰੀਆਂ ਨੂੰ ਜਵਾਬਦੇਹ ਠਹਿਰਾਉਣ ਦੀ ਮੰਗ ਵੀ ਉਠਾਈ ਗਈ ਹੈ। ਸੰਘਰਸ਼ ਵਿਚ ਹਿੱਸਾ ਲੈ ਰਹੀਆਂ ਜਥੇਬੰਦੀਆਂ ਦਾ ਕਹਿਣਾ ਹੈ ਕਿ ਕਤਲਕਾਂਡ ਦੇ ਸਾਰੇ ਪਹਿਲੂਆਂ ਦੀ ਡੂੰਘੀ ਜਾਂਚ ਕਰਕੇ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ ਤੇ ਨਸ਼ਿਆਂ ਦੇ ਗ਼ੈਰ-ਕਾਨੂੰਨੀ ਕਾਰੋਬਾਰ ਖਿਲਾਫ਼ ਪ੍ਰਭਾਵਸ਼ਾਲੀ ਤੇ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇ। ਇਸ ਮੌਕੇ ਮਜੀਠਾ ਵਿਚ ਪ੍ਰਿਤਪਾਲ ਸਿੰਘ ਬੱਲ, ਜਗਰੂਪ ਸਿੰਘ ਮਰੜੀ, ਹਰਮੀਤ ਸਿੰਘ ਸ਼ੀਨਾ, ਜਗਦੀਪ ਸਿੰਘ ਭੋਮਾ, ਗੁਰਵਿੰਦਰ ਜੇਠ ਨੰਗਲ, ਧਰਮ ਸਿੰਘ ਗੁਸਲ ਜਿਮੀਦਾਰਾਂ, ਅਵਤਾਰ ਸਿੰਘ ਮਡਲੀ, ਹਰਪ੍ਰੀਤ ਸਿੰਘ ਮਜੀਠਾ, ਰਾਜਵੀਰ ਸਿੰਘ, ਕਰਨਬੀਰ ਸਿੰਘ ਬੱਲ (ਜ਼ਿਲ੍ਹਾ ਮੀਤ ਪ੍ਰਧਾਨ), ਸੰਤੋਖ ਸਿੰਘ ਸੋਢੀ ਮਜੀਠਾ, ਬਲਦੇਵ ਸਿੰਘ ਬਬਲੂ ਹਾਸ਼ਾਪਤੀ ਮਜੀਠਾ, ਕੰਵਲਜੀਤ ਸਿੰਘ ਸੋਹੀ (ਮੀਡੀਆ ਇੰਚਾਰਜ), ਅਰਜਨ ਸਿੰਘ ਬੋਪਾਰਾਏ, ਸੰਦੀਪ ਸਿੰਘ ਅਬਦਾਲ ਸਮੇਤ ਹੋਰ ਕਈ ਆਗੂ ਤੇ ਕਾਰਕੁਨ ਹਾਜ਼ਰ ਸਨ।
